ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਗਵਾਲੀਅਰ ਕਿਲ੍ਹੇ ਤੋਂ 52 ਰਾਜਿਆਂ ਦੀ ਰਿਹਾਈ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਵੀਂ ਪੈਦਲ ਸ਼ਬਦ ਚੌਂਕੀ ਆਯੋਜਿਤ ਕੀਤੀ ਗਈ। ਇਹ ਚੌਂਕੀ 2 ਅਗਸਤ 2025 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਗਵਾਲੀਅਰ ਲਈ ਰਵਾਨਾ ਹੋਈ ਸੀ ਅਤੇ ਅੱਜ ਵਾਪਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਸੰਪੰਨ ਹੋਈ।
ਗਿਆਨੀ ਰਘਬੀਰ ਸਿੰਘ ਜੀ, ਹੈਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਨੇ ਸੰਗਤਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਉਪਰਾਲਾ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਵੱਲੋਂ ਹਰ ਸਾਲ ਸ਼ਰਧਾ ਨਾਲ ਕੀਤਾ ਜਾਂਦਾ ਹੈ, ਜੋ ਸਿੱਖ ਇਤਿਹਾਸ ਦੀ ਮਹਾਨ ਘਟਨਾ ਨੂੰ ਯਾਦ ਕਰਨ ਦਾ ਪ੍ਰਤੀਕ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਣ ‘ਤੇ ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਸ਼ਬਦ ਗਾਇਨ ਕਰਦੀਆਂ ਸੰਗਤਾਂ ਦਾ ਸਵਾਗਤ ਘੰਟਾ ਘਰ ਨੇੜੇ ਕੀਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ‘ਤੇ ਅਰਦਾਸ ਨਾਲ ਚੌਂਕੀ ਦੀ ਸੰਪੂਰਨਤਾ ਹੋਈ। ਗਿਆਨੀ ਰਘਬੀਰ ਸਿੰਘ ਅਤੇ ਸੰਤ ਬਾਬਾ ਸੇਵਾ ਸਿੰਘ ਜੀ ਨੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਸਭ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ–ਲੱਖ ਵਧਾਈਆਂ ਦਿੱਤੀਆਂ।