ਪਟਿਆਲਾ : ਪੰਜਾਬੀ ਯੂਨੀਵਰਸਿਟੀ ’ਚ ਵਿਦਿਆਰਥਣ ਦੀ ਮੌਤ, ਪ੍ਰੋਫੈਸਰ ਦੀ ਕੁੱਟਮਾਰ, ਪ੍ਰੋਫੈਸਰ ’ਤੇ ਲੱਗੇ ਸੋਸ਼ਣ ਦੇ ਦੋਸ਼ ’ਤੇ ਪਰਚਾ ਦਰਜ ਸਬੰਧੀ 21 ਦਿਨਾਂ ਵਿਚ ਪੜਤਾਲ ਪੂਰੀ ਕੀਤੀ ਜਾਵੇਗੀ। ਸੇਵਾ ਮੁਕਤ ਜੱਜ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਡਾ. ਹਰਸ਼ਿੰਦਰ ਕੌਰ ਨੂੰ ਵੀ ਪੜਤਾਲੀਆ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ। ਕਮੇਟੀ ਵੱਲੋਂ 21 ਦਿਨਾਂ ਦੌਰਾਨ ਵਿਦਿਆਰਥਣਾਂ ਵੱਲੋਂ ਮਿਲਣ ਵਾਲੀਆਂ ਹੋਰ ਸ਼ਿਕਾਇਤਾਂ ਦੀ ਪੜਤਾਲ ਵੀ ਨਾਲ ਦੀ ਨਾਲ ਕੀਤੀ ਜਾਵੇਗੀ। ਇਸ ਪੜਤਾਲੀਆ ਸਮੇਂ ਦੌਰਾਨ ਪ੍ਰੋ. ਸੁਰਜੀਤ ਸਿੰਘ ਦੇ ਕੈਂਪਸ ਵਿਚ ਦਾਖਲ ਹੋਣ ’ਤੇ ਪਾਬੰਦੀ ਹੋਵੇਗੀ। ਇਸ ਦੌਰਾਨ ਹਸਪਤਾਲ ’ਚੋਂ ਛੁੱਟੀ ਹੁੰਦੀ ਹੈ ਤਾਂ ਮੁਅੱਤਲ ਕੀਤਾ ਜਾਵੇਗਾ। ਵਿਦਿਆਰਥੀਆਂ ਖਿਲਾਫ ਦਰਜ ਹੋਏ ਪਰਚੇ ਦੀ ਜਾਂਚ ਵਿਚ ਇਸ ਸਮੇਂ ਦੌਰਾਨ ਕਰਦਿਆਂ ਪਰਚਾ ਰੱਦ ਕਰਨ ਸਬੰਧੀ ਪੜਤਾਲ ਆਰੰਭੀ ਜਾਵੇਗੀ। ਮ੍ਰਿਤਕ ਵਿਦਿਆਰਥਣ ਦੇ ਭਰਾ ਨੂੰ ਨੌਕਰੀ ਦਿੱਤੀ ਜਾਵੇਗੀ। ਇਹ ਫੈਸਲਾ ਵਾਈਸ ਚਾਂਸਲਰ ਪ੍ਰੋ. ਅਰਵਿੰਦ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐੱਸਐੱਸਪੀ ਵਰੁਣ ਸ਼ਰਮਾ ਵੱਲੋਂ ਮ੍ਰਿਤਕ ਵਿਦਿਆਰਥਣ ਦੇ ਪਰਿਵਾਰ, ਲੋਕ ਆਗੂ ਲੱਖਾ ਸਿਧਾਣਾ ਤੇ ਵਿਦਿਆਰਥੀ ਜਥੇਬੰਦੀਆਂ ਦੇ ਵਫਦ ਨਾਲ ਹੋਈ ਬੈਠਕ ਦੌਰਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸਵੇਰੇ ਸ਼ੁਰੂ ਕੀਤਾ ਧਰਨਾ ਬਾਅਦ ਦੁਪਹਿਰ ਖਤਮ ਕਰ ਦਿੱਤਾ।
