Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਨੇ ਲੰਡਨ ਰੋਸ ਮੁਜਾਹਰੇ ਦੌਰਾਨ ਹੋਏ ਪੱਖਪਾਤ ਦੀ ਕੀਤੀ ਨਿਖੇਧੀ

June 28, 2022 03:42 AM

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਨੇ ਲੰਡਨ ਰੋਸ ਮੁਜਾਹਰੇ ਦੌਰਾਨ ਹੋਏ ਪੱਖਪਾਤ ਦੀ ਕੀਤੀ ਨਿਖੇਧੀ

" 15 ਅਗਸਤ ਨੂੰ ਮੁਜਾਹਰੇ ਦਾ ਐਲਾਨ ਅਤੇ ਸਿੱਖ ਸੰਗਤ ਦਾ ਧੰਨਵਾਦ " 

ਲੰਡਨ-  ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਲਈ ਯਤਨਸ਼ੀਲ ਸਿੱਖ ਜਥੇਬੰਦੀਆਂ ਵਲੋਂ ਜੂਨ 1984 ਨੂੰ   ਸਿੱਖ  ਤਵਾਰੀਖ ਵਿੱਚ ਵਾਪਰੇ ਤੀਸਰੇ ਖੂਨੀ ਘੱਲੂਘਾਰੇ ਤੋਂ ਬਾਅਦ ਯੂ,ਕੇ ਸਥਿਤ ਭਾਰਤੀ ਅੰਬੈਸੀ ਮੂਹਰੇ ਲਗਾਤਾਰ ਰੋਸ ਅਤੇ ਰੋਹ ਭਰਪੂਰ ਪ੍ਰਦਰਸ਼ਨ ਕੀਤੇ ਜਾਂਦੇ ਹਨ। ਕਰੀਬ ਤੀਹ ਕੁ ਸਾਲ ਪਹਿਲਾਂ  ਇਹਨਾਂ ਰੋਸ ਮੁਜਾਹਰਿਆਂ ਅਤੇ ਯੂ,ਕੇ ਵਿੱਚ ਪੰਥਕ ਮੁੱਦਿਆਂ ਤੇ ਵਿਚਾਰ ਕਰਨ,ਪੰਥਕ ਮਸਲਿਆਂ ਨੂੰ ਸੁਲਝਾਉਣ ਲਈ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਸਾਂਝਾ ਸੰਗਠਨ ਕਾਇਮ ਕੀਤਾ ਸੀ। ਜਿਸਦਾ ਨਾਮ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਰੱਖਿਆ ਗਿਆ।  ਇਸ ਸਾਂਝੇ ਪਲੇਟਫਾਰਮ ਰੂਪੀ ਸੰਗਠਨ ਵਿੱਚ  ਸ਼ਾਮਲ ਸਿੱਖ ਜਥੇਬੰਦੀਆਂ ਦੀ ਗਿਣਤੀ  ਸਮੇਂ ਅਨੁਸਾਰ  ਵੱਧਦੀ ਘਟਦੀ ਰਹੀ ਹੈ । ਅਜੋਕੇ ਸਮੇਂ ਦੌਰਾਨ ਇਸ ਵਿੱਚ 8 ਸਿੱਖ ਜਥੇਬੰਦੀਆਂ  ਸ਼ਾਮਲ ਹਨ । ਇਸ ਸਾਲ 19 ਜੂਨ ਐਤਵਾਰ ਵਾਲੇ ਦਿਨ ਲੰਡਨ ਵਿੱਚ ਭਾਰੀ ਰੋਸ ਮੁਜਾਹਰਾ ਕੀਤਾ ਗਿਆ।  ਇਸ ਮੁਜਾਹਰੇ ਤੋਂ ਇਕ ਹਫਤਾ ਪਹਿਲਾਂ ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਵਿੱਖੇ ਮੀਟਿੰਗ ਹੋਈ ਸੀ। ਜਿਸ ਵਿੱਚ  ਗੁਰਦਵਾਰਾ ਸਾਹਿਬ ਦੇ ਮੌਜੂਦਾ  ਪ੍ਰਬੰਧਕਾਂ ਨੇ ਆਪਣਾ ਵਾਜਿਬ ਰੋਸ ਅਤੇ ਨਾਰਾਜ਼ਗੀ  ਜਾਹਰ ਕਰਦਿਆ ਆਖਿਆ ਸੀ ਕਿ ਪਿਛਲੇ ਸਾਲਾਂ ਦੌਰਾਨ ਉਹਨਾਂ ਨੂੰ ਜਾਣਬੁੱਝ ਕੇ ਸਟੇਜ ਤੋਂ ਟਾਈਮ ਨਹੀਂ ਦਿੱਤਾ ਗਿਆ। ਜਦਕਿ ਉਹਨਾਂ ਦੀ ਵਿਰੋਧੀ ਧਿਰ ਦੇ ਸਾਬਕਾ ਪ੍ਰਬੰਧਕ ਵੀ ਸਿੱਖ ਸੰਗਤਾਂ ਨੂੰ ਮੁਖਾਤਿਬ ਹੋਏ ਸੀ। ਇਸ ਉਪਰੰਤ ਮੀਟਿੰਗ ਵਿੱਚ ਇਹ ਫੈਂਸਲਾ ਹੋਇਆ ਸੀ ਕਿ ਇਸ ਸਾਲ ਉਹਨਾਂ ਨੂੰ ਟਾਈਮ ਜਰੂਰ ਦਿੱਤਾ  ਜਾਵੇਗਾ। ਕਿਉਂ ਕਿ ਇਹ ਰੋਸ ਮੁਜਾਹਰਾ ਕਿਸੇ ਇਕ ਜਥੇਬੰਦੀ,ਵਿਆਕਤੀ ਵਿਸ਼ੇਸ਼ ਵਲੋਂ ਨਹੀ ਕੀਤਾ ਜਾਂਦਾ। ਬਲਕਿ ਇਹ ਯੂ,ਕੇ ਭਰ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਦਾ ਸਾਂਝਾ ਪ੍ਰੋਗਰਾਮ ਹੁੰਦਾ ਹੈ ਜਿਸ ਵਿੱਚ ਸਭ ਤੋਂ ਵੱਧ ਯੋਗਦਾਨ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦਾ ਹੀ ਹੁੰਦਾ ਹੈ। ਪਰ ਰੋਸ ਮੁਜਾਹਰੇ ਵਾਲੇ ਦਿਨ ਮੀਟਿੰਗ ਵਿੱਚ ਆਪਣੇ ਹੀ ਕੀਤੇ ਗਏ  ਫੈੰਸਲੇ ਤੋਂ ਉਲਟ ਜਾ ਕੇ ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੇ ਮੌਜੂਦਾ ਪ੍ਰਬੰਧਕਾਂ ਨੂੰ ਟਾਈਮ ਦੇਣ ਦਾ ਫੇਰ ਵਿਰੋਧ ਕਰ ਦਿੱਤਾ ਗਿਆ । ਜਿਸਦਾ ਸਾਡੇ ਵਲੋਂ ਸਖਤ ਇਤਰਾਜ ਕੀਤਾ ਗਿਆ।  ਇਸ ਯੂ,ਕੇ ਭਰ ਦੇ ਕੌਮੀ ਪ੍ਰੋਗਰਾਮ ਨੂੰ  ਕਿਸੇ ਵੀ ਵਿਅਕਤੀਗਤ ਜਾਂ ਸਥਾਨਕ ਝਗੜੇ ਦੀ ਭੇਂਟ ਝੜਾਉਣਾ  ਬਹੁਤ ਮਾੜੀ ਗੱਲ ਹੈ। ਜਿਸ ਕਾਰਨ ਪ੍ਰਬੰਧਕਾਂ ਅਤੇ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ । ਇਹੋ ਜਿਹਾ ਦੁੱਖਦਾਇਕ ਵਰਤਾਰਾ ਭਵਿੱਖ ਵਿੱਚ ਨਹੀਂ ਹੋਣਾ ਚਾਹੀਦਾ। ਇਸ ਸਬੰਧੀ  ਅਗਲੀ ਮੀਟਿੰਗ ਵਿੱਚ  ਗੰਭੀਰਤਾ ਨਾਲ  ਵਿਚਾਰ  ਕਰਕੇ ਸਾਰਥਕ ਅਤੇ ਸਾਂਝੀ ਨੀਤੀ ਤਿਆਰ ਕੀਤੀ ਜਾਵੇਗੀ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਲਵਸ਼ਿੰਦਰ ਸਿੰਘ ਅਤੇ ਭਾਈ ਜੋਗਾ ਸਿੰਘ, ਬ੍ਰਿਟਿਸ਼ ਸਿੱਖ ਕੌਂਸਲ ਦੇ ਮੁਖੀ  ਭਾਈ ਤਰਸੇਮ ਸਿੰਘ ਦਿਓਲ, ਯੂਨਾਈਟਿਡ ਖਾਲਸਾ ਦਲ ਯੂ,ਕੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ, ,ਸ਼੍ਰੋਮਣੀ ਅਕਾਲੀ ਦਲ ਯੂ,ਕੇ ਦੇ ਪ੍ਰਧਾਨ ਭਾਈ ਗੁਰਦੇਵ ਸਿੰਘ ਚੋਹਾਨ,  ਧਰਮਯੁੱਧ ਜਥਾ ਦਮਦਮੀ ਟਕਸਾਲ ਯੂ,ਕੇ ਦੇ ਮੁਖੀ ਜਥੇਦਾਰ ਚਰਨ ਸਿੰਘ, ਬੱਬਰ ਅਕਾਲੀ ਆਰਗੇਨਾਈਜ਼ੇਸ਼ਨ ਦੇ ਮੁਖੀ ਜਥੇਦਾਰ ਅਵਤਾਰ ਸਿੰਘ ਸੰਘੇੜਾ ਨੇ ਉਕਤ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਉਹਨਾਂ ਗੁਰਦਵਾਰਾ ਪ੍ਰਬੰਧਕਾਂ ਤੋਂ ਨਿਮਰਤਾ ਸਹਿਤ ਖਿਮਾ ਜਾਚਨਾ ਕੀਤੀ ਹੈ , ਜਿਹਨਾਂ ਨੂੰ ਇਸ ਸਾਲ ਸਟੇਜ ਤੋਂ ਟਾਈਮ ਨਹੀ ਦਿੱਤਾ ਗਿਆ। ਸ਼ਹੀਦਾਂ ਨੂੰ ਸਮਰਪਿਤ ਇਸ ਸਾਂਝੇ ਕੌਮੀ ਪ੍ਰੋਗਰਾਮ ਵਿੱਚ ਕਿਸੇ ਵੀ ਬੁਲਾਰੇ ਜਾਂ ਜਥੇ ਨੂੰ ਸਿਆਸੀ ਪਾਰਟੀਆਂ ਦੇ ਵਿਰੋਧ ਅਤੇ ਹਿਮਾਇਤ ਦੀਆਂ  ਗੱਲਾਂ ਕਰਨ  ਤੋ ਵੀ ਦੂਰ ਰਹਿਣਾ ਚਾਹੀਦਾ ਹੈ। ।  ਇਸ ਦੇ ਨਾਲ ਹੀ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਯੂ,ਕੇ ਵਲੋਂ ਭਾਰਤ ਦੇ ਅਖੌਤੀ ਆਜਾਦੀ ਦਿਹਾੜੇ ਮੌਕੇ 15 ਅਗਸਤ ਨੂੰ ਲੰਡਨ ਵਿਖੇ ਭਾਰਤੀ ਅੰਬੈਸੀ ਮੂਹਰੇ  ਰੋਸ ਮੁਜਾਹਰੇ ਦਾ ਐਲਾਨ ਕੀਤਾ ਗਿਆ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋ ਸਮੂਹ ਸਿੱਖ ਸੰਗਤਾਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ,ਜਿਹਨਾਂ ਦੇ ਭਰਵੇਂ ਸਹਿਯੋਗ ਨਾਲ ਹਰ ਸਾਲ ਇਹ ਰੋਸ ਮੁਜਾਹਰਾ  ਕਾਮਯਾਬ ਹੁੰਦਾ ਹੈ। 

Have something to say? Post your comment