ਮਾਨਸਾ: ਪੰਜਾਬ ’ਚ ਲਗਾਤਾਰ ਪਿਛਲੇ ਸਾਲਾਂ ’ਚ ਫ਼ਸਲਾਂ ਦੇ ਖ਼ਰਾਬੇ ਤੇ ਸਰਕਾਰ ਵੱਲੋਂ ਕੋਈ ਢਾਰਸ ਨਾ ਬਣਨ ਕਾਰਨ ਅੰਨਦਾਤਾ ਖ਼ੁਦਕੁਸ਼ੀਆਂ ਦੇ ਰਾਹ ਤੁਰਿਆ ਹੋਇਆ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਢਿੱਲਵਾਂ ’ਚ ਵੀ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦ ਨੌਜਵਾਨ ਨੂੰ ਕਰਜ਼ੇ ਦੇ ਦੈਂਤ ਨੇ ਨਿਗਲ ਲਿਆ। ਇਸ ਦੌਰਾਨ ਚਿੰਤਾ ਵਿਸ਼ਾ ਹੈ ਕਿ ਤਿੰਨ ਦਿਨਾਂ ’ਚ ਤਿੰਨ ਨੌਜਵਾਨਾਂ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ, ਜਦਕਿ ਪਿੱਛੇ ਆਪਣੇ ਪਰਿਵਾਰ ਸਿਰ ਕਰਜ਼ਾ ਛੱਡ ਗਏ।
ਇਸ ਦੀ ਖ਼ਬਰ ਮਿਲਣ ’ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਧਨੇਰ ਦੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ 24 ਸਾਲਾ ਨੌਜਵਾਨ ਮਿੰਟੂ ਸਿੰਘ ਪੁੱਤਰ ਸੁਖਦੇਵ ਸਿੰਘ ਜੋ ਕਿ ਮਜ਼ਦੂਰ ਭਾਈਚਾਰੇ ਨਾਲ ਸਬੰਧਤ ਸੀ। ਪਰਿਵਾਰ ਬੇ-ਜ਼ਮੀਨਾ ਹੋਣ ਕਰਕੇ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਦੇ ਨਾਲ-ਨਾਲ ਪ੍ਰਾਈਵੇਟ ਨੌਕਰੀ ਵੀ ਕਰਦਾ ਸੀ। ਨੌਜਵਾਨ ਨੇ ਘਰ ਦੀ ਆਰਥਿਕ ਤੰਗੀ ਕਾਰਨ ਅਜੇ ਵਿਆਹ ਨਹੀਂ ਕਰਵਾਇਆ ਸੀ। ਪਰ ਇਕ ਵਾਰ ਫਿਰ ਤੋਂ ਫ਼ਸਲੀ ਬਰਬਾਦੀ ਹੋਣ ਕਾਰਨ ਆਰਥਿਕ ਅਤੇ ਮਾਨਸਿਕ ਤੌਰ ’ਤੇ ਟੁੱਟ ਜਾਣ ਕਾਰਨ ਪਰਿਵਾਰ ਦੇ ਸਿਰ ਕਰੀਬ 4 ਲੱਖ ਦਾ ਕਰਜ਼ਾ ਛੱਡ ਕੇ ਅਖ਼ੀਰ ਨੌਜਵਾਨ ਨੇ ਸਲਫ਼ਾਸ ਦੀਆਂ ਗੋਲ਼ੀਆਂ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਲਈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਿਸਾਨਾਂ, ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਵਿਚ ਕਮੀ ਆਉਣ ਦੀ ਬਜਾਏ ਵਾਧਾ ਹੋਇਆ ਹੈ ਕਿਉਂਕਿ ਸੱਤਾ ਵਿਚ ਆਉਣ ਤੋਂ ਬਾਅਦ ਲਗਾਤਾਰ ਤਿੰਨ ਫ਼ਸਲਾਂ ਬਰਬਾਦ ਹੋਣ, ਲੰਪੀ ਸਕਿਨ, ਮੀਂਹ ਤੇ ਹੜ੍ਹਾਂ ਨਾਲ ਘਰਾਂ ਦਾ ਨੁਕਸਾਨ ਹੋ ਚੁੱਕਿਆ ਹੈ ਪਰ ਸਰਕਾਰ ਵੱਲੋਂ ਵਾਰ-ਵਾਰ ਐਲਾਨ ਕਰਨ ਤੋਂ ਬਾਅਦ ਵੀ ਮਾਲੀ ਮੱਦਦ ਦੀ ਹਾਲੇ ਫੁੱਟੀ ਕੌਡੀ ਤੱਕ ਨਹੀਂ ਆਈ। ਉਨ੍ਹਾਂ ਇਹ ਵੀ ਕਿਹਾ ਕਿ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਚੋਣਾਂ ਦੇ ਪਹਿਲਾਂ ਜਦ ਮਾਨਸਾ ’ਚ ਆ ਕੇ ਇਕ ਪੈਲੇਸ ’ਚ ਲੋਕਾਂ ਨੂੰ ਵੋਟਾਂ ਪਾਉਣ ਲਈ ਕਿਹਾ ਸੀ ਤਾਂ ਉਨ੍ਹਾਂ ‘ਆਪ’ ਦੀ ਸਰਕਾਰ ਆਉਣ ਬਾਅਦ ਇਕ ਵੀ ਖ਼ੁਦਕੁਸ਼ੀ ਨਾ ਹੋਣ ਦੇਣ ਦੀ ਗੱਲ ਕਹੀ ਸੀ। ਪਰ ਅੱਜ ਅੰਨਦਾਤਾ ਇੰਨਾ ਆਰਥਿਕ ਮੰਦਹਾਲੀ ’ਚੋਂ ਲੰਘ ਰਿਹਾ ਹੈ ਕਿ ਲਗਾਤਾਰ ਤਿੰਨ ਦਿਨਾਂ ’ਚ ਤਿੰਨ ਖ਼ੁਦਕੁਸ਼ੀਆਂ ਹੋ ਗਈਆਂ ਹਨ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਨੂੰ ਲਗਾਤਾਰ ਕਰਜ਼ੇ ਦੇ ਬੋਝ ਹੇਠ ਦਬ ਰਹੇ ਪਰਿਵਾਰਾਂ ਦਾ ਸਹਾਰਾ ਬਣਨਾ ਚਾਹੀਦਾ ਹੈ ਅਤੇ ਪਰਿਵਾਰ ਦਾ ਆਮਦਨ ਦਾ ਵਸੀਲਾ ਖ਼ਤਮ ਹੋਣ ਕਾਰਨ ਸਾਰਾ ਕਰਜ਼ਾ ਰੱਦ ਕੀਤਾ ਜਾਵੇ।