Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਹੇਸਟਿੰਗਜ਼ ਲਾਇਬ੍ਰੇਰੀ ਵਿਖੇ ਪੰਜਾਬੀ ਪ੍ਰੇਮੀਆਂ ਨੇ ਮਨਾਇਆ ਤੀਜਾ ਪੰਜਾਬੀ ਭਾਸ਼ਾ ਹਫਤਾ

November 24, 2022 09:13 PM

ਇੰਗਲਿਸ਼ ਦੀ ਭਾਵੇਂ ਰੱਖੀਏ ਚਾਬੀ
ਪਰ ਛੱਲਾ ਹੋਵੇ ਵਿਚ ਪੰਜਾਬੀ
ਹੇਸਟਿੰਗਜ਼ ਲਾਇਬ੍ਰੇਰੀ ਵਿਖੇ ਪੰਜਾਬੀ ਪ੍ਰੇਮੀਆਂ ਨੇ ਮਨਾਇਆ ਤੀਜਾ ਪੰਜਾਬੀ ਭਾਸ਼ਾ ਹਫਤਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 24  ਨਵੰਬਰ, 2022:- ਨਿਊਜ਼ੀਲੈਂਡ ਦੇ ਵਿਚ   21 ਤੋਂ 27 ਨਵੰਬਰ 2022 ਤੱਕ ਪੰਜਾਬੀ ਮੀਡੀਆ ਕਰਮੀਆਂ ਅਤੇ ਹੋਰ ਸੰਸਥਾਵਾਂ ਵੱਲੋਂ ਤੀਜਾ ਪੰਜਾਬੀ ਭਾਸ਼ਾ ਹਫਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਅੱਜ ਔਕਲੈਂਡ ਤੋਂ 425 ਕਿਲੋਮੀਟਰ ਦੂਰ ਸ਼ਹਿਰ ਹੇਸਟਿੰਗਜ਼ ਵਿਖੇ ਸ਼ਾਮ 5 ਵਜੇ ਤੋਂ 7 ਵਜੇ ਤੱਕ ਹੇਸਟਿੰਗਜ਼ ਲਾਇਬ੍ਰੇਰੀ ਦੀਆਂ ਬੰਦ ਤੇ ਖੁੱਲ੍ਹੀਆਂ ਪਈਆਂ ਵੱਖ-ਵੱਖ ਭਾਸ਼ਾਵਾਂ ਦੀਆਂ ਕਿਤਾਬਾਂ ਨੂੰ ਪੰਜਾਬੀ ਭਾਸ਼ਾ, ਪੰਜਾਬੀ ਬੋਲੀ, ਪੰਜਾਬੀ ਗੀਤ-ਸੰਗੀਤ ਦੇ ਨਾਲ ਸ਼ਰਸ਼ਾਰ ਕੀਤਾ ਗਿਆ। ਕਿਤਾਬਾਂ ਦੇ ਇਸ ਵਿਰਾਸਤੀ ਭੰਡਾਰ ਦੇ ਵਿਚੋਂ ਮਾਂ ਬੋਲੀ ਦੇ ਸਤਿਕਾਰ ਪ੍ਰਤੀ ਪ੍ਰੇਰਿਤ ਹੋਣਾ ਆਪਣੇ ਆਪ ਵਿਚ ਇਕ ਸੁਨੇਹਾ ਹੈ। ਇਸ ਸਾਰੇ ਪ੍ਰਬੰਧ ਦੇ ਲਈ ਹੇਸਟਿੰਗਜ਼ ਤੋਂ ਸ੍ਰੀ ਮਨਜੀਤ ਕੁਮਾਰ ਸੰਧੂ ਹੋਰਾਂ ਦੇ ਲਈ ਸ਼ਾਬਾਸ਼ੀ ਜਰੂਰ ਬਣਦੀ ਹੈ। ਇਸ ਪ੍ਰੋਗਰਾਮ ਦਾ ਆਯੋਜਨ ਉਨ੍ਹਾਂ ਨੇ ਪਹਿਲੀ ਵਾਰ ਕੀਤਾ ਅਤੇ ਬਾਕਮਾਲ ਰਿਹਾ। ਆਰੰਭਤਾ ਬੱਚੀ ਇਬਾਦਤ ਕੌਰ ਦੇ ਜੱਥੇ ਗੁਰਸੀਰਤ ਕੌਰ ,ਅਮਿਰਤ ਕੌਰ, ਬੀਬੀ ਭੁਪਿੰਦਰ ਕੌਰ ਅਤੇ ਵੀਰ ਗੁਰਪ੍ਰੀਤ ਸਿੰਘ ਨੇ ਰਸਭਿੰਨਾ ਕੀਰਤਨ ਨਾਲ ਹੋਈ ਅਤੇ ਗੁਰਮੁਖੀ ਅਤੇ ਗੁਰਬਾਣੀ ਦੇ ਉਚਾਰਨ ਨਾਲ ਮਾਹੌਲ ਨੂੰ ਰੂਹਾਨੀਅਤ ਨਾਲ ਰੰਗ ਦਿੱਤਾ ਗਿਆ।  ਉਪਰੰਤ ਹੇਸਟਿੰਗਜ਼ ਦੇ ਜ਼ਿਲ੍ਹਾ ਕੌਂਸਲਰ ਸ੍ਰੀ ਡੈਮਨ ਹਾਰਵੀ, ਕੈਵਿਨ ਵਾਟਕਿਨਜ਼ ਤੇ ਮਾਰਕਸ ਬੁੱਡੋ, ਨਿਊਜ਼ੀਲੈਂਡ ਪੁਲਿਸ ਇੰਸਪੈਕਟਰ ਡੈਮਿਨ ਓਰਮਸਬਾਇ, ਸਰਜੰਟ ਵਿੱਲੀ ਟ੍ਰਾਨ, ਨੇਪੀਅਰ ਸਿਟੀ ਕੌਂਸਰ ਮੈਕਸਿਨ ਬੁਆਗ  ਨੇ ਪਹੁੰਚ ਕੇ ਪੰਜਾਬੀ ਭਾਸ਼ਾ ਦੇ ਇਸ ਪ੍ਰੋਗਰਾਮ ਨੂੰ ਹੋਰ ਮਾਨਤਾ ਦੇ ਦਿੱਤੀ। ਉਨ੍ਹਾਂ ਪੰਜਾਬੀ ਭਾਸ਼ਾ ਹਫਤੇ ਲਈ ਸਭ ਨੂੰ ਵਧਾਈ ਦਿੱਤੀ।  ਬੱਚਿਆਂ ਨੂੰ ਪ੍ਰਸੰਸ਼ਾ ਪੱਤਰ ਵੰਡੇ। ਪੰਜਾਬੀ ਸਭਿਆਚਾਰ ਤੇ ਗੀਤ-ਸੰਗੀਤ ਵੰਨਗੀਆਂ ਦੀ ਸ਼ੁਰੂਆਤ ਅਨਾਮਿਕਾ ਸੰਧੂ ਹੇਸਟਿੰਗਜ, ਵਰਦੀਪ ਕੌਰ, ਧੰਨਵੀ, ਸ਼ਾਸਤਰੀ ਅਤੇ ਹੈਂਡਸਨ ਖਹਿਰਾ  ਨੇ ਕੀਤੀ, ਜਿਸ ਨਾਲ ਹਾਲ ਗੂੰਜ ਉੱਠਿਆ। ਇਹਨਾਂ ਨੂੰ ਪਾਕਿਸਤਾਨ ਕਮਿਊਨਿਟੀ ਐਂਡ ਹਿੰਦੂ ਕੌਂਸਿਲ ਮੈਂਬਰਾਂ, ਹੇਸਟਿੰਗ ਜਿਲ੍ਹਾ ਕੌਂਸਲਰ ਪੀਲੀਟੀ ਓਲੀ  ਨੇ  ਸਰਟੀਫਿਕੇਟ ਵੰਡੇ ਅਤੇ  ਪੰੰਜਾਬੀ ਭਾਸ਼ਾ ਪ੍ਰਤੀ ਆਪਣੇ ਵਿਚਾਰ ਪੇਸ਼ ਕੀਤੇ। ਗੁਰਬਾਜ ਸਿੰਘ, ਜਪੁਜੀ ਕੌਰ, ਜਾਰਾ ਵਲੋਂ ਪੰਜਾਬੀ ਨਾਲ ਪਿਆਰ ਬਣਾਈ ਰੱਖਣ ਦੀਆਂ ਗੱਲਾਂ ਕੀਤੀਆਂ। ਇਹਨਾਂ ਨੂੰ ਏਂਜੀਲੀਨ ਚਾਂਦ, ਲਾਇਬ੍ਰੇਰੀ ਕਮਿਊਨਿਟੀ ਮੈਨੇਜਰ ਕਾਰਲਾ ਕ੍ਰੋਸਬੀ ਨੇ ਸਰਟੀਫਿਕੇਟ ਵੰਡੇ। ਗੁਰਦੁਆਰਾ ਸਾਹਿਬ ਹੇਸਟਿੰਗਜ, ਸ੍ਰੀ ਗੁਰੂ ਰਵਿਦਾਸ ਟੈਂਪਲ ਦੇ ਪੰਜਾਬੀ ਅਧਿਆਪਕਾਂ ਦਾ ਮਾਣ ਸਤਿਕਾਰ ਵੀ ਕੀਤਾ ਗਿਆ। ਸ. ਬਚਨ ਸਿੰਘ, ਭਾਈ ਭੁਪਿੰਦਰ ਸਿੰਘ ਸੰਧੂ, ਹਰਪਾਲ ਸਿੰਘ ਅਤੇ ਭਾਈ ਕੁਲਵੰਤ ਸਿੰਘ ਨੇ ਪੰਜਾਬੀ ਦੇ ਵਿਕਾਸ ਲਈ ਯੋਗਦਾਨ ਦੀਆਂ ਗੱਲਾਂ ਕੀਤੀਆਂ। ਮਨਜੀਤ ਸੰਧੂ ਹੇਸਟਿੰਗਜ ਅਤੇ ਸੁਖਦੀਪ ਸਿੰਘ ਵਲੋਂ ਸਟੇਜ ਦਾ ਸੰਚਾਲਨ ਕੀਤਾ ਗਿਆ। ਬਿੱਲੂ ਸਟੂਡੀਓ ਵੱਲੋਂ ਤਸਵੀਰਾਂ ਖਿੱਚਣ ਦੀ ਸੇਵਾ ਕੀਤੀ ਗਈ। ਪ੍ਰਬੰਧਕਾਂ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ। ਸਟੇਜ ਨੂੰ ਫੁੱਲਕਾਰੀ ਨਾਲ ਸਜਾਇਆ ਗਿਆ ਸੀ, ਪੰਜਾਬੀ ਪੈਂਤੀ ਪ੍ਰਦਰਸ਼ਿਤ ਕੀਤੀ ਗਈ ਸੀ, ਆਲੀਸ਼ਾਨ ਸ਼ਾਹੀ ਜਿਹਾ ਲਗਦਾ ਮੰਜਾ, ਛੱਜ, ਢੋਲਕ, ਜਾਗੋ ਵਾਲੀ ਗਾਗਰ,ਪੱਖੀਆਂ, ਫੱਟਾ ਮਾਈਏ ਵਾਲਾ ਅਤੇ ਹੋਰ ਸਭਿਆਚਰਕ ਸਮਾਨ ਵੀ ਰੱਖਿਆ ਗਿਆ। ਇਸ ਸਾਰੇ ਪ੍ਰੋਗਰਾਮ ਦਾ ਜੇਕਰ ਨਿਚੋੜ ਕੱਢਿਆ ਜਾਵੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ‘ਇੰਗਲਿਸ਼ ਦੀ ਭਾਵੇਂ ਰੱਖੀਏ ਚਾਬੀ, ਪਰ ਛੱਲਾ ਹੋਵੇ ਵਿਚ ਪੰਜਾਬੀ।’’

Have something to say? Post your comment