ਮੋਗਾ : ਪਿਕ ਐਂਡ ਡਰੌਪ ਸਰਵਿਸ ਬੰਦ ਕਰਾਉਣ ਸਬੰਧੀ ਮੋਗਾ ਟੈਕਸੀ ਸਰਵਿਸ ਐਸੋਸੀਏਸ਼ਨ ਟੈਕਸੀ ਮਾਲਕਾਂ ਅਤੇ ਡਰਾਈਵਰਾਂ ਵੱਲੋਂ ਫਿਰੋਜ਼ਪੁਰ-ਲੁਧਿਆਣਾ ਹਾਈਵੇ ਰੋਡ ਉਪਰ ਦੋਵੇਂ ਪਾਸੇ ਆਪਣੀਆਂ ਗੱਡੀਆਂ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਵੱਖ-ਵੱਖ ਗੱਡੀਆਂ ਦੇ ਮਾਲਕਾਂ ਅਤੇ ਡਰਾਈਵਰਾਂ ਨੇ ਦੱਸਿਆ ਕਿ ਅਸੀ ਸਾਰੇ ਕਮਰਸ਼ੀਅਲ ਗੱਡੀਆਂ ਨਾਲ ਸਬੰਧਤ ਹਾਂ ਅਤੇ ਪਿੱਕ ਐਂਡ ਡਰੌਪ ਸਰਵਿਸ ਵਾਲੇ ਸਾਡੇ ਸ਼ਹਿਰ ਤੋਂ ਆਨਲਾਈਨ ਜਾਂ ਐਪ ਜ਼ਰੀਏ ਅੱਧੇ ਤੋਂ ਵੀ ਘੱਟ ਰੇਟਾਂ 'ਤੇ ਸਵਾਰੀਆਂ ਚੁੱਕ ਰਹੇ ਹਨ ਤੇ ਲੋਕਲ ਗੱਡੀਆਂ ਵਾਲੇ ਵਿਹਲੇ ਬੈਠੇ ਹਨ। ਉਨ੍ਹਾਂ ਕਿਹਾ ਕਿ ਇੱਕ ਡਰੌਪ ਸਰਵਿਸ ਨਾਲ ਅਣਜਾਣ ਬੰਦੇ ਰਾਹੀਂ ਗਲਤ ਵਾਰਦਾਤਾਂ ਤੇ ਸਵਾਰੀਆਂ ਦੀ ਲੁੱਟਖੋਹ ਵੀ ਹੁੰਦੀ ਹੈ ਜਿਸ ਕਰਕੇ ਸਾਡੇ ਕੰਮ ਤੇ ਗ਼ਲਤ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀ ਸਰਕਾਰ ਨੂੰ ਪੂਰਾ ਟੈਕਸ ਦੇ ਰਹੇ ਹਾਂ ਅਤੇ ਆਪਣੀਆਂ ਬੈਂਕ ਦੀਆਂ ਕਿਸ਼ਤਾਂ ਭਰਨ ਵਿੱਚ ਅਸਮੱਰਥ ਹਾਂ। ਇਸ ਲਈ ਸਾਨੂੰ ਬੈਂਕ ਤੋ ਗੱਡੀਆਂ ਫੜ੍ਹੇ ਜਾਣ ਦਾ ਵੀ ਡਰ ਹੈ। ਉਨ੍ਹਾਂ ਕਿਹਾ ਸਾਨੂੰ ਪ੍ਰਸ਼ਾਸਨ ਦਾ ਸਾਥ ਚਾਹੀਦਾ ਹੈ ਤਾਂ ਜੋ ਅਸੀਂ ਬਾਹਰੇ ਸ਼ਹਿਰਾਂ ਤੋਂ ਆ ਰਹੀਆਂ ਗੱਡੀਆਂ ਨੂੰ ਰੋਕ ਸਕੀਏ ਅਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕੀਏ। ਉਨ੍ਹਾਂ ਕਿਹਾ ਕਿ ਸਾਨੂੰ ਪ੍ਰਸ਼ਾਸਨ ਵੱਲੋਂ ਪਿੰਕ ਐਂਡ ਡਰੌਪ ਸਰਵਿਸ ਬੰਦ ਲਈ ਮਦਦ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਬਾਹਰਲੀ ਦਾਣਾ ਮੰਡੀ ਵਿੱਚ ਵੀ ਇਨ੍ਹਾਂ ਟੈਕਸੀ ਮਾਲਕਾ ਅਤੇ ਡਰਾਈਵਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਭਾਰੀ ਇਕੱਠ ਕੀਤਾ ਗਿਆ ਸੀ ਜਿਸ ਵਿੱਚ ਪੰਜਾਬ ਦੇ ਜ਼ਿਲ੍ਹਿਆਂ ਤੋਂ ਵੱਖ ਵੱਖ ਟੈਕਸੀ ਯੂਨੀਅਨਾਂ ਦੇ ਪ੍ਰਧਾਨ ਅਤੇ ਮੈਂਬਰ ਡਰਾਈਵਰ ਪਹੁੰਚੇ ਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ। ਇਸ ਮੌਕੇ ਮੋਗਾ ਪ੍ਰਧਾਨ ਨਿਰਮਲ ਸਿੰਘ ਨਿੰਮਾ ਹਰਮਨ ਸ਼ਰਮਾ, ਕੇਵਲ ਬਤਰਾ , ਪ੍ਰਦੀਪ ਦੌਧਰ, ਸਤਨਾਮ ਮਿੰਟੂ ਰਾਊਕੇ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਡਰਾਈਵਰ ਅਤੇ ਗੱਡੀਆਂ ਦੇ ਮਾਲਕ ਹਾਜ਼ਰ ਸਨ