ਫਾਜ਼ਿਲਕਾ :ਫਾਜ਼ਿਲਕਾ ’ਚ ਨਹਿਰੀ ਪਾਣੀ ਦੀ ਘਾਟ ਅਤੇ ਟਿਊਬਵੈੱਲ ਕੁਨੈਕਸ਼ਨ ਲਈ ਬਿਜਲੀ ਨਾ ਹੋਣ ਕਾਰਨ ਝੋਨੇ ਦੀ ਫ਼ਸਲ ਪੱਕਣ ਤੋਂ ਪਹਿਲਾਂ ਹੀ ਸੁੱਕ ਗਈ ਹੈ। ਕਿਸਾਨ ਆਪਣੀਆਂ ਫ਼ਸਲਾਂ ’ਤੇ ਟਰੈਕਟਰਾਂ ਦੀ ਵਰਤੋਂ ਕਰਨ ਲਈ ਮਜਬੂਰ ਹਨ। ਪਿੰਡ ਡੱਬਵਾਲਾ ਕਲਾਂ ’ਚ ਵੀ ਕੁਝ ਕਿਸਾਨ ਖੇਤਾਂ ਵਿਚ ਖੜ੍ਹੀ ਫ਼ਸਲ ਨੂੰ ਵਾਹ ਰਹੇ ਹਨ। ਕਿਸਾਨ ਹੰਸਰਾਜ ਨੰਬਰਦਾਰ ਨੇ ਦੱਸਿਆ ਕਿ ਉਸ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ। ਬਿਜਾਈ ਸਮੇਂ ਵੀ ਪਾਣੀ ਘੱਟ ਸੀ। ਜਿਸ ਕਾਰਨ ਕੀੜੇ-ਮਕੌੜੇ ਝੋਨੇ ਦੇ ਪੌਦਿਆਂ ਨੂੰ ਖਾ ਗਏ ਅਤੇ ਉਨ੍ਹਾਂ ਨੇ ਦੁਬਾਰਾ ਝੋਨਾ ਲਾਇਆ। ਹੁਣ ਜਦੋਂ ਫ਼ਸਲਾਂ ਲਈ ਪਾਣੀ ਦੀ ਲੋੜ ਸੀ ਤਾਂ ਪਾਣੀ ਪੂਰੀ ਮਾਤਰਾ ਵਿਚ ਨਹੀਂ ਮਿਲ ਰਿਹਾ। ਇਕ ਪਾਸੇ ਪੰਜਾਬ ਸਰਕਾਰ ਟੇਲਾਂ ਤਕ ਪਾਣੀ ਦੇਣ ਦੀ ਗੱਲ ਕਹਿ ਰਹੀ ਹੈ ਪਰ ਸਰਕਾਰ ਦੇ ਇਹ ਦਾਅਵੇ ਝੂਠੇ ਸਾਬਤ ਹੋ ਰਹੇ ਹਨ। ਟੇਲਾਂ ਤਕ ਪਾਣੀ ਪੂਰੀ ਤਰ੍ਹਾਂ ਨਾ ਪਹੁੰਚਣ ਕਾਰਨ ਕਈ ਕਿਸਾਨ ਮੋਘਿਆਂ ਨਾਲ ਛੇੜਛਾੜ ਕਰ ਰਹੇ ਹਨ। ਜਿਸ ਕਾਰਨ ਹੋਰ ਕਿਸਾਨ ਵੀ ਇਸ ਦਾ ਖਮਿਆਜ਼ਾ ਭੁਗਤ ਰਹੇ ਹਨ। ਕਿਸਾਨ ਹੰਸਰਾਜ ਨੇ ਦੱਸਿਆ ਕਿ 15 ਦਿਨ ਪਹਿਲਾਂ ਉਸਦੇ ਮੋਘੇ ਨਾਲ ਛੇੜਛਾੜ ਹੋਈ ਸੀ। ਨਹਿਰੀ ਵਿਭਾਗ ਨੇ ਬੀਤੇ ਵੀਰਵਾਰ ਮੋਘੇ ਨੂੰ ਬੰਦ ਕਰ ਦਿੱਤਾ ਸੀ, ਜਦੋਂ ਕਿ ਨਿਯਮਾਂ ਅਨੁਸਾਰ ਮੋਘੇ ਨੂੰ ਸ਼ੁੱਕਰਵਾਰ ਨੂੰ ਹੀ ਬੰਦ ਕੀਤਾ ਜਾਣਾ ਸੀ। ਜਿਸ ਕਾਰਨ ਨਹਿਰੀ ਵਿਭਾਗ ਨੇ ਉਨ੍ਹਾਂ ਦੀ ਪਾਣੀ ਦੀ ਵਾਰੀ ਨੂੰ ਸੁੱਕਾ ਹੀ ਜਾਣ ਦਿੱਤਾ। ਜਿਸ ਕਾਰਨ ਉਨ੍ਹਾਂ ਦੀ ਫ਼ਸਲ ’ਤੇ ਮਾੜਾ ਅਸਰ ਪਿਆ ਹੈ। ਨਹਿਰਾਂ ਦੇ ਚਾਲੂ ਨਾ ਹੋਣ ਅਤੇ ਟਿਊਬਵੈੱਲਾਂ ਲਈ 8 ਘੰਟੇ ਬਿਜਲੀ ਨਾ ਮਿਲਣ ਕਾਰਨ ਝੋਨੇ ਨੂੰ ਪਾਣੀ ਨਹੀਂ ਮਿਲ ਰਿਹਾ। ਟਿਊਬਵੈੱਲਾਂ ਨੂੰ ਬਿਜਲੀ ਦੀ ਸਪਲਾਈ ਸਿਰਫ਼ 2-3 ਘੰਟੇ ਹੀ ਆਉਂਦੀ ਹੈ। ਇੰਨੇ ਸਮੇਂ ’ਚ ਝੋਨੇ ਦੇ ਖੇਤ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ। ਜਿਸ ਕਾਰਨ ਉਹ ਝੋਨਾ ਵਾਹੁਣ ਲਈ ਮਜਬੂਰ ਹਨ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਸਾਲ ਪਾਣੀ ਭਰਨ ਕਾਰਨ ਝੋਨੇ ਦੀ ਫ਼ਸਲ ਖ਼ਰਾਬ ਹੋ ਗਈ ਸੀ। ਜਿਸ ਦਾ ਉਨ੍ਹਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਹੈ।