ਸੰਗਰੂਰ
ਪੰਜਾਬ ਦੇ ਸ਼ਹਿਰਾ ਅਤੇ ਕਸਬਿਆਂ ਦੀਆਂ ਅਨਾਜ ਮੰਡੀਆਂ 'ਚ ਸਰਕਾਰ ਦੇ ਮੰਡੀ ਬੋਰਡ ਵਿਭਾਗ ਵਲੋਂ ਅਪਰੂਵਡ ਪੋ੍ਜੈਕਟਾਂ ਤਹਿਤ ਕਮਰਸ਼ੀਅਲ ਕਮ ਰਿਹਾਇਸ਼ੀ ਪਲਾਟ ਕੱਟੇ ਗਏ ਹਨ। ਇਸੇ ਤਹਿਤ ਹੀ ਕਸਬਾ ਸ਼ੇਰਪੁਰ ਦਾਣਾ ਮੰਡੀ ਵੀ ਸਰਕਾਰ ਦੇ ਉਸ ਪੋ੍ਜੈਕਟ ਦਾ ਹਿੱਸਾ ਹੈ ਜਿੱਥੇ 114 ਦੇ ਕਰੀਬ ਪਲਾਟ ਹਨ ਤੇ 72 ਦੇ ਕਰੀਬ ਕਮਸ਼ੀਅਲ ਬੂਥ ਹਨ, ਜਿਨ੍ਹਾਂ ਵਿੱਚੋਂ ਬਹੁ ਗਿਣਤੀ ਪਲਾਟ ਸਮੇਂ-ਸਮੇਂ 'ਤੇ ਮੰਡੀ ਬੋਰਡ ਵਲੋਂ ਬੋਲੀ ਰਾਹੀਂ ਅਲਾਟ ਕੀਤੇ ਗਏ।
ਲੋਕਾਂ ਨੇ ਮੰਡੀ ਦਾ ਇਕ ਸਰਕਾਰ ਤੋਂ ਮਾਨਤਾ ਪ੍ਰਰਾਪਤ ਪ੍ਰਰਾਜੈਕਟ ਹੋਣ ਕਰ ਕੇ ਸੁਨਹਿਰੀ ਭਵਿੱਖ ਲਈ ਆਸ ਨਾਲ ਇਸ ਵਿਚ ਵੱਡੀ ਗਿਣਤੀ 'ਚ ਦੁਕਾਨਦਾਰਾਂ, ਵਪਾਰੀਆਂ ਅਤੇ ਆਮ ਲੋਕਾਂ ਨੇ ਨਿਵੇਸ਼ ਕੀਤਾ ਤੇ ਆਪਣੇ ਕਾਰੋਬਾਰ ਲਈ ਪਲਾਟ ਖਰੀਦੇ ਪਰ ਹੋਇਆ ਉਲਟ ਕਿਉਂਕਿ ਇੱਥੇ ਮੰਡੀ ਬੋਰਡ ਜਾਂ ਸਰਕਾਰ ਦੀ ਸਵੱਲੀ ਨਜ਼ਰ ਨਹੀਂ ਪਈ। ਜਿਸ ਕਰ ਕੇ ਇਹ ਪਲਾਟ ਪਸ਼ੂਆਂ ਦੀ ਚਾਰਗਾਹ ਜਾਂ ਬਣਾਈਆਂ ਦੁਕਾਨਾਂ ਸਟੋਰ ਵਜੋ ਵਰਤਣ ਕਰ ਕੇ ਰਹਿ ਗਈਆਂ, ਜਿਸ ਕਰ ਕੇ ਹੋਰ ਸ਼ਹਿਰਾਂ ਵਾਂਗ ਸ਼ੇਰਪੁਰ ਦੀ ਮੰਡੀ ਕਸਬੇ ਦੇ ਦਿਲ 'ਚ ਹੋਣ ਕਰ ਕੇ ਵੀ ਆਬਾਦ ਨਹੀਂ ਹੇ ਸਕੀ।
-ਮੰਡੀ ਬੋਰਡ ਆਪਣੇ ਵਾਅਦਿਆਂ 'ਤੇ ਖ਼ਰਾ ਨਾ ਉਤਰਿਆ
ਪੰਜਾਬ ਮੰਡੀ ਬੋਰਡ ਜਦੋਂ ਆਪਣੇ ਇਸ ਪੋ੍ਜੈਕਟ ਤਹਿਤ ਪਲਾਟਾਂ ਦੀ ਸੇਲ ਕਰਦਾ ਹੈ ਤਾਂ ਉਸ ਸਮੇਂ ਖਰੀਦਦਾਰਾਂ ਨੂੰ ਇੱਥੇ ਮਿਲਣ ਵਾਲੀਆਂ ਸਹੂਲਤਾਂ ਬਾਰੇ ਦੱਸਿਆ ਜਾਂਦਾ ਹੈ, ਜਿਸ ਕਰ ਕੇ ਖਰੀਦਦਾਰ ਆਕਰਸ਼ਕ ਹੋ ਕੇ ਖਰੀਦ ਕਰਦਾ ਹੈ ਪਰ ਪਲਾਟ ਦੀ ਖ਼ਰੀਦ ਤੋਂ ਬਾਅਦ ਸਾਲਾਂ ਬਾਅਦ ਵੀ ਅੱਜ ਤੱਕ ਇੱਥੇ ਕੋਈ ਸਹੂਲਤ ਨਹੀਂ ਮਿਲ਼ ਰਹੀ, ਜਿਸ ਕਰ ਕੇ ਨਿਵੇਸ਼ਕਾਂ ਨੂੰ ਪਛਤਾਉਣ ਅਤੇ ਮੰਡੀ ਬੋਰਡ ਦੇ ਦਾਅਵਿਆਂ ਨੂੰ ਕੋਸਣ ਤੋਂ ਇਲਾਵਾ ਕੋਈ ਰਸਤਾ ਨਹੀ ਹੈ। ਨਿਵੇਸ਼ਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੰਡੀ ਦੇ ਪਲਾਟਾਂ ਦੀ ਸਾਰ ਲਈ ਜਾਵੇ ਅਤੇ ਇੱਥੇ ਸੜਕਾਂ ਬਣਾਈਆਂ ਜਾਣ ਆਦਿ ਸਹੂਲਤਾਂ ਦਿੱਤੀਆ ਜਾਣ ਤਾਂ ਕਿ ਅਨਾਜ ਮੰਡੀ ਦਾ ਵਿਕਾਸ ਹੋ ਸਕੇ।
-ਕਸਬੇ ਦੇ ਦਿਲ 'ਚ ਮੰਡੀ ਦੇ ਪਲਾਟ ਦੀ ਬਜਾਏ ਅਣ-ਅਧਿਕਾਰਤ ਕਾਲੋਨੀਆਂ ਦੀ ਭਰਮਾਰ
ਸ਼ੇਰਪੁਰ ਦੀਆ ਅਣ ਅਧਿਕਾਰਤ ਕਾਲੋਨੀਆਂ 'ਚ ਲੋਕ ਕਰੋੜਾਂ ਰੁਪਏ ਦਾ ਨਿਵੇਸ਼ ਕਰ ਰਹੇ ਹਨ ਜਦੋਂ ਕਿ ਅਨਾਜ਼ ਮੰਡੀ ਇੱਕ ਵਧੀਆ ਸਥਾਨ ਹੈ ਜੋ ਸ਼ੇਰਪੁਰ 'ਚ ਸਿਰਫ ਇਕਲੌਤਾ ਸਰਕਾਰ ਦੁਆਰਾ ਮਾਨਤਾ ਪ੍ਰਰਾਪਤ ਰਿਹਾਇਸ਼ੀ-ਕਮ-ਕਮਰਸ਼ੀਆਲ ਪੋ੍ਜੈਕਟ ਹੈ ਪਰ ਕਸਬੇ ਦੇ ਦਿਲ 'ਚ ਪਏ ਇਹ ਪਲਾਟ ਖਰੀਦਣ ਨੂੰ ਕੋਈ ਤਿਆਰ ਨਹੀਂ। ਜੇਕਰ ਸਰਕਾਰ ਦੀ ਸਵੱਲੀ ਨਜ਼ਰ ਇਸ ਪਾਸੇ ਪਵੇ ਤਾਂ ਇੱਥੇ ਕੌਡੀਆਂ ਦੇ ਭਾਅ ਪਈ ਮੰਡੀ ਬੋਰਡ ਦੀ ਜਾਇਦਾਦ ਅਣਅਧਿਕਾਰਤ ਕਾਲੋਨੀਆਂ ਵਾਂਗ ਸੋਨੇ ਦੇ ਭਾਅ ਵਿੱਕ ਸਕਦੀ ਹੈ।
-ਪਸ਼ੂਆਂ ਦੀ ਚਰਗਾਹ ਤੇ ਕੂੜਾ ਡੰਪ ਤੱਕ ਸੀਮਿਤ
ਅਨਾਜ ਮੰਡੀ ਸ਼ੇਰਪੁਰ ਦੇ ਖਾਲੀ ਪਲਾਟਾਂ ਤੇ ਗੱਡਾ ਖਾਨਾ ਦੀ ਖ਼ਾਲੀ ਥਾਂ 'ਚ ਪਸ਼ੂ ਘਾਹ ਚਰਦੇ ਹਨ ਅਤੇ ਖਾਲੀ ਥਾਂ ਕੂੜਾ ਡੰਪ ਦੇ ਕੰਮ ਆਉਂਦੀ ਹੈ।
ਜੋ ਦੁਕਾਨਾਂ ਦੀਆਂ ਇਮਾਰਤਾਂ ਬਣੀਆਂ ਹਨ ਉਹ ਸਿਰਫ ਸਟੋਰ ਵਜੋਂ ਹੀ ਕੰਮ ਆਉਂਦੇ ਹਨ ਅਤੇ ਬਾਹਰ ਵਰਾਂਡੇ ਪਸ਼ੂਆਂ ਦੇ ਬੈਠਣ ਦੇ ਕੰਮ ਆਉਂਦੇ ਹਨ, ਜਿਸ ਕਰ ਕੇ ਇਸ ਪਾਸੇ ਵੱਲ ਕਮਰਸ਼ੀਆਲ ਦੁਕਾਨਾਂ ਆਦਿ ਦਾ ਵਿਕਾਸ ਅਸੰਭਵ ਹੋ ਗਿਆ ਹੈ। ਜਿਕਰਯੋਗ ਹੈ ਕਿ ਹੁਣ ਅਨਾਜ਼ ਮੰਡੀ ਵਿਚ ਸੈਡ ਦਾ ਕੰਮ ਚੱਲ ਰਿਹਾ ਹੈ ਪਰ ਹੋਰ ਪਲਾਟਾਂ ਨੂੰ ਵਿਕਸਿਤ ਕਰਨ ਵੱਲ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ।
-ਨਿਵੇਸ਼ਕਾਂ ਤੇ ਖਰੀਦਦਾਰਾਂ ਨੂੰ ਹੋ ਰਿਹਾ ਪਛਤਾਵਾ
ਸ਼ੇਰਪੁਰ ਦੀ ਅਨਾਜ ਮੰਡੀ 'ਚ ਦਹਾਕਿਆਂ ਤੋਂ ਪਲਾਟ ਅਤੇ ਦੁਕਾਨਾਂ ਦੇ ਖਰੀਦਦਾਰ ਹੁਣ ਪਛਤਾ ਹੀ ਰਹੇ ਹਨ, ਕਿਉਂਕਿ ਨਾ ਤਾਂ ਏਥੇ ਜ਼ਿਆਦਾ ਕੀਮਤਾਂ ਵਧੀਆ ਹਨ ਅਤੇ ਨੇ ਹੀ ਵਪਾਰਕ ਤੌਰ 'ਤੇ ਵਰਤਣ ਲਈ ਆਬਾਦ ਹੋਈ ਹੈ। ਇਸ ਕਰ ਕੇ ਖ਼ਰੀਦਦਾਰਾਂ 'ਚ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਹੈ।