Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਸਕਾਟਲੈਂਡ ਦੇ ਪਾਰਲੀਮੈਂਟ ਵਿੱਚ ਵਿਸਾਖੀ ਸੰਬੰਧੀ ਸਮਾਗਮ ਵਿੱਚ ਲੱਗੀਆਂ ਰੌਣਕਾਂ

May 27, 2022 11:37 PM
ਸਕਾਟਲੈਂਡ ਦੇ ਪਾਰਲੀਮੈਂਟ ਵਿੱਚ ਵਿਸਾਖੀ ਸੰਬੰਧੀ ਸਮਾਗਮ ਵਿੱਚ ਲੱਗੀਆਂ ਰੌਣਕਾਂ
 
ਸ਼ਾਨਦਾਰ ਸਮਾਗਮ ਲਈ ਸਿੱਖ ਭਾਈਚਾਰੇ ਵੱਲੋਂ ਪੈਮ ਗੋਸਲ ਦੇ ਉਪਰਾਲੇ ਦੀ ਸ਼ਲਾਘਾ
 
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਕਿਸੇ ਭਾਈਚਾਰੇ ਲਈ ਇਸ ਤੋਂ ਵੱਡਾ ਮਾਣ ਕੀ ਹੋਵੇਗਾ ਕਿ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲਾ ਤਿਉਹਾਰ ਪਾਰਲੀਮੈਂਟ ਵਿੱਚ ਮਨਾਇਆ ਜਾਵੇ। ਜੀ ਹਾਂ, ਸਕਾਟਲੈਂਡ ਵਸਦੇ ਸਿੱਖ ਭਾਈਚਾਰੇ ਦੀ ਝੋਲੀ ਇਹ ਮਾਣ ਪਿਆ ਹੈ ਕਿ ਐੱਮ ਐੱਸ ਪੀ ਪੈਮ ਗੋਸਲ ਦੇ ਅਣਥੱਕ ਯਤਨਾਂ ਸਦਕਾ ਸਕਾਟਿਸ਼ ਪਾਰਲੀਮੈਂਟ ਵਿੱਚ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਸਮਾਗਮ ਕਰਵਾਇਆ ਗਿਆ। ਸਕਾਟਲੈਂਡ ਦੇ ਵੱਖ ਵੱਖ ਸ਼ਹਿਰਾਂ ਵਿੱਚੋਂ ਸਿੱਖ ਸੰਗਤਾਂ ਨੇ ਸੱਦੇ ਨੂੰ ਕਬੂਲਦਿਆਂ ਉਤਸ਼ਾਹਪੂਰਵਕ ਹਾਜ਼ਰੀ ਭਰੀ। ਸਕਾਟਿਸ਼ ਗੁਰਦੁਆਰਾ ਕੌਂਸਲ ਦੇ ਵਿਸ਼ੇਸ਼ ਸਹਿਯੋਗ ਨਾਲ ਹੋਏ ਇਸ ਸਮਾਗਮ ਦੀ ਸ਼ੁਰੂਆਤ ਸੈਂਟਰਲ ਗੁਰਦੁਆਰਾ ਸਿੰਘ ਸਭਾ ਦੇ ਹੈੱਡ ਗਰੰਥੀ ਭਾਈ ਸੁਖਬੀਰ ਸਿੰਘ ਜੀ ਵੱਲੋਂ ਕੀਤੀ ਅਰਦਾਸ ਨਾਲ ਹੋਈ। ਇਸ ਉਪਰੰਤ ਭਾਈ ਸੁਖਬੀਰ ਸਿੰਘ ਤੇ ਭਾਈ ਭਲਵਿੰਦਰ ਸਿੰਘ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਦੁਮਾਲਿਆਂ, ਕੇਸਕੀਆਂ ਨਾਲ ਸਜੇ ਭੁਝੰਗੀ ਸਿੰਘ ਸਿੰਘਣੀਆਂ ਨੇ ਵੀ ਕੀਰਤਨ ਤੇ ਕਵਿਤਾਵਾਂ ਨਾਲ ਇਸ ਸਮਾਗਮ ਵਿੱਚ ਹਾਜ਼ਰੀ ਭਰੀ। ਸਕਾਟਲੈਂਡ ਦੇ ਜੰਮਪਲ ਬੱਚਿਆਂ ਵੱਲੋਂ ਗੱਤਕੇ ਦੀ ਪੇਸ਼ਕਾਰੀ ਕਰਕੇ ਆਪਣੀ ਵਿਰਾਸਤ ਦੇ ਦੀਦਾਰੇ ਕਰਵਾਏ ਗਏ ਜਿਸਨੂੰ ਹਾਜ਼ਰ ਐੱਮ ਐੱਸ ਪੀਜ਼ ਵੱਲੋਂ ਬੇਹੱਦ ਸਲਾਹਿਆ ਗਿਆ। ਸਕਾਟਲੈਂਡ ਦੀ ਧਰਤੀ 'ਤੇ ਪਹਿਲੀ ਸਿੱਖ ਮੈਂਬਰ ਪਾਰਲੀਮੈਂਟ ਵਜੋਂ ਪ੍ਰਸਿੱਧ ਐੱਮ ਐੱਸ ਪੀ ਪੈਮ ਗੋਸਲ ਨੇ ਸਿੱਖ ਭਾਈਚਾਰੇ ਵੱਲੋਂ ਪਹੁੰਚੇ ਹਰ ਸਖਸ਼ ਨੂੰ ਨਿੱਘੀ ਜੀ ਆਇਆਂ ਕਹਿੰਦਿਆਂ ਕਿਹਾ ਕਿ ਉਹਨਾਂ ਦਾ "ਆਪਣੇ ਪਾਰਲੀਮੈਂਟ ਵਿੱਚ ਹਾਰਦਿਕ ਸਵਾਗਤ ਹੈ।" ਇਸ ਉਪਰੰਤ ਡਿਪਟੀ ਪ੍ਰੀਜ਼ਾਈਡਿੰਗ ਅਫਸਰ ਲੀਅਮ ਮੈਕਅਰਥਰ, ਸਕਾਟਿਸ਼ ਕੰਜਰਵੇਟਿਵ ਲੀਡਰ ਡਗਲਸ ਰੌਸ, ਲੇਬਰ ਲੀਡਰ ਅਨਾਸ ਸਰਵਰ, ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਦਫਤਰ ਵੱਲੋਂ ਹੈੱਡ ਆਫ ਚਾਂਸਰੀ ਆਸਿਫ ਸਈਦ, ਸਕਾਟਿਸ਼ ਗੁਰਦੁਆਰਾ ਕੌਂਸਲ ਵੱਲੋਂ ਸੁਰਜੀਤ ਸਿੰਘ ਚੌਧਰੀ, ਗੁਰਸਿੰਦਰ ਕੌਰ ਖਹਿਰਾ ਆਦਿ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੌਰਾਨ ਹੋਏ ਇਕੱਠ ਅਤੇ ਅਨੁਸਾਸ਼ਨ ਤੋਂ ਖੁਸ਼ ਪੈਮ ਗੋਸਲ ਨੂੰ ਹਰ ਕੋਈ ਵਧਾਈ ਦਿੰਦਾ ਨਜ਼ਰੀਂ ਪੈ ਰਿਹਾ ਸੀ। ਲੇਬਰ ਲੀਡਰ ਅਨਾਸ ਸਰਵਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੋਵਿਡ ਵਰਗੇ ਬੁਰੇ ਦੌਰ ਵਿੱਚ ਸਿੱਖ ਭਾਈਚਾਰੇ ਵੱਲੋਂ ਨਿਭਾਏ ਸੇਵਾ ਕਾਰਜ ਸਕਾਟਲੈਂਡ ਲਈ ਮਾਣ ਵਾਲੇ ਪਲ ਸਨ। ਉਹਨਾਂ ਕਿਹਾ ਕਿ ਹਰ ਮੁਹਾਜ਼ 'ਤੇ ਸਿੱਖ ਭਾਈਚਾਰਾ ਅੱਗੇ ਹੋ ਕੇ ਖੜ੍ਹਦਾ ਹੈ ਪਰ ਸਾਡੀ ਇੱਛਾ ਹੈ ਕਿ ਸਿਆਸਤ ਦੇ ਖੇਤਰ ਵਿੱਚ ਵੀ ਸਰਗਰਮ ਭੂਮਿਕਾ ਨਿਭਾਉਣ ਲਈ ਅੱਗੇ ਆਵੇ। ਇਸ ਸਮੇਂ ਸੁਰਜੀਤ ਸਿੰਘ ਚੌਧਰੀ ਵੱਲੋਂ ਸਿੱਖ, ਸਿੱਖੀ ਤੇ ਵਿਸਾਖੀ ਦੇ ਦਿਹਾੜੇ ਦੀ ਇਤਿਹਾਸਕ ਮਹੱਤਤਾ ਬਾਰੇ ਵਿਸਥਾਰ ਪੂਰਵਕ ਉਲੇਖ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਸਮਾਗਮ ਦੌਰਾਨ ਗਲਾਸਗੋ, ਐਡਿਨਬਰਾ, ਐਬਰਡੀਨ, ਡੰਡੀ ਆਦਿ ਸ਼ਹਿਰਾਂ ਦੀਆਂ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕ ਅਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ। 
 
 

Have something to say? Post your comment