ਲੁਧਿਆਣਾ : ਡਾਬਾ ਦੇ ਨਿਊ ਗਗਨ ਨਗਰ ਤੋਂ ਲਾਪਤਾ ਹੋਏ ਦੋਸਤਾਂ ਦੀਆਂ ਲਾਸ਼ਾਂ ਭਾਮੀਆਂ ਸਥਿਤ ਇਕ ਨਾਲ਼ੇ ’ਚੋਂ ਬਰਾਮਦ ਹੋਈਆਂ ਹਨ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਵਿਚ ਚਾਰ ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਇਕ ਨਾਬਾਲਗ ਵੀ ਸ਼ਾਮਿਲ ਹੈ।
ਦੱਸਣਯੋਗ ਹੈ ਕਿ ਨਿਊ ਗਗਨ ਨਗਰ ਵਾਸੀ ਸੋਨੀ ਦੇਵੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ 16 ਸਤੰਬਰ ਨੂੰ ਉਸ ਦਾ ਪੁੱਤਰ ਗੁਲਸ਼ਨ ਗੁਪਤਾ ਤੇ ਉਸ ਦਾ ਦੋਸਤ ਰਾਹੁਲ ਸਿੰਘ (ਵਾਸੀ ਮਾਇਆ ਨਗਰ) ਐਕਟਿਵਾ ’ਤੇ ਗਏ ਸਨ ਪਰ ਵਾਪਸ ਨਹੀਂ ਆਏ। ਗੁਲਸ਼ਨ ਰਾਲਸਨ ਕੰਪਨੀ ਵਿਚ ਐੱਚਆਰ ਦੀ ਨੌਕਰੀ ਕਰਦਾ ਸੀ। ਪਰਿਵਾਰ ਨੇ ਖ਼ਦਸ਼ਾ ਪ੍ਰਗਟਾਇਆ ਕਿ ਅਮਰ ਯਾਦਵ ਨੇ ਉਨ੍ਹਾਂ ਨੂੰ ਅਗਵਾ ਕੀਤਾ ਹੈ।
ਪੁਲਿਸ ਕਮਿਸ਼ਨਰ ਮੁਤਾਬਕ ਇਸ ਦੋਹਰੇ ਕਤਲ ਕਾਂਡ ਦਾ ਮਾਸਟਰ ਮਾੲੀਂਡ ਅਮਰ ਹੈ। ਅਮਰ ਕਿਸੇ ਕੁੜੀ ਨੂੰ ਪ੍ਰੇਮ ਕਰਦਾ ਸੀ ਤੇ ਉਸ ਕੁੜੀ ਦੀ ਮੰਗਣੀ ਰਾਹੁਲ ਨਾਲ ਹੋਈ ਸੀ। ਕੁੜੀ ਨਾਲ ਅਮਰ ਦੀ ਦੋਸਤੀ ਦਾ ਪਤਾ ਇੰਸਟਾਗ੍ਰਾਮ ਤੋਂ ਲੱਗ ਗਿਆ ਸੀ। ਰਾਹੁਲ ਨੇ ਉਸ ਨੂੰ ਕਿਹਾ ਕਿ ਕੁੜੀ ਨਾਲ ਉਸ ਦੀ ਮੰਗਣੀ ਹੋਈ ਹੈ ਤੇ ਉਹ ਉਸ ਦਾ ਪਿੱਛਾ ਨਾ ਕਰੇ। ਇਸ ਦੇ ਬਾਅਦ ਰੋਸ ’ਚ ਆਏ ਅਮਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਾਹੁਲ ਦੇ ਕਤਲ ਦੀ ਸਾਜ਼ਿਸ਼ ਘੜੀ ਤੇ ਉਸ ਨੂੰ ਅੰਜਾਮ ਦਿੱਤਾ।
ਪੁਲਿਸ ਜਾਂਚ ਦੌਰਾਨ ਪਤਾ ਲੱਗਾ ਕਿ ਅਮਰ ਨੇ ਰਾਹੁਲ ਨੂੰ ਗੱਲਬਾਤ ਲਈ ਰਾਇਲ ਗੈਸਟ ਹਾਊਸ ਬੁਲਾਇਆ ਸੀ। ਜਿਥੇ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਨ੍ਹਾਂ ਦੀ ਤੇਜ਼ਧਾਰ ਹਤਿਆਰਾਂ ਨਾਲ ਹੱਤਿਆ ਕਰ ਦਿੱਤੀ। ਲਾਸ਼ਾਂ ਟਿਕਾਣੇ ਲਾਉਣ ਲਈ ਕੰਬਲ ’ਚ ਲਪੇਟ ਕੇ ਬਾਈਕ ’ਤੇ ਲਿਜਾ ਕੇ ਗੰਦੇ ਨਾਲੇ ਵਿਚ ਸੁੱਟ ਦਿੱਤਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ। ਲਾਸ਼ਾਂ ਦੇਖ ਕੇ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਨੇ ਲਾਸ਼ਾਂ ਕੱਢ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜੀਆਂ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਚਾਰੇ ਮੁਲਜ਼ਮ ਭੱਜਣ ਦੀ ਤਾਕ ਵਿਚ ਸਨ ਪਰ ਸ਼ੇਰਪੁਰ ਨੇੜਿਓਂ ਅਮਰ ਯਾਦਵ, ਅਭਿਸ਼ੇਕ, ਅਨਿਕੇਤ ਉਰਫ ਗੋਲੂ ਤੇ ਨਾਬਾਲਗ ਲੜਕੇ ਨੂੰ ਗਿ੍ਰਫਤਾਰ ਕਰ ਲਿਆ ਗਿਆ। ਪੁਲਿਸ ਨੇ ਹੱਤਿਆ ’ਚ ਵਰਤੇ ਗਏ ਹਤਿਆਰ ਦਾਤ, ਲੋਹੇ ਦੀਆਂ ਰਾਡਾਂ, ਐਕਟਿਵਾ ਤੇ ਦੋ ਮੋਬਾਈਲ ਵੀ ਬਰਾਮਦ ਕੀਤੇ ਹਨ।