ਬਟਾਲਾ — ਪ੍ਰਸਿੱਧ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬੀਤੀ ਰਾਤ ਅਸਾਮ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ। ਉਹ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰਨ ਦੇ ਤੁਰੰਤ ਬਾਅਦ ਹੀ ਭਾਰੀ ਸੁਰੱਖਿਆ ਬਲਾਂ ਦੇ ਘੇਰੇ ‘ਚ ਦਿਖਾਈ ਦਿੱਤਾ। ਅੱਜ ਸਵੇਰੇ, ਬਟਾਲਾ ਪੁਲਿਸ ਨੇ ਉਸ ਨੂੰ ਭਾਰੀ ਪੁਲਿਸ ਨਿਗਰਾਨੀ ਹੇਠ ਬਟਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ।
ਅਦਾਲਤ ਵਲੋਂ ਸੁਣਵਾਈ ਤੋਂ ਬਾਅਦ, ਜੱਗੂ ਭਗਵਾਨਪੁਰੀਆ ਨੂੰ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ।
ਬਟਾਲਾ ਪੁਲਿਸ ਦੇ ਐਸਪੀ ਜੀ.ਐਸ. ਸਹੋਤਾ ਨੇ ਦੱਸਿਆ ਕਿ ਜ਼ਿਲ੍ਹਾ ਬਟਾਲਾ ਦੇ ਥਾਣਾ ਘੁਮਾਣ ਵਿੱਚ ਇੱਕ ਗੈਂਗਸਟਰ ਬਿੱਲਾ ਮੰਡਿਆਲਾ ਦੇ ਸਾਥੀ ਗੋਰਾ ਬਰਿਆਰ ਦੀ ਹੱਤਿਆ ਦੇ ਮਾਮਲੇ ‘ਚ ਜਗਦੀਪ ਸਿੰਘ ਜੱਗੂ ਦਾ ਨਾਮ ਸਾਹਮਣੇ ਆਇਆ ਸੀ। ਇਸ ਕੇਸ ਦੀ ਪੁੱਛਗਿੱਛ ਲਈ ਹੀ ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।
ਐਸਪੀ ਸਹੋਤਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਪੁਲਿਸ ਇਸ ਕਤਲ ਮਾਮਲੇ ਬਾਰੇ ਪੁੱਛਗਿੱਛ ਕਰੇਗੀ, ਹਾਲਾਂਕਿ ਜੱਗੂ ਭਗਵਾਨਪੁਰੀਆ ਖ਼ਿਲਾਫ਼ ਹੋਰ ਕਈ ਮਾਮਲੇ ਵੀ ਬਟਾਲਾ ਪੁਲਿਸ ਵਿੱਚ ਦਰਜ ਹਨ।
ਪੁਲਿਸ ਨੇ ਅਦਾਲਤ ਦੇ ਹੁਕਮਾਂ ਅਨੁਸਾਰ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਕੇਸ ਨਾਲ ਜੁੜੇ ਹੋਰ ਖੁਲਾਸੇ ਵੀ ਹੋ ਸਕਦੇ ਹਨ।