ਮਾਨਸਾ: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ’ਚੋਂ ਇਕ ਹੋਰ ਵੀਡੀਓ ’ਤੇ ਬੋਲਦਿਆਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਜੇਲ੍ਹ ਪ੍ਰਸ਼ਾਸਨ ’ਤੇ ਵੱਡੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਆਖਿਆ ਕਿ ਇੰਝ ਜਾਪਦਾ ਹੈ ਕਿ ਜਿਵੇਂ ਲਾਰੈਂਸ ਨੇ ਸਾਰੇ ਸਿਸਟਮ ਨੂੰ ਖ਼ਰੀਦ ਲਿਆ ਹੋਵੇ।
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਆਏ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਇਹ ਸ਼ਬਦ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਹੇ। ਉਨ੍ਹਾਂ ਕਿਹਾ ਕਿ ਸਰਕਾਰ ਬਿਲਕੁੱਲ ਵੀ ਇਸ ਸਬੰਧੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੈਂਗਸਟਰਾਂ ਨਾਲ ਮਾੜਾ ਮਾਹੌਲ ਪੈਦਾ ਹੋਣ ਕਰ ਕੇ ਡਰਦੇ ਮਾਰੇ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਤੇਜ਼ੀ ਨਾਲ ਵਿਦੇਸ਼ਾਂ ’ਚ ਜਾ ਰਹੇ ਹਨ, ਕਿਉਂਕਿ ਉੱਥੇ ਘੱਟੋ-ਘੱਟ ਕਿਸੇ ਨੂੰ ਜਾਨ ਦਾ ਖਤਰਾ ਤਾਂ ਨਹੀਂ।
ਉਨ੍ਹਾਂ ਕਿਹਾ ਕਿ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਛੱਡ ਕੇ ਬਾਕੀ ਸਰਕਾਰ ਦੇ 91 ਵਿਧਾਇਕ ਗੈਂਗਸਟਰਵਾਦ ਨੂੰ ਵਾਧਾ ਦੇ ਰਹੇ ਹਨ, ਜਿਸ ’ਤੇ ਕੋਈ ਵੀ ਜ਼ੁਬਾਨ ਨਹੀਂ ਖੋਲ੍ਹ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਇਸ ਵੱਲ ਧਿਆਨ ਦੇਣ ਅਤੇ ਪੰਜਾਬ ਦੇ ਮਾਹੌਲ ਨੂੰ ਵਧੀਆ ਬਣਾਉਣ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਤਾਂ ਗੈਂਗਸਟਰ ਲਾਰੈਂਸ ਦੀ ਆਈ ਪਹਿਲਾਂ ਵਾਲੀ ਵੀਡੀਉ ਬਾਰੇ ਕੁਝ ਪਤਾ ਨਹੀਂ ਕਰ ਸਕੀ ਕਿ ਉਹ ਕਿਹੜੀ ਜੇਲ੍ਹ ’ਚੋਂ ਆਈ ਸੀ ਅਤੇ ਹੁਣ ਇਕ ਹੋਰ ਵੀਡੀਉ ਸਾਹਮਣੇ ਆ ਗਈ ਹੈ।