ਨੌਸ਼ਹਿਰਾ ਮੱਝਾ ਸਿੰਘ: ਬੀਤੀ ਦੇਰ ਰਾਤ ਅੰਮ੍ਰਿਤਸਰ ਪਠਾਨਕੋਟ ਹਾਈਵੇ 'ਤੇ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਇੱਕ ਕਾਰ ਟਰਾਲੇ ਵਿੱਚ ਜਾ ਵੱਜੀ। ਇਸ ਹਾਦਸੇ 'ਚ ਕਾਰ ਸਵਾਰ ਚਾਰ ਨੌਜਵਾਨਾਂ 'ਚੋਂ ਤਿੰਨ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਮ੍ਰਿਤਕ ਨੌਜਵਾਨਾਂ 'ਚ ਭੁਪਿੰਦਰ ਐਰੀ, ਪੰਕਜ ਅਤੇ ਰਜਤਪ੍ਰੀਤ ਸਿੰਘ ਵਾਸੀਆਨ ਧਾਰੀਵਾਲ ਵਜੋਂ ਹੋਈ ਹੈ। ਗੰਭੀਰ ਜ਼ਖ਼ਮੀ ਪੰਕਜ ਪੁੱਤਰ ਰਮੇਸ਼ ਕੁਮਾਰ ਵਾਸੀ ਧਾਰੀਵਾਲ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਹੈ। ਜਾਣਕਾਰੀ ਅਨੁਸਾਰ ਉੱਕਤ ਚਾਰੇ ਨੌਜਵਾਨ ਸਵਿਫ਼ਟ ਡਿਜਾਈਰ ਪੀਬੀ 08 ਬੀਟੀ 0142 'ਤੇ ਸਵਾਰ ਹੋ ਕੇ ਐਤਵਾਰ ਦੀ ਦੇਰ ਰਾਤ ਕਰੀਬ 9ਵਜੇ ਧਾਰੀਵਾਲ ਤੋਂ ਬਟਾਲੇ ਆ ਰਹੇ ਸਨ ਕਿ ਜਦ ਉਹ ਨੌਸ਼ਹਿਰਾ ਮੱਝਾ ਸਿੰਘ ਵਿਖੇ ਪੁੱਜੇ ਤਾਂ ਇਨ੍ਹਾਂ ਦੀ ਕਾਰ ਤੇਜ਼ ਰਫਤਾਰ ਜਾ ਰਹੀ ਬਿਨਾਂ ਰਫਲੈਕਟਰ ਪਰਾਲੀ ਢੋਣ ਵਾਲੇ ਟਰਾਲੇ ਵਿੱਚ ਜਾ ਵੱਜੀ ,ਜਿਸ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ। ਲੋਕਾਂ ਨੇ ਭਾਰੀ ਜੱਦੋਜਹਿਦ ਦੇ ਨਾਲ ਨੌਜਵਾਨਾਂ ਨੂੰ ਕਾਰ ਤੋਂ ਬਾਹਰ ਕੱਢਿਆ। ਇਸ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਚੌਂਕੀ ਨੌਸ਼ਹਿਰਾ ਮੱਝਾ ਸਿੰਘ ਦੀ ਪੁਲਿਸ ਨੇ ਮੁੱਢਲੀ ਕਾਰਵਾਈ ਕਰਦਿਆਂ ਟਰਾਲੇ ਚਾਲਕ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ।