ਫ਼ਿਰੋਜ਼ਪੁਰ: ਸਵੇਰ ਦੀ ਸਭ ਤੋਂ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਵਿਜੀਲੈਂਸ ਬਿਊਰੋ ਪੰਜਾਬ ਨੇ ਕਾਂਗਰਸੀ ਤੋਂ ਭਾਜਪਾਈ ਹੋਈ ਭਾਜਪਾ ਆਗੂ ਸਤਿਕਾਰ ਕੌਰ ਗਹਿਰੀ ਤੇ ਉਸ ਦੇ ਪਤੀ ਲਾਡੀ ਗਹਿਰੀ ਨੂੰ ਗ੍ਰਿਫਤਾਰ ਕੀਤਾ ਹੈ। ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਅਤੇ ਉਸ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ 'ਤੇ ਦੋਸ਼ ਹੈ ਕਿ ਉਸ ਨੇ ਵਿਧਾਇਕ ਹੁੰਦਿਆਂ ਕਾਂਗਰਸ ਦੇ ਰਾਜ ਵਿੱਚ ਵਸੀਲਿਆਂ ਤੋਂ ਵਧੇਰੇ ਜਾਇਦਾਦ ਇਕੱਠੀ ਕੀਤੀ ਹੈ। ਸੂਤਰਾਂ ਮੁਤਾਬਕ ਪੁਲਿਸ ਵੱਲੋਂ ਦਰਜ ਮਾਮਲੇ ਵਿਚ ਗੈਰ ਕਾਨੂੰਨੀ ਰੇਤ ਮਾਈਨਿੰਗ ਜ਼ਰੀਏ ਵੀ ਕਮਾਈ ਕੀਤੇ ਜਾਣ ਦੇ ਦੋਸ਼ ਹਨ। ਡੀ ਐੱਸ ਪੀ ਵਿਜੀਲੈਂਸ ਰਾਜ ਕੁਮਾਰ ਸਾਮਾ ਨੇ ਦੱਸਿਆ ਕਿ ਸਤਿਕਾਰ ਕੌਰ ਦੀ ਗ੍ਰਿਫਤਾਰੀ ਮੋਹਾਲੀ ਟੀਮ ਵੱਲੋਂ ਕੀਤੀ ਗਈ ਹੈ ਜਦਕਿ ਉਸ ਦੇ ਪਤੀ ਨੂੰ ਵਿਜੀਲੈਂਸ ਫ਼ਿਰੋਜ਼ਪੁਰ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਮੋਹਾਲੀ ਟੀਮ ਸਤਿਕਾਰ ਕੌਰ ਨੂੰ ਲੈ ਕੇ ਫ਼ਿਰੋਜ਼ਪੁਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਸਤਿਕਾਰ ਕੌਰ ਗਹਿਰੀ ਫ਼ਿਰੋਜ਼ਪੁਰ ਦਿਹਾਤੀ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਸੀ । 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਅੰਦਰੂਨੀ ਸਰਵੇ ਤੋਂ ਮਗਰੋਂ ਜਦੋਂ ਉਸ ਨੂੰ ਟਿਕਟ ਨਹੀਂ ਮਿਲੀ ਤਾਂ ਉਹ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ।