ਚੰਡੀਗੜ੍ਹ : ਅੰਮ੍ਰਿਤਸਰ ਦੇ ਖਾਸਾ ਸਥਿਤ ਡਿਸਟਿਲਰੀ ਵਿਚੋਂ ਨਾਜਾਇਜ਼ ਤੌਰ ’ਤੇ ਕੱਢੀ ਗਈ ਸ਼ਰਾਬ ਨੂੰ ਬਾਹਰ ਮਹਿੰਗੇ ਬ੍ਰਾਂਡ ਦੀਆਂ ਬੋਤਲਾਂ ਵਿਚ ਪਾ ਕੇ ਬਾਜ਼ਾਰ ਵਿਚ ਵੇਚਣ ਦਾ ਵੱਡਾ ਮਾਮਲਾ ਫੜੇ ਜਾਣ ਦੇ ਬਾਅਦ ਐਕਸਾਈਜ਼ ਵਿਭਾਗ ਨੇ ਹੁਣ ਹੋਰ ਥਾਵਾਂ ਤੋਂ ਹੋ ਰਹੀ ਤਸਕਰੀ ਨੂੰ ਰੋਕਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਖਾਸ ਤੌਰ ’ਤੇ ਚੰਡੀਗੜ੍ਹ ਦੀ ਹੱਦ ਨਾਲ ਪੰਜਾਬ ਵਿਚ ਹੋ ਰਹੀ ਤਸਕਰੀ ਨੂੰ ਲੈ ਕੇ ਵਿਭਾਗ ਕਾਫੀ ਸਰਗਰਮ ਹੋ ਗਿਆ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਇਕ ਅਪ੍ਰੈਲ ਤੋਂ ਲੈ ਕੇ 31 ਅਗਸਤ ਤੱਕ ਵਿਭਾਗ ਨੇ ਵੱਖ-ਵੱਖ ਇਲਾਕਿਆਂ ਵਿਚ ਨਾਜਾਇਜ਼ ਸ਼ਰਾਬ ਫੜਨ ਦੇ ਜਿੰਨੇ ਮਾਮਲੇ ਮਾਮਲੇ ਦਰਜ ਕੀਤੇ ਹਨ, ਉਨ੍ਹਾਂ ਵਿਚੋਂ 186 ਅਜਿਹੇ ਹਨ ਜਿਹੜੇ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਪੰਜਾਬ ਦੇ ਬਾਜ਼ਾਰਾਂ ਵਿਚ ਪਹੁੰਚਾ ਰਹੇ ਸਨ। ਇਨ੍ਹਾਂ ਵਿਚ 2916 ਪੇਟੀਆਂ ਵੀ ਫੜੀਆਂ ਗਈਆਂ ਹਨ। ਵਿਭਾਗ ਨੂੰ ਖਦਸ਼ਾ ਹੈ ਕਿ ਇਹ ਤਾਂ ਉਹ ਮਾਲ ਹੈ ਜੋ ਫੜਿਆ ਗਿਆ ਹੈ, ਹੋ ਸਕਦਾ ਹੈ ਕਿ ਇਸ ਤੋਂ ਕਿਤੇ ਜ਼ਿਆਦਾ ਬਾਜ਼ਾਰ ਵਿਚ ਖਪਾ ਦਿੱਤਾ ਗਿਆ ਹੋਵੇ।
ਆਬਕਾਰੀ ਵਿਭਾਗ ਦੇ ਕਮਿਸ਼ਨਰ ਵਰੁਣ ਰੁਜ਼ਮ ਨੇ ਚੰਡੀਗੜ੍ਹ ਤੋਂ ਹੋ ਰਹੀ ਤਸਕਰੀ ਦਾ ਮਾਮਲਾ ਚੰਡੀਗੜ੍ਹ ਦੇ ਡੀਸੀ ਵਿਨੇ ਪ੍ਰਤਾਪ ਸਿੰਘ ਕੋਲ ਵੀ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਡਿਸਟਿਲਰੀਆਂ ਤੇ ਬਾਟਲਿੰਗ ਪਲਾਂਟਾਂ ’ਤੇ ਨਜ਼ਰ ਰੱਖੀ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਅਜਿਹੇ 186 ਮਾਮਲੇ ਦਰਜ ਕੀਤੇ ਗਏ ਹਨ ਜੋ ਚੰਡੀਗੜ੍ਹ ਤੋਂ ਪੰਜਾਬ ਵਿਚ ਤਸਕਰੀ ਦੇ ਸਨ। ਵਰੁਣ ਰੁਜ਼ਮ ਨੇ ਕਿਹਾ ਕਿ ਇੰਨੀ ਵੱਡੀ ਤਸਕਰੀ ਚੰਡੀਗੜ੍ਹ ਦੇ ਬਾਟਲਿੰਗ ਪਲਾਂਟ ਤੇ ਮੈਨੂਫੈਕਚਰਰਾਂ ਦੀ ਮਿਲੀਭੁਗਤ ਤੋਂ ਬਿਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਨਾ ਸਿਰਫ ਪੰਜਾਬ ਨੂੰ ਮਾਲੀਏ ਦੇ ਰੂਪ ਵਿਚ ਨੁਕਸਾਨ ਹੋ ਰਿਹਾ ਹੈ ਸਗੋਂ ਇਸ ਦਾ ਘਾਟਾ ਚੰਡੀਗੜ੍ਹ ਨੂੰ ਵੀ ਪੈ ਰਿਹਾ ਹੈ। ਡੀਸੀ ਚੰਡੀਗੜ੍ਹ ਨੂੰ ਸਾਰੇ 186 ਦੀ ਡਿਟੇਲ ਭੇਜਦੇ ਹੋਏ ਪੰਜਾਬ ਦੇ ਆਬਕਾਰੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਸਾਰੇ ਮਾਮਲਿਆਂ ਦੀ ਤਹਿ ਤੱਕ ਜਾਇਆ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਲੀਕੇਜ ਕਿਥੇ ਹੋ ਰਹੀ ਹੈ। ਇਸ ਵਿਚ ਬਾਟਲਿੰਗ ਤੇ ਡਿਸਟਿਲਰੀਆਂ ਦੇ ਕਿਹੜੇ-ਕਿਹੜੇ ਲੋਕ ਸ਼ਾਮਿਲ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਦੀ ਨਵੀਂ ਆਬਕਾਰੀ ਨੀਤੀ ਦੇ ਚਲਦਿਆਂ ਇਸ ਵਾਰ ਚੰਡੀਗੜ੍ਹ ਦੇ 25 ਦੇ ਕਰੀਬ ਠੇਕੇ ਨੀਲਾਮ ਨਹੀਂ ਹੋਏ ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਡਿਸਟਿਲਰੀਆਂ ਦਾ ਕੋਟਾ ਨਹੀਂ ਘਟਾਇਆ ਜਿਸ ਦੇ ਚਲਦਿਆਂ ਉਹ ਆਪਣਾ ਘਾਟਾ ਪੰਜਾਬ ਵਿਚ ਤਸਕਰੀ ਵਧਾ ਕੇ ਪੂਰਾ ਕਰ ਰਹੇ ਹਨ। ਇਹੀ ਨਹੀਂ ਇਥੇ ਵੀ ਨਾਮੀ ਬਰਾਂਡ ਦੀ ਸ਼ਰਾਬ ਨਾਜਾਇਜ਼ ਤੌਰ ’ਤੇ ਤਿਆਰ ਕਰ ਕੇ ਬਾਜ਼ਾਰ ਵਿਚ ਵੇਚੀ ਜਾ ਰਹੀ ਹੈ ਜਿਹੜੀ ਚੰਡੀਗੜ੍ਹ ਤੇ ਪੰਜਾਬ ਦੋਵਾਂ ਲਈ ਪਰੇਸ਼ਾਨੀ ਦਾ ਸੌਦਾ ਬਣੀ ਹੋਈ ਹੈ।
ਅੰਮ੍ਰਿਤਸਰ ਦੀ ਖਾਸਾ ਫੈਕਟਰੀ ਵਿਚੋਂ ਨਾਜਾਇਜ਼ ਤੌਰ ’ਤੇ ਸ਼ਰਾਬ ਕੱਢ ਕੇ ਬਾਹਰ ਗੁਦਾਮਾਂ ਵਿਚ ਤਿਆਰ ਕਰਨ ਦਾ ਮਾਮਲਾ ਹਾਲ ਹੀ ਵਿਚ ਆਬਕਾਰੀ ਵਿਭਾਗ ਦੀ ਟੀਮ ਨੇ ਫੜਿਆ ਸੀ। ਆਬਕਾਰੀ ਵਿਭਾਗ ਨੇ 6 ਤੇ 7 ਸਤੰਬਰ ਦਰਮਿਆਨ ਰਾਤ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿਚ ਇਕ ਅਹਿਮ ਆਪ੍ਰੇਸ਼ਨ ਚਲਾਇਆ ਜਿਸ ਦੌਰਾਨ ਸਿ ਧੰਦੇ ਵਿਚ ਸ਼ਾਮਿਲ ਮੁੱਖ ਮੁਲਜ਼ਮ ਰਾਜਬੀਰ ਸਿੰਘ ਤੇ ਉਸ ਦੇ ਸਾਥੀ ਸ਼ਿਵਮ ਨੂੰ ਗਿ੍ਰਫਤਾਰ ਕੀਤਾ ਗਿਆ ਤੇ ਨਾਜਾਇਜ਼ ਢੰਗ ਨਾਲ ਤਿਆਰ ਕੀਤੀ ਸਕਾਚ ਵਿ੍ਹਸਕੀ ਦੀਆਂ 10 ਪੇਟੀਆਂ ਜ਼ਬਤ ਕੀਤੀਆਂ ਗਈਆਂ। ਅਜਿਹੀਆਂ ਨਾਜਾਇਜ਼ ਸਰਗਰਮੀਆਂ ਵਿਚ ਸ਼ਾਮਿਲ ਲੋਕਾਂ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਵਿਭਾਗ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਨਾਜਾਇਜ਼ ਕਾਰਵਾਈ ਦੇ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਨਾਜਾਜ਼ਿ ਸ਼ਰਾਬ ਦਾ ਉਤਪਾਦਨ ਜਨ ਸੁਰੱਖਿਆ ਲਈ ਇਕ ਵੱਡਾ ਖਤਰਾ ਹੈ। ਨਾਲ ਹੀ ਸਰਾਕਰ ਨੂੰ ਭਾਰੀ ਵਿੱਤੀ ਨੁਕਸਾਨ ਵੀ ਹੋ ਰਿਹਾ ਹੈ।