Thursday, May 02, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਗਲਾਸਗੋ: ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਕੀਰਤਨੀਏ ਸਿੰਘਾਂ ਦੀ ਵਿਦਾਇਗੀ ਨਮਿਤ ਸਮਾਗਮ

June 14, 2022 10:01 PM
ਗਲਾਸਗੋ: ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਕੀਰਤਨੀਏ ਸਿੰਘਾਂ ਦੀ ਵਿਦਾਇਗੀ ਨਮਿਤ ਸਮਾਗਮ 
 
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਵਿਦੇਸ਼ਾਂ ਦੀ ਧਰਤੀ ‘ਤੇ ਗੁਰਦੁਆਰਾ ਸਾਹਿਬਾਨਾਂ ਦੀ ਸਥਾਪਨਾ ਬੇਸ਼ੱਕ ਸੰਗਤਾਂ ਦੇ ਸਹਿਯੋਗ ਤੇ ਦਸਵੰਧ ਨਾਲ ਹੁੰਦੀ ਹੈ ਪਰ ਗੁਰਦੁਆਰਾ ਸਾਹਿਬਾਨਾਂ ਅੰਦਰ ਨਿਰੰਤਰਤਾ ਨੂੰ ਕਾਇਮ ਰੱਖਣ ਵਿੱਚ ਰਾਗੀ ਸਿੰਘਾਂ, ਕੀਰਤਨੀਏ ਸਿੰਘਾਂ ਅਤੇ ਗ੍ਰੰਥੀ ਸਿੰਘਾਂ ਦਾ ਯੋਗਦਾਨ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਵਿਦੇਸ਼ਾਂ ‘ਚ ਸਥਾਪਿਤ ਗੁਰਦੁਆਰਾ ਸਾਹਿਬਾਨਾਂ ਵਿੱਚ ਇਹਨਾਂ ਸੇਵਾਵਾਂ ਲਈ ਜੱਥੇ ਪੰਜਾਬ ਤੋਂ ਹੀ ਮੰਗਵਾਏ ਜਾਂਦੇ ਹਨ। ਪੰਜਾਬ ਤੋਂ ਆਏ ਇਹਨਾਂ ਬਾਬੇ ਨਾਨਕ ਦੇ ਪੁੱਤਾਂ ਵੱਲੋਂ ਵਿਦੇਸ਼ਾਂ ਵਿੱਚ ਸਿੱਖੀ ਜਾਂ ਪੰਜਾਬੀਅਤ ਦਾ ਪ੍ਰਚਾਰ ਪ੍ਰਸਾਰ ਹੀ ਨਹੀਂ ਕੀਤਾ ਜਾਂਦਾ ਸਗੋਂ ਅਮਿੱਟ ਮੋਹ ਦੀਆਂ ਤੰਦਾਂ ਵੀ ਜੋੜ ਲਈਆਂ ਜਾਂਦੀਆਂ ਹਨ। ਸੀਮਤ ਸਮੇਂ ਲਈ ਆਏ ਇਹ ਸਿੰਘ ਜਦੋਂ ਆਪਣਾ ਸਮਾਂ ਪੁਗਾ ਕੇ ਵਾਪਸ ਵਤਨ ਲਈ ਚਾਲੇ ਪਾਉਂਦੇ ਹਨ ਤਾਂ ਮਹੌਲ ਦੇਖਣ ਵਾਲਾ ਹੁੰਦਾ ਹੈ। ਇਹੋ ਜਿਹਾ ਹੀ ਗ਼ਮਗੀਨ ਮਹੌਲ ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਵਿਖੇ ਦੇਖਣ ਨੂੰ ਮਿਲਿਆ ਜਦੋਂ ਗੁਰੂਘਰ ਦੇ ਵਜ਼ੀਰ ਭਾਈ ਅਰਵਿੰਦਰ ਸਿੰਘ ਅਤੇ ਭਾਈ ਤੇਜਵੰਤ ਸਿੰਘ ਦੇ ਅਖੀਰਲੇ ਦੀਵਾਨ ਸਮੇਂ ਦੇਖਣ ਨੂੰ ਮਿਲਿਆ। ਭਾਈ ਅਰਵਿੰਦਰ ਸਿੰਘ ਅਤੇ ਭਾਈ ਤੇਜਵੰਤ ਸਿੰਘ ਦੀ ਵਿਦਾਇਗੀ ਦੇ ਸੰਬੰਧ ਵਿੱਚ ਹੋਏ ਸਮਾਗਮ ਦੌਰਾਨ ਭਾਈ ਅਰਵਿੰਦਰ ਸਿੰਘ ਵੱਲੋਂ ਬੋਲੇ ਧੰਨਵਾਦੀ ਸ਼ਬਦਾਂ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ। ਉਹਨਾਂ ਕਿਹਾ ਕਿ ਅਸੀਂ ਇੱਥੇ ਬੇਸ਼ੱਕ ਕਾਮਿਆਂ ਦੇ ਤੌਰ ‘ਤੇ ਆਏ ਸਾਂ ਪਰ ਅਜਿਹੇ ਮੋਹ ਭਰੇ ਰਿਸ਼ਤੇ ਲੈਕੇ ਜਾ ਰਹੇ ਹਾਂ ਜੋ ਪੂਰੀ ਜ਼ਿੰਦਗੀ ਦਾ ਸਰਮਾਇਆ ਹਨ। ਉਹਨਾਂ ਕਿਹਾ ਕਿ ਆਪਣੇ ਜੀਵਨ ਦੌਰਾਨ ਬਹੁਤ ਸਾਰੀਆਂ ਥਾਂਵਾਂ ‘ਤੇ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ ਪਰ ਜੋ ਪਿਆਰ ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਦੀ ਸਮੁੱਚੀ ਕਮੇਟੀ ਤੇ ਸੰਗਤਾਂ ਵੱਲੋਂ ਮਿਲਿਆ ਹੈ ਉਸ ਦੇ ਹਮੇਸ਼ਾ ਕਰਜ਼ਦਾਰ ਰਹਾਂਗੇ। ਗੁਰਦੁਆਰਾ ਕਮੇਟੀ ਦੀ ਤਰਫੋਂ ਪ੍ਰਧਾਨ ਭੁਪਿੰਦਰ ਸਿੰਘ ਬਰਮੀ, ਮੀਤ ਪ੍ਰਧਾਨ ਜਸਵੀਰ ਸਿੰਘ ਬਮਰਾ, ਸੋਹਨ ਸਿੰਘ ਸੌਂਧ, ਅਵਤਾਰ ਸਿੰਘ ਹੁੰਝਣ, ਹੈਰੀ ਮੋਗਾ, ਸੁਖਦੇਵ ਸਿੰਘ ਕੁੰਦੀ, ਹਰਦੀਪ ਸਿੰਘ ਕੁੰਦੀ ਆਦਿ ਵੱਲੋਂ ਭਾਈ ਅਰਵਿੰਦਰ ਸਿੰਘ ਅਤੇ ਭਾਈ ਤੇਜਵੰਤ ਸਿੰਘ ਨੂੰ ਸਿਰੋਪਾਓ ਨਾਲ ਨਿਵਾਜਿਆ ਗਿਆ।

Have something to say? Post your comment