ਪਟਿਆਲਾ : ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਕਾਮਿਆਂ ਵੱਲੋਂ ਬੁਧਵਾਰ ਨੂੰ ਦਿੱਤੇ ਹੜਤਾਲ ਦੇ ਸੱਦੇ ਤਹਿਤ ਸੂਬੇ ਭਰ 'ਚ ਵੱਡੀ ਗਿਣਤੀ 'ਚ ਬੱਸਾਂ ਦੇ ਰੂਪ ਪ੍ਰਭਾਵਿਤ ਹੋਏ ਹਨ। ਹਜ਼ਾਰਾਂ ਲੋਕਾਂ ਨੂੰ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਪਗ 7200 ਕੱਚੇ ਕਾਮਿਆਂ ਦੀ ਹੜਤਾਲ ਕਾਰਨ ਸੂਬੇ ਭਰ 'ਚ 3200 ਬੱਸਾਂ ਦਾ ਚੱਕਾ ਜਾਮ ਹੋ ਗਿਆ ਹੈ ਜਿਸ ਨਾਲ ਦੂਰ ਦੁਰਾਡੇ ਤੋਂ ਆਪਣੇ ਕੰਮਾਂਕਾਰਾਂ ਲਈ ਘਰੋਂ ਤੋਂ ਨਿਕਲਣ ਵਾਲੇ ਲੋਕ ਕਈ ਕਈ ਘੰਟਿਆਂ ਦਾ ਸਮਾਂ ਲਗਾ ਕੇ ਆਪਣੀਆਂ ਮੰਜਿਲਾਂ 'ਤੇ ਪਹੁੰਚ ਰਹੇ ਹਨ। ਵੱਡੀ ਗਿਣਤੀ 'ਚ ਲੋਕ ਬੱਸ ਅੱਡਿਆਂ "ਤੇ ਖੱਜਲ ਖੁਆਰ ਹੁੰਦੇ ਆਮ ਦੇਖੇ ਗਏ।
ਜ਼ਿਕਰਯੋਗ ਹੈ ਅੱਜ ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂਆਂ ਦੀ ਚੰਡੀਗੜ੍ਹ ਵਿਖੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਮੀਟਿੰਗ ਹੈ ਅਤੇ ਯੂਨੀਅਨ ਨੇ ਐਲਾਨ ਕੀਤਾ ਹੋਇਆ ਹੈ ਕਿ ਜੇਕਰ ਮੀਟਿੰਗ 'ਚ ਕੋਈ ਹੱਲ ਨਾ ਨਿਕਲਿਆ ਤਾਂ ਅਗਲਾ ਫੈਸਲਾ ਸਖ਼ਤ ਲਿਆ ਜਾਵੇਗਾ,ਜਿਸ ਸਬੰਧੀ ਪਹਿਲਾਂ ਹੀ ਕਾਮਿਆਂ ਵੱਲੋਂ ਬੱਸਾਂ ਰੋਕ ਕੇ ਬੱਸ ਅੱਡਿਆਂ ਅਤੇ ਡਿੱਪੂਆਂ 'ਤੇ ਇਕੱਠੇ ਹੋ ਕੇ ਰੋਸ਼ ਜਾਹਰ ਕੀਤਾ ਜਾ ਰਿਹਾ ਹੈ। ਪੱਕੇ ਮੁਲਾਜ਼ਮ ਅਤੇ ਇਨ੍ਹਾਂ ਤੋਂ ਅਲੱਗ ਜਥੇਬੰਦੀਆਂ ਦੇ ਕਰਮਚਾਰੀਆਂ ਵੱਲੋਂ ਤਾਂ ਡਿਊਟੀ ਕੀਤੀ ਜਾ ਰਹੀ ਹੈ ਪਰ ਵੱਡੀ ਗਿਣਤੀ 'ਚ ਇਹ ਹੜਤਾਲੀ ਕਰਮਚਾਰੀ ਹੀ ਰੂਟਾਂ ਤੇ ਬੱਸਾਂ ਚਲਾ ਰਹੇ ਹਨ।
ਇਸ ਸਬੰਧੀ ਯੂਨੀਅਨ ਆਗੂਆਂ ਨੇ ਕਰਮਚਾਰੀਆਂ ਨੂੰ ਬੀਤੀ ਦੇਰ ਰਾਤ ਹੀ ਸੁਨੇਹੇ ਲਗਾ ਕੇ ਸੂਚਿਤ ਕੀਤਾ ਗਿਆ ਹੈ ਕਿ ਸਵੇਰੇ 20 ਸਤੰਬਰ ਨੂੰ ਸਾਰੇ ਡਿਪੂਆਂ ਅੱਗੇ ਪੂਰੀ ਗਿਣਤੀ ਵਿੱਚ ਵਰਕਰਾਂ ਸਮੇਤ ਝੰਡੇ ਡੰਡੇ ਲੈ ਕੇ ਜ਼ਿਲਾ ਪੱਧਰੀ ਪ੍ਰੋਗਰਾਮ ਕਰਨਗੇ ਅਤੇ ਜੇਕਰ ਮੰਗਾਂ ਸਬੰਧੀ ਕੋਈ ਹੱਲ ਨਾ ਨਿਕਲਿਆ ਤਾਂ 21 ਸਤੰਬਰ ਨੂੰ ਚੰਡੀਗੜ੍ਹ ਵਿਖੇ ਮੋਰਚਾ ਲਗਾ ਕੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।