ਵਿਦਿਆਰਥੀ ਜਥੇਬੰਦੀਆਂ ਵੱਲੋਂ ਧਰਨੇ ਦੇ ਐਲਾਨ ਦੇ ਮੱਦੇਨਜ਼ਰ ਤੜਕੇ ਹੀ ’ਵਰਸਿਟੀ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ। ਇਸ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਧਰਨਾ ਲਾਉਣ ਤੋਂ ਰੋਕਣ ਲਈ ਕਾਫੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੇ। ਧਰਨੇ ਵਿਚ ਮ੍ਰਿਤਕ ਵਿਦਿਆਰਥਣ ਜਸ਼ਨਦੀਪ ਕੌਰ ਦੇ ਪਰਿਵਾਰਕ ਮੈਂਬਰ, ਸੈਕੁਲਰ ਯੂਥ ਫੈਡਰੇਸ਼ਨ ਆਫ ਇੰਡੀਆ ਤੇ ਪ੍ਰਧਾਨ ਪੁਸ਼ਪਿੰਦਰ ਤਾਊ, ਐਸਓਆਈ ਵੱਲੋਂ ਅਮਿਤ ਰਾਠੀ ਅਤੇ ਲੋਕ ਆਗੂ ਲੱਖਾ ਸਿਧਾਣਾ ਸਮੇਤ ਹੋਰ ਵਿਦਿਆਰਥੀ ਜਥੇਬੰਦੀਆਂ ਦੇ ਮੈਂਬਰ ਸ਼ਾਮਲ ਹੋਈਆਂ ਜਿਨ੍ਹਾਂ ਵੱਲੋਂ ਮੁੱਖ ਗੇਟ ’ਤੇ ਇਕ ਪਾਸੇ ਦੀ ਸੜਕ ਬੰਦ ਕਰਕੇ ਧਰਨਾ ਦਿੱਤਾ ਗਿਆ।
ਕਮੇਟੀ ਨੂੰ ਸ਼ਿਕਾਇਤ ਦੇਣ ਹੋਰ ਵੀ ਪੀੜਤ ਵਿਦਿਆਰਥਣਾਂ
ਇਸ ਮੌਕੇ ਲੱਖਾ ਸਿਧਾਣਾ ਨੇ ਕਿਹਾ ਕਿ ਸੂਬੇ ਦੇ ਪਿੰਡਾਂ ਸ਼ਹਿਰਾਂ ਦੇ ਨਾਲ ਹੁਣ ਗੰਦੀ ਰਾਜਨੀਤੀ ਵਿਦਿਅਕ ਅਦਾਰਿਆਂ ਤਕ ਪੁੱਜ ਗਈ ਹੈ ਜਿਸ ਕਰਕੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਅਜਿਹੇ ਹਾਲਾਤ ਬਣ ਗਏ ਹਨ। ਇਕ ਨੌਜਵਾਨ ਧੀ ਦੀ ਮੌਤ ਹੋਈ ਹੈ ਜੋ ਭਵਿੱਖ ਦੀਆਂ ਕਈ ਆਸਾਂ ਲੈਕੇ ਪੰਜਾਬੀ ਯੂਨੀਵਰਸਿਟੀ ਵਿੱਚ ਆਈ ਸੀ। ਇਕ ਪਰਿਵਾਰ ਵੀ ਬਰਬਾਦ ਹੋਇਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ। ਹੋਰ ਪੀੜਤ ਵਿਦਿਆਰਥਣਾਂ ਵੀ ਨਿਧੜਕ ਹੋ ਕੇ ਸ਼ਿਕਾਇਤ ਲੈ ਕੇ ਕਮੇਟੀ ਅੱਗੇ ਜ਼ਰੂਰ ਪੇਸ਼ ਹੋਣ। ਤਾਲਮੇਲ ਦੀ ਘਾਟ ਤੇ ਤਾਨਾਸ਼ਾਹੀ ਵਤੀਰਾ ਯੂਨੀਵਰਸਿਟੀ ਤੇ ਵਿਦਿਆਰਥੀਆਂ ਦੇ ਭਵਿੱਖ ਲਈ ਖਤਰਾ ਹੈ।
ਜਥੇਦਾਰ ਨੇ ਪ੍ਰੋਫੈਸਰ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਵੀਡਿਓ ਜਾਰੀ ਕਰ ਕੇ ਸਰਕਾਰ ਪੱਧਰ ’ਤੇ ਮਾਮਲੇ ਦੀ ਜਾਂਚ ਕਰਵਾਉਣ ਲਈ ਕਿਹਾ ਹੈ। ਜਥੇਦਾਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਦੀ ਉੱਚ-ਪੱਧਰੀ ਤੇ ਨਿਰਪੱਖ ਜਾਂਚ ਕਰਵਾਏ ਅਤੇ ਦੋਸ਼ੀ ਅਧਿਆਪਕ ਖਿਲਾਫ਼ ਸਖ਼ਤ ਕਾਰਵਾਈ ਕਰੇ।