Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਟਿੱਪਰ ਨੇ ਮੋਟਰਸਾਈਕਲ ਚਾਲਕ ਨੂੰ ਕੁਚਲਿਆ, ਪਰਿਵਾਰਕ ਮੈਂਬਰਾਂ ਨੇ ਲਾਸ਼ ਰੱਖ ਕੇ ਮੁੱਖ ਸੜਕ 'ਤੇ ਲਾਇਆ ਜਾਮ

June 04, 2023 05:12 PM

 ਭਵਾਨੀਗੜ੍ਹ : ਬੀਤੀ ਦੇਰ ਰਾਤ ਇੱਥੇ ਸੁਨਾਮ-ਭਵਾਨੀਗੜ੍ਹ ਮੁੱਖ ਸੜਕ 'ਤੇ ਪਿੰਡ ਝਨੇੜੀ ਨੇੜੇ ਇੱਕ ਟਿੱਪਰ ਨੇ ਮੋਟਰਸਾਇਕਲ ਸਵਾਰ ਨੌਜਵਾਨ ਨੂੰ ਕੁੱਚਲ ਦਿੱਤਾ। ਤੇਜ ਰਫ਼ਤਾਰ ਟਿੱਪਰ ਨੇ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ ਤੇ ਉਹ ਕਰੀਬ 80 ਫੁੱਟ ਤੱਕ ਦੀ ਦੂਰੀ ਤੱਕ ਮੋਟਰਸਾਇਕਲ ਨੂੰ ਘਸੀਟਦਾ ਲੈ ਗਿਆ ਜਿਸ ਦੌਰਾਨ ਮੋਟਰਸਾਇਕਲ ਚਾਲਕ ਦੀ ਦਰਦਨਾਕ ਮੌਤ ਹੋ ਗਈ। ਘਟਨਾ ਤੋੰ ਭੜਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਜਗੁਜਾਰੀ ਦੇ ਰੋਸ ਵੱਜੋੰ ਦੇਰ ਰਾਤ ਹੀ ਮ੍ਰਿਤਕ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਸੁਨਾਮ-ਭਵਾਨੀਗੜ੍ਹ ਰੋਡ 'ਤੇ ਜਾਮ ਲਗਾ ਦਿੱਤਾ ਤੇ ਇਨਸਾਫ਼ ਮਿਲਣ ਤੱਕ ਸੰਘਰਸ਼ ਦੀ ਚਿਤਾਵਨੀ ਦਿੱਤੀ।

ਦੱਸ ਦਈਏ ਕਿ ਇੱਥੇ ਨਿਰਮਾਣ ਅਧੀਨ ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ 'ਤੇ ਮਿੱਟੀ ਵਗੈਰਾ ਪਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਤੇ ਬੀਤੀ ਰਾਤ ਇੱਥੇ ਕੰਮ 'ਚ ਲੱਗੇ ਇੱਕ ਟਿੱਪਰ ਨੇ ਪਿੰਡ ਝਨੇੜੀ ਤੋੰ ਕਿਸੇ ਕੰਮ ਲਈ ਭਵਾਨੀਗੜ੍ਹ ਆ ਰਹੇ ਅਮ੍ਰਿਤਪਾਲ ਸਿੰਘ ਉਰਫ ਕਾਲਾ (24) ਪੁੱਤਰ ਲਾਲ ਸਿੰਘ ਵਾਸੀ ਝਨੇੜੀ ਨੂੰ ਪਿੱਛੋੰ ਜੋਰਦਾਰ ਟੱਕਰ ਮਾਰ ਦਿੱਤੀ। ਘਟਨਾ ਤੋੰ ਬਾਅਦ ਟਿੱਪਰ ਚਾਲਕ ਮੌਕੇ ਤੋੰ ਫਰਾਰ ਹੋ ਗਿਆ। ਪ੍ਰਦਰਸ਼ਨਕਾਰੀਆਂ 'ਚ ਹਾਜ਼ਰ ਮ੍ਰਿਤਕ ਦੇ ਪਿਤਾ ਲਾਲ ਸਿੰਘ ਨੇ ਆਖਿਆ ਕਿ ਟਿੱਪਰ ਚਾਲਕ ਦੀ ਲਾਪਰਵਾਹੀ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਸਮੇਤ ਲੋਕਾਂ ਨੇ ਪੁਲਸ ਪ੍ਰਸ਼ਾਸਨ 'ਤੇ ਸੁਣਵਾਈ ਨਾ ਕਰਨ ਦੇ ਦੋਸ਼ ਲਗਾਉਂਦਿਆ ਕਿਹਾ ਕਿ ਸੂਚਨਾ ਦੇਣ ਦੇ ਬਾਵਜੂਦ ਪੁਲਸ ਮੁਲਾਜ਼ਮ ਕਰੀਬ ਡੇਢ ਘੰਟੇ ਬਾਅਦ ਮੌਕੇ 'ਤੇ ਪਹੁੰਚੇ। ਸੰਘਰਸ਼ ਦੀ ਹਿਮਾਇਤ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਬੀ.ਕੇ.ਯੂ. ਡਕੌੰਦਾ ਦੇ ਆਗੂ ਵੀ ਸ਼ਾਮਲ ਹੋਏ। ਓਧਰ, ਸੜਕ ਜਾਮ ਹੋਣ ਕਾਰਨ ਵਾਹਨ ਚਾਲਕਾਂ ਨੂੰ ਰਾਤ ਭਰ ਪ੍ਰੇਸ਼ਾਨੀ ਝੱਲਣੀ ਪਈ।

ਐਤਵਾਰ ਸਵੇਰੇ ਘਟਨਾ ਸਥਾਨ 'ਤੇ ਧਰਨਾਕਾਰੀਆਂ 'ਚ ਪਹੁੰਚੇ ਡੀਐੱਸਪੀ ਭਵਾਨੀਗੜ੍ਹ ਮੋਹਿਤ ਅਗਰਵਾਲ ਤੇ ਥਾਣਾ ਮੁਖੀ ਜਸਪ੍ਰੀਤ ਸਿੰਘ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਮਾਮਲੇ ਵਿੱਚ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ। ਡੀ.ਐੱਸ.ਪੀ. ਅਗਰਵਾਲ ਨੇ ਦੱਸਿਆ ਕਿ ਪੁਲਿਸ ਨੇ ਟਿੱਪਰ ਦੇ ਡਰਾਇਵਰ ਸੁਖਦੇਵ ਸਿੰਘ ਗੋਗੀ ਪੁੱਤਰ ਸਾਧੂ ਸਿੰਘ ਵਾਸੀ ਵਜੀਦਪੁਰ ਖਿਲਾਫ਼ ਪਰਚਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਪੁਲਸ ਪ੍ਰਸ਼ਾਸਨ ਤੇ ਮ੍ਰਿਤਕ ਦੇ ਵਾਰਸਾਂ ਵਿਚਕਾਰ ਗੱਲਬਾਤ ਚੱਲ ਰਹੀ ਸੀ ਤੇ ਪੀੜਤ ਪਰਿਵਾਰ ਵੱਲੋੰ ਸਰਕਾਰ ਤੋੰ ਮੁਆਵਜੇ ਦੀ ਮੰਗ ਕੀਤੀ ਜਾ ਰਹੀ ਸੀ।

Have something to say? Post your comment