Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸਰਕਾਰੀ ਬੱਸਾਂ 'ਚੋਂ ਡੀਜ਼ਲ ਤੇ ਟਿਕਟ ਚੋਰੀ ਸਣੇ ਪੰਜ ਮਾਮਲੇ ਫੜੇ, ਬੱਸ ਚਲਾਉਂਦਿਆਂ ਮੋਬਾਈਲ ਸੁਣ ਕੇ ਸਵਾਰੀਆਂ ਨੂੰ ਖ਼ਤਰੇ ਵਿੱਚ ਪਾਉਂਦਾ ਡਰਾਈਵਰ ਫੜਿਆ

June 03, 2023 06:33 PM

ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਗਠਤ ਕੀਤੇ ਗਏ "ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਸਰਕਾਰੀ ਬੱਸ ਵਿੱਚੋਂ ਡੀਜ਼ਲ ਤੇ ਟਿਕਟ ਚੋਰੀ ਸਣੇ ਪੰਜ ਵੱਖ-ਵੱਖ ਮਾਮਲੇ ਰਿਪੋਰਟ ਕੀਤੇ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੰਗਾਨਗਰ (ਰਾਜਸਥਾਨ) ਦੇ ਬੱਸ ਸਟੈਂਡ ਵਿਖੇ ਲੰਘੀ ਰਾਤ ਚੈਕਿੰਗ ਦੌਰਾਨ ਪੰਜਾਬ ਰੋਡਵੇਜ਼ ਚੰਡੀਗੜ੍ਹ ਦੀ ਬੱਸ ਨੰਬਰ ਪੀ.ਬੀ-65 ਏ.ਡੀ 2125 ਵਿੱਚੋਂ ਲਗਭਗ 20 ਲੀਟਰ ਡੀਜ਼ਲ ਚੋਰੀ ਕਰਦੇ ਡਰਾਈਵਰ ਅਰਵਿੰਦਰ ਸਿੰਘ ਨੂੰ ਰੰਗੇ ਹੱਥੀਂ ਫੜਿਆ ਗਿਆ ਹੈ।

ਇਸੇ ਤਰ੍ਹਾਂ ਨਾਹਨ (ਹਿਮਾਚਲ ਪ੍ਰਦੇਸ਼) ਵਿਖੇ ਚੈਕਿੰਗ ਦੌਰਾਨ ਤਰਨ ਤਾਰਨ ਡਿਪੂ ਦੀ ਬੱਸ ਨੰਬਰ ਪੀ.ਬੀ-02ਡੀ.ਆਰ 2798 ਦੇ ਕੰਡਕਟਰ ਹਰਪਾਲ ਸਿੰਘ ਨੂੰ ਟਿਕਟ ਚੋਰੀ ਦੇ ਮਾਮਲੇ ਵਿੱਚ ਰਿਪੋਰਟ ਕੀਤਾ ਗਿਆ ਹੈ। ਉਸ ਨੇ ਸਵਾਰੀਆਂ ਤੋਂ 98 ਰੁਪਏ ਤਾਂ ਲੈ ਲਏ ਪਰ ਉਨ੍ਹਾਂ ਨੂੰ ਟਿਕਟ ਨਹੀਂ ਸੀ ਦਿੱਤੀ। ਸਰਹਿੰਦ ਪੁਲ 'ਤੇ ਕੀਤੀ ਗਈ ਚੈਕਿੰਗ ਦੌਰਾਨ ਮੋਗਾ ਡਿਪੂ ਦੀ ਬੱਸ ਨੰਬਰ-ਪੀ.ਬੀ-04-ਏ.ਈ 1999 ਨੂੰ ਨਿਰਧਾਰਤ ਰੂਟ ਨਾਲੋਂ ਬਦਲਵੇਂ ਰੂਟ 'ਤੇ ਚੱਲਣ ਲਈ ਰਿਪੋਰਟ ਕੀਤਾ ਗਿਆ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਬੱਸ ਚਲਾਉਂਦੇ ਸਮੇਂ ਮੋਬਾਈਲ ਫੋਨ ਸੁਣਨ ਦੇ ਮਾਮਲੇ ਵਿੱਚ ਵੀ ਇੱਕ ਡਰਾਈਵਰ ਵਿਰੁੱਧ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫ਼ਗਵਾੜਾ ਵਿਖੇ ਚੈਕਿੰਗ ਦੌਰਾਨ ਪੀ.ਆਰ.ਟੀ.ਸੀ. ਲੁਧਿਆਣਾ ਡਿਪੂ ਦੀ ਬੱਸ ਨੰਬਰ ਪੀ.ਬੀ-10-ਐਫ.ਐਫ 3936 ਦਾ ਡਰਾਈਵਰ ਵਿਨੋਦ ਕੁਮਾਰ ਬੱਸ ਚਲਾਉਣ ਸਮੇਂ ਫੋਨ ਸੁਣਦਾ ਪਾਇਆ ਗਿਆ, ਜੋ ਸਿੱਧੇ ਤੌਰ 'ਤੇ ਸਵਾਰੀਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਰਿਹਾ ਸੀ। ਇਸ ਤੋਂ ਇਲਾਵਾ ਬਿਨਾਂ ਟਿਕਟ ਸਵਾਰੀਆਂ ਨੂੰ ਵੀ ਜੁਰਮਾਨਾ ਕੀਤਾ ਗਿਆ।

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਡਾਇਰੈਕਟਰ ਸਟੇਟ ਟਰਾਂਸਪੋਰਟ ਨੂੰ ਰਿਪੋਰਟ ਕੀਤੇ ਗਏ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਕਾਰਵਾਈ ਦੇ ਆਦੇਸ਼ ਦੇ ਦਿੱਤੇ ਗਏ ਹਨ।

Have something to say? Post your comment