ਅਨੰਦਪੁਰ ਸਾਹਿਬ, 25 ਅਕਤੂਬਰ — ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੱਜ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਦੂਜੀ ਵਾਰ ਰਸਮੀ ਦਸਤਾਰਬੰਦੀ ਕੀਤੀ ਗਈ। ਸਮਾਗਮ ਤੋਂ ਪਹਿਲਾਂ ਉਹ ਤਖ਼ਤ ਸਾਹਿਬ ‘ਤੇ ਨਤਮਸਤਕ ਹੋਏ।
ਇਹ ਦਸਤਾਰਬੰਦੀ ਉਸ ਮਾਮਲੇ ਨਾਲ ਜੁੜੀ ਹੈ ਜਿਸ ਵਿੱਚ ਮਾਰਚ ਮਹੀਨੇ ਹੋਲਾ ਮਹੱਲਾ ਦੌਰਾਨ ਉਨ੍ਹਾਂ ਦੀ ਤਾਜਪੋਸ਼ੀ ਸ਼੍ਰੋਮਣੀ ਕਮੇਟੀ ਵੱਲੋਂ ਤੁਰੰਤ ਕੀਤੀ ਗਈ ਸੀ, ਜਿਸਦਾ ਨਿਹੰਗ ਜਥੇਬੰਦੀਆਂ, ਟਕਸਾਲਾਂ ਅਤੇ ਸੰਪਰਦਾਵਾਂ ਨੇ ਵਿਰੋਧ ਕੀਤਾ ਸੀ। ਬਾਅਦ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਥਕ ਸਹਿਮਤੀ ਲਈ ਵੱਖ-ਵੱਖ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਅਤੇ ਅੱਜ ਸਹਿਮਤੀ ਨਾਲ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਮੁੜ ਦਸਤਾਰਬੰਦੀ ਕੀਤੀ ਗਈ।
ਸਮਾਗਮ ਦੌਰਾਨ ਗਿਆਨੀ ਗੜਗੱਜ ਨੇ ਸਭ ਪੰਥਕ ਦਲਾਂ, ਸੰਪਰਦਾਵਾਂ ਤੇ ਜਥੇਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਪੰਥ ਵੱਡਾ ਹੈ ਤੇ ਵੱਡਾ ਹੀ ਰਹੇਗਾ। ਅਸੀਂ ਸਾਰੇ ਏਕ ਪਿਤਾ ਏਕਸ ਕੇ ਹਮ ਬਾਰਿਕ ਹਾਂ। ਧਰਮ ਪਰਿਵਰਤਨ ਵਰਗੀਆਂ ਚੁਣੌਤੀਆਂ ਨੂੰ ਪੰਥਕ ਏਕਤਾ ਨਾਲ ਠੱਲ੍ਹ ਪਾਇਆ ਜਾ ਸਕਦਾ ਹੈ।”
ਉਨ੍ਹਾਂ ਕਿਹਾ ਕਿ ਕੌਮ ਇਕ ਹੈ, ਰਹੇਗੀ ਇਕ ਹੀ, ਅਤੇ ਆਪਾਂ ਸਾਰੇ ਸੇਵਾਦਾਰ ਬਣ ਕੇ ਪੰਥ ਦੀ ਚਾਕਰੀ ਕਰਦੇ ਰਹਾਂਗੇ।