ਲੁਧਿਆਣਾ। ਦੋ ਦਿਨ ਪਹਿਲੋਂ ਭੇਦ ਭਰੇ ਹਾਲਾਤਾਂ ਵਿੱਚ ਲਾਪਤਾ ਹੋਏ ਨੌਜਵਾਨਾਂ ਦੀਆਂ ਲਾਸ਼ਾਂ ਭਾਮੀਆਂ ਕਲਾਂ ਦੇ ਨਾਲੇ ਚੋਂ ਬਰਾਮਦ ਕੀਤੀਆਂ ਗਈਆਂ। ਸੋਮਵਾਰ ਨੂੰ ਜਦ ਕੁਝ ਰਾਹਗੀਰ ਨਾਲੇ ਦੇ ਲਾਗਿਓਂ ਲੰਘੇ ਤਾਂ ਉਨ੍ਹਾਂ ਨੇ ਦੇਖਿਆ ਕਿ ਲਾਸ਼ਾਂ ਨਾਲੇ ਵਿੱਚ ਪਈਆਂ ਹੋਈਆਂ ਸਨ।
ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ-ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ 16 ਸਤੰਬਰ ਨੂੰ ਗਗਨ ਨਗਰ ਦਾ ਰਹਿਣ ਵਾਲਾ ਗੁਲਸ਼ਨ ਕੁਮਾਰ ਤੇ ਉਸ ਦਾ ਦੋਸਤ ਮਾਇਆ ਨਗਰ ਦਾ ਵਾਸੀ ਰਾਹੁਲ ਸਿੰਘ ਸਕੂਟਰ ਤੇ ਸਵਾਰ ਹੋ ਕੇ ਬਾਜ਼ਾਰ ਗਏ ਸਨ। ਦੇਰ ਰਾਤ ਤਕ ਵੀ ਜਦ ਦੋਵੇਂ ਨੌਜਵਾਨ ਘਰ ਨਾ ਪਹੁੰਚੇ ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ।
ਪਰਿਵਾਰਕ ਮੈਂਬਰਾਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਦੋਵਾਂ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਅਗਵਾ ਕਰ ਲਿਆ ਹੈ। ਪੁਲਿਸ ਅਤੇ ਪਰਿਵਾਰਕ ਮੈਂਬਰ ਦੋਹਾਂ ਦੀ ਤਲਾਸ਼ ਕਰ ਹੀ ਰਹੇ ਸਨ ਕਿ ਸੋਮਵਾਰ ਨੂੰ ਉਨ੍ਹਾਂ ਦੀਆਂ ਲਾਸ਼ ਨਾਲੇ ਚੋਂ ਮਿਲੀਆਂ। ਨੌਜਵਾਨ ਦੀਆਂ ਅੱਖਾਂ ਨਾਲ ਵਿੱਚ ਡੁੱਬਣ ਕਰਕੇ ਨਿਕਲੀਆਂ ਜਾਂ ਕਾਰਣ ਕੁਝ ਹੋਰ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ।