ਸ੍ਰੀ ਮੁਕਤਸਰ ਸਾਹਿਬ : ਸਰਹਿੰਦ ਫੀਡਰ ਨਹਿਰ 'ਚ ਬੱਸ ਡਿੱਗਣ ਵਾਲੀ ਮੰਦਭਾਗੀ ਘਟਨਾ ਦੇ ਮਾਮਲੇ 'ਚ ਥਾਣਾ ਬਰੀਵਾਲਾ ਪੁਲਿਸ ਨੇ ਡਰਾਈਵਰ ਤੇ ਕੰਡਕਟਰ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਡਰਾਈਵਰ ਬੱਸ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਉਸ ਦੀ ਲਾਪਰਵਾਹੀ ਕਾਰਨ ਇਸ ਹਾਦਸੇ 'ਚ 8 ਲੋਕਾਂ ਦੀ ਜਾਨ ਚਲੀ ਗਈ ਤੇ 11 ਲੋਕ ਜ਼ਖਮੀ ਹੋ ਗਏ। ਕੁਝ ਯਾਤਰੀ ਅਜੇ ਵੀ ਲਾਪਤਾ ਹਨ।
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਤਾਰਾ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕੱਟਿਆਵਾਲੀ ਨੇ ਦੱਸਿਆ ਕਿ ਉਹ ਪੰਜ ਭੈਣ-ਭਰਾ ਹਨ। ਉਸ ਤੋਂ ਛੋਟੀ ਉਸ ਦੀ ਭੈਣ ਪ੍ਰੀਤੋ ਕੌਰ ਹੈ ਜੋ ਕਿ ਕਰੀਬ 35/40 ਸਾਲਾਂ ਤੋਂ ਹਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁਗਲਾ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨਾਲ ਵਿਆਹੀ ਹੋਈ ਸੀ ਜੋ ਮਿਤੀ 17/09/2023 ਨੂੰ ਉਸਨੂੰ ਮਿਲਣ ਲਈ ਪਿੰਡ ਕਟਿਆਂਵਾਲੀ ਵਿਖੇ ਆਈ ਸੀ। ਉਹ ਮਿਤੀ 19/9/2023 ਨੂੰ ਉਹ ਉਸਦੇ ਪਿੰਡ ਮੁਗਲਾਵਾਲਾ ਵਿਖੇ ਛੱਡਣ ਲਈ ਜਾ ਰਿਹਾ ਸੀ। ਕਰੀਬ 11 ਕੁ ਵਜੇ ਪਿੰਡ ਕਟਿਆਂਵਾਲੀ ਤੋਂ ਬੱਸ ਰਾਹੀਂ ਮਲੋਟ ਬੱਸ ਸਟੈਂਡ ਆ ਗਏ ਤੇ ਮਲੋਟ ਬੱਸ ਸਟੈਂਡ ਤੋਂ ਦੀਪ ਬੱਸ ਜੋ ਕਿ ਅੰਮ੍ਰਿਤਸਰ ਜਾਣੀ ਸੀ, ’ਚ ਬੈਠ ਗਏ। ਬੱਸ ਦਾ ਕੰਡਕਟਰ ਡਰਾਈਵਰ ਨੂੰ ਕਹਿ ਰਿਹਾ ਸੀ ਕਿ ਖੁਸ਼ਪਿੰਦਰ ਸਿੰਘ ਤੂੰ ਬੱਸ ਨੂੰ ਖਿੱਚੀ ਚੱਲੀ ਤੇਜ਼ੀ ਨਾਲ ਆਪਾਂ ਜਲਦੀ ਪਹੁੰਚਣਾ ਹੈ ਤੇ ਮੁਕਤਸਰ ਤੋਂ ਬਾਹਰੋਂ ਬਾਹਰ ਕੱਢ ਲਵੀਂ...ਬੱਸ ਸਟੈਂਡ ਵਿੱਚ ਨਹੀਂ ਜਾਣਾ...। ਡਰਾਈਵਰ ਖੁਸ਼ਪਿੰਦਰ ਸਿੰਘ ਕੰਡਕਟਰ ਨੂੰ ਕਹਿੰਦਾ ਕਿ ਹਰਜੀਤ ਸਿੰਘ ਤੂੰ ਇਕ ਵਾਰੀ ਸੀਟੀ ਮਾਰ ਇਹ ਵੇਖੀ, ਮੈਂ ਬੱਸ ਕਿਵੇਂ ਪਹੁੰਚਾਉਂਦਾ ਹਾਂ ਅੰਮ੍ਰਿਤਸਰ ਨੂੰ ਇਕ ਵਾਰ ਮੈਨੂੰ ਤੌਰ ਲੈਣ ਦੇ...।
ਕੰਡਕਟਰ ਨੇ ਕਰੀਬ 12 ਵਜੇ ਬੱਸ ਸੀਟੀ ਮਾਰ ਕੇ ਤੌਰ ਲਈ ਤਾਂ ਡਰਾਈਵਰ ਨੇ ਬੱਸ ਸਟੈਂਡ ਨਿਕਲਦਿਆਂ ਹੀ ਬੜੀ ਤੇਜ਼ੀ ਤੇ ਲਾਪਰਵਾਹੀ ਨਾਲ ਬੱਸ ਭਜਾਉਣੀ ਸ਼ੁਰੂ ਕਰ ਦਿੱਤੀ। ਕੰਡਕਟਰ ਵੀ ਉਸਨੂੰ ਕਹਿੰਦਾ ਕਿ ਬੱਸ ਹੁਣ ਖਿੱਚੀ ਚੱਲੀਂ...। ਰਸਤੇ 'ਚ ਸੜਕ ਖਰਾਬ ਹੋਣ ਕਰਕੇ ਅਤੇ ਤੇਜ਼ ਰਫਤਾਰ ਹੋਣ ਕਰਕੇ ਸਵਾਰੀਆਂ ਨੇ ਡਰਾਈਵਰ ਤੇ ਕੰਡਕਟਰ ਨੂੰ ਕਿਹਾ ਕਿ ਇੰਨੀ ਤੇਜ਼ ਬੱਸ ਨਾ ਚਲਾਓ...ਮੀਂਹ ਪੈ ਰਿਹਾ ਹੈ ਪਰ ਉਹ ਕਹਿੰਦੇ ਕਿ ਸਾਡੇ ਕੋਲ ਟਾਇਮ ਨਹੀਂ ਤੁਸੀਂ ਸਾਰੇ ਬਸ ਚੁੱਪ ਕਰ ਕੇ ਬੈਠੇ ਰਹੋ। ਬੱਸ ਝਬੇਲਵਾਲੀ ਨਹਿਰਾਂ ਕੋਲ ਪੁਲ਼ ’ਤੇ ਪੁੱਜੀ ਤਾਂ ਡਰਾਈਵਰ ਖੁਸ਼ਪਿੰਦਰ ਸਿੰਘ ਤੋਂ ਕੰਟਰੋਲ ਤੋਂ ਬਾਹਰ ਹੋ ਗਈ ਜੋ ਕਿ ਸਰਹਿੰਦ ਫੀਡਰ ਨਹਿਰ ਦੀ ਐਗਲੈਰਨ ਨੂੰ ਤੋੜਦੀ ਹੋਈ ਨਹਿਰ 'ਚ ਡਿੱਗ ਕੇ ਲਮਕ ਗਈ। ਬੱਸ ਦਾ ਅਗਲਾ ਪਾਸਾ ਪਾਣੀ ਵਿਚ ਡੁੱਬ ਗਿਆ ਤੇ ਬੱਸ ਦਾ ਅਗਲਾ ਸ਼ੀਸ਼ਾ ਟੁੱਟ ਗਿਆ ਜਿਸ ਨਾਲ ਕੁਝ ਸਵਾਰੀਆਂ ਬੱਸ 'ਚ ਪਾਣੀ 'ਚ ਰੁੜ੍ਹ ਗਈਆਂ। ਡੁੱਬਣ ਕਾਰਨ ਕਰੀਬ 8/10 ਸਵਾਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਕੁਝ ਸਵਾਰੀਆਂ ਨੂੰ ਅਤੇ ਉਸਨੂੰ ਉਥੋਂ ਲੰਘਦੇ ਰਾਹਗੀਰਾਂ ਨੇ ਬੱਸ 'ਚੋਂ ਬਾਹਰ ਕੱਢ ਲਿਆ। ਉਸਦੀ ਭੈਣ ਪ੍ਰੀਤਮ ਕੌਰ ਉਰਫ ਪ੍ਰੀਤੋ ਦੀ ਬੱਸ 'ਚੋਂ ਪਾਣੀ 'ਚ ਡਿੱਗ ਕੇ ਡੁੱਬਣ ਕਾਰਨ ਮੌਤ ਹੋ ਗਈ ਜਿਸ 'ਤੇ ਪੁਲਿਸ ਵੱਲੋਂ ਡਰਾਈਵਰ ਖੁਸ਼ਪਿੰਦਰ ਸਿੰਘ ਅਤੇ ਕੰਡਕਟਰ ਹਰਜੀਤ ਸਿੰਘ ਖਿਲਾਫ਼ ਉਕਤ ਮੁੱਕਦਮਾ ਦਰਜ ਕੀਤਾ ਗਿਆ ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ।