ਚੰਡੀਗੜ੍ਹ : ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸੂਬਾ ਸਰਕਾਰ ਦੁਆਰਾ ਆਯੋਜਿਤ ‘ਸਰਕਾਰ ਸਨਅਤਕਾਰ ਮਿਲਨੀ’ ਪ੍ਰੋਗਰਾਮ ਨਾਲ ਵਪਾਰੀਆਂ ਦੀ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੂੰ ਉਦਯੋਗਪਤੀਆਂ ਨਾਲ ਸਿਰਫ਼ ਸਿਆਸੀ ਚੰਦੇ ਤਕ ਮਤਲਬ ਸੀ। ਕੰਗ ਨੇ ਕਿਹਾ ਕਿ ਗਰੀਨ ਅਸ਼ਟਾਮ ਪੇਪਰ ਜਾਰੀ ਕਰਨ ਨਾਲ ਉਦਯੋਗਪਤੀਆਂ ਨੂੰ ਜ਼ਮੀਨ ਐਕੁਆਇਰ ਕਰਨ ਵਿਚ ਕਾਫ਼ੀ ਸਹੂਲਤ ਮਿਲੇਗੀ। ਹੁਣ ਉਨ੍ਹਾਂ ਨੂੰ ਕਿਸੇ ਕਿਸਮ ਦੀ ਫੈਕਟਰੀ ਜਾਂ ਉਦਯੋਗ ਲਗਾਉਣ ਲਈ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ।
ਕੰਗ ਨੇ ਕਿਹਾ ਕਿ ਮਾਨ ਸਰਕਾਰ ਨੇ ਉਦਯੋਗਪਤੀਆਂ ਦੇ ਹੱਕ ਵਿਚ ਇਕ ਹੋਰ ਵੱਡਾ ਫੈਸਲਾ ਲਿਆ ਹੈ। ਇਸ ਸਮੇਂ ਪੰਜਾਬ ਵਿਚ 7000 ਦੇ ਕਰੀਬ ਛੋਟੇ ਅਤੇ ਵੱਡੇ ਉਦਯੋਗ ਹਨ। ਇਨ੍ਹਾਂ ਸਾਰਿਆਂ ਦਾ ਹਰ ਸਾਲ ਰੀਨਿਊ ਕਰਨਾ ਪੈਂਦਾ ਸੀ, ਜਿਸ ਕਾਰਨ ਉਨ੍ਹਾਂ ਨੂੰ ਹਰ ਸਾਲ ਕਈ ਵਿਭਾਗਾਂ ਦੇ ਚੱਕਰ ਲਾਉਣੇ ਪੈਂਦੇ ਸਨ। ਹੁਣ ਉਨ੍ਹਾਂ ਨੂੰ ਸਰਕਾਰ ਦੇ ਨਵੀਨੀਕਰਨ ਪੋਰਟਲ ’ਤੇ ਸਾਰੀ ਜਾਣਕਾਰੀ ਦੇ ਨਾਲ ਫਾਰਮ ਭਰਨਾ ਹੋਵੇਗਾ, ਇਹ ਆਪਣੇ ਆਪ ਰੀਨਿਊ ਹੋ ਜਾਵੇਗਾ। ਕੰਗ ਨੇ ਮਾਨ ਸਰਕਾਰ ਦੇ ਵਾਧੂ ਉਸਾਰੀ ਜੁਰਮਾਨੇ ਮੁਆਫ ਕਰਨ ਅਤੇ ਮੁਲਾਜ਼ਮਾਂ ਦੇ ਓਵਰਟਾਈਮ ਦੇ ਘੰਟੇ 75 ਘੰਟਿਆਂ ਤੋਂ ਵਧਾ ਕੇ 115 ਘੰਟੇ ਕਰਨ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ।
ਉਨ੍ਹਾਂ ਸਰਕਾਰ ਵੱਲੋਂ ਖਾਸ ਕਰਕੇ ਕੰਮਕਾਜੀ ਔਰਤਾਂ ਲਈ ਹੋਸਟਲ ਬਣਾਉਣ ਦੀ ਤਜਵੀਜ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਔਰਤਾਂ ਨੂੰ ਕੰਮ ਕਰਨ ਦੌਰਾਨ ਪੇਸ਼ ਆਉਂਦੀਆਂ ਰੋਜ਼ਾਨਾ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ, ਜਿਸ ਨਾਲ ਕੰਮ ਵਿਚ ਔਰਤਾਂ ਦੀ ਭਾਗੀਦਾਰੀ ਵਧੇਗੀ ਅਤੇ ਸਮਾਜ ਵਿਚ ਬਰਾਬਰੀ ਆਵੇਗੀ।