ਮੁੰਬਈ, 25 ਅਕਤੂਬਰ — ਬਾਲੀਵੁੱਡ ਅਤੇ ਟੈਲੀਵਿਜ਼ਨ ਜਗਤ ਤੋਂ ਦੁਖਦਾਈ ਖ਼ਬਰ ਆਈ ਹੈ। ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਸਤੀਸ਼ ਸ਼ਾਹ ਦਾ ਸ਼ਨੀਵਾਰ ਨੂੰ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਕਿਡਨੀ ਦੀ ਲੰਬੇ ਸਮੇਂ ਤੋਂ ਚੱਲ ਰਹੀ ਬਿਮਾਰੀ ਨਾਲ ਪੀੜਤ ਸਨ ਅਤੇ ਕਿਡਨੀ ਫੇਲ੍ਹ ਹੋਣ ਕਾਰਨ ਉਨ੍ਹਾਂ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਆਖਰੀ ਸਾਹ ਲਿਆ।
ਉਨ੍ਹਾਂ ਦੇ ਨਜ਼ਦੀਕੀ ਦੋਸਤ ਅਸ਼ੋਕ ਪੰਡਿਤ ਨੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਅਸ਼ੋਕ ਪੰਡਿਤ ਨੇ ਆਪਣੇ ਐਕਸ (X) ਅਕਾਊਂਟ ਰਾਹੀਂ ਜਾਣਕਾਰੀ ਦਿੰਦੇ ਕਿਹਾ ਕਿ ਸਤੀਸ਼ ਸ਼ਾਹ ਨੂੰ ਘਰ 'ਚ ਤਬੀਅਤ ਖ਼ਰਾਬ ਹੋਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਅਦਾਕਾਰ ਦਾ ਅੰਤਿਮ ਸੰਸਕਾਰ 26 ਅਕਤੂਬਰ ਨੂੰ ਮੁੰਬਈ ਦੇ ਬਾਂਦਰਾ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।
ਸਤੀਸ਼ ਸ਼ਾਹ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ਅਜੀਬ ਦਾਸਤਾਨ (1978) ਨਾਲ ਕੀਤੀ ਸੀ। ਉਨ੍ਹਾਂ ਨੇ ਕਈ ਹਿੱਟ ਫਿਲਮਾਂ — ਕਲ ਹੋ ਨਾ ਹੋ, ਹਮ ਸਾਥ ਸਾਥ ਹੈਂ, ਮੁਝਸੇ ਸ਼ਾਦੀ ਕਰੋਗੀ, ਕਭੀ ਹਾਂ ਕਭੀ ਨਾ, ਹਮ ਆਪਕੇ ਹੈਂ ਕੌਣ, ਦਿਲਵਾਲੇ ਦੁਲਹਨੀਆ ਲੇ ਜਾਏਂਗੇ ਆਦਿ — ਵਿੱਚ ਯਾਦਗਾਰ ਭੂਮਿਕਾਵਾਂ ਨਿਭਾਈਆਂ।
ਫਿਲਮ ਉਦਯੋਗ ਵਿੱਚ ਉਨ੍ਹਾਂ ਦੇ ਦੇਹਾਂਤ ਨਾਲ ਸੋਗ ਦੀ ਲਹਿਰ ਦੌੜ ਗਈ ਹੈ।