ਫਿਰੋਜ਼ਪੁਰ : ਸਰਹੱਦੀ ਪਿੰਡ ਜੱਲੋ ਕੇ ਦੇ ਲੋਕਾਂ ਵੱਲੋਂ ਵੀਰਵਾਰ ਰਾਤ ਜਲੰਧਰ ਪੁਲਿਸ ਦੇ ਦੋ ਮੁਲਾਜ਼ਮਾਂ ਨੂੰ ਹਿੰਦ-ਪਾਕਿ ਕੌਮਾਂਤਰੀ ਸਰਹੱਦ ਕੋਲੋਂ ਕਾਬੂ ਕਰ ਲਿਆ। ਇਹ ਪੁਲਿਸ ਮੁਲਾਜ਼ਮ ਰਾਤ ਵੇਲੇ ਕਾਰ 'ਚ ਲੁਕੋ ਕੇ 2 ਕਿਲੋ ਚਿੱਟਾ ਲਿਜਾ ਰਹੇ ਸਨ। ਪਿੰਡਵਾਸੀਆਂ ਵੱਲੋਂ ਇਨ੍ਹਾਂ ਦੋਵਾਂ ਨੂੰ ਬੀਐੱਸਐੱਫ ਦੇ ਹਵਾਲੇ ਕਰ ਦਿੱਤਾ ਗਿਆ।
ਘਟਨਾ ਦੀ ਖ਼ਬਰ ਮਿਲਦਿਆਂ ਹੀ ਸਥਾਨਕ ਪੁਲਿਸ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ ਅਤੇ ਮਾਮਲੇ ਦੀ ਜਾਂਚ ਵਿਚ ਜੁੱਟ ਗਈਆਂ। ਇਨ੍ਹਾਂ ਦੀ ਵਰਦੀ ਤੋਂ ਇਕ ਸਬ ਇੰਸਪੈਕਟਰ ਤੇ ਇਕ ਹਵਲਦਾਰ ਲੱਗ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਸੇ ਮਿਸ਼ਨ 'ਤੇ ਆਏ ਸਨ ਜਾਂ ਆਪਣੇ ਹੀ ਕਿਸੇ ਨਿੱਜੀ ਕੰਮ ਲਈ ਇਹ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ। ਖੁਫ਼ੀਆ ਏਜੰਸੀਆਂ ਦੇ ਸੂਤਰਾਂ ਮੁਤਾਬਕ ਇਹ ਲੋਕ ਹੈਰੋਇਨ ਦੀ ਵੀ ਡਿਲੀਵਰੀ ਲੈਣ ਆਏ ਸਨ। ਸੂਤਰਾਂ ਨੇ ਦੱਸਿਆ ਕਿ ਇਹ ਕਿਸੇ ਅਧਿਕਾਰਤ ਮਿਸ਼ਨ 'ਤੇ ਹੁੰਦੇ ਤਾਂ ਹੈਰੋਇਨ ਦੇ ਪੈਕੇਟ ਕਾਰ ਦੇ ਬੋਨਟ 'ਚ ਲਕੋ ਕੇ ਨਹੀਂ ਲਿਜਾ ਰਹੇ ਹੁੰਦੇ।