ਚੋਹਲਾ ਸਾਹਿਬ, 21 ਅਕਤੂਬਰ 2025:
ਦੀਵਾਲੀ ਦੇ ਦਿਨ ਕਸਬਾ ਚੋਹਲਾ ਸਾਹਿਬ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਅਣਪਛਾਤੇ ਨਕਾਬਪੋਸ਼ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਕਾਂਗਰਸ ਬਲਾਕ ਪ੍ਰਧਾਨ ਭੁਪਿੰਦਰ ਕੁਮਾਰ ਨਈਅਰ ‘ਤੇ ਤਾਬੜਤੋੜ ਗੋਲੀਆਂ ਚਲਾਈਆਂ।
ਘਟਨਾ ਸਵੇਰੇ ਕਰੀਬ 10:30 ਵਜੇ ਦੀ ਦੱਸ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ, ਹਮਲਾਵਰਾਂ ਨੇ ਭੁਪਿੰਦਰ ਨਈਅਰ ਨੂੰ ਮਾਰਨ ਦੀ ਨੀਅਤ ਨਾਲ ਫਾਇਰਿੰਗ ਕੀਤੀ, ਪਰ ਉਹ ਵਾਲ-ਵਾਲ ਬਚ ਗਏ।
ਸਾਰੇ ਹਮਲੇ ਦੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨਈਅਰ, ਜੋ ਕਿ ਕ੍ਰਿਸ਼ਨਾ ਗਊਸ਼ਾਲਾ ਚੋਹਲਾ ਸਾਹਿਬ ਦੇ ਵੀ ਪ੍ਰਧਾਨ ਹਨ, ਸਵੇਰੇ ਆਪਣੀ ਦੁਕਾਨ ‘ਤੇ ਬੈਠੇ ਸਨ, ਜਦੋਂ ਦੋ ਬੇਪਛਾਣ ਹਮਲਾਵਰ ਉੱਥੇ ਆਏ। ਉਨ੍ਹਾਂ ਵਿੱਚੋਂ ਇੱਕ ਨਿਹੰਗ ਸਿੰਘ ਦੇ ਬਾਣੇ ਵਿੱਚ ਸੀ।
ਹਮਲਾਵਰਾਂ ਨੇ ਦੁਕਾਨ ਦੇ ਬਾਹਰ ਖੜ੍ਹੇ ਹੋ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ, ਪਰ ਪਿਸਤੌਲ ਮਿਸਫਾਇਰ ਹੋਣ ਕਾਰਨ ਨਈਅਰ ਬਚ ਗਏ। ਇਸ ਤੋਂ ਬਾਅਦ ਦੋਵੇਂ ਹਮਲਾਵਰ ਮੋਟਰਸਾਈਕਲ ‘ਤੇ ਫ਼ਰਾਰ ਹੋ ਗਏ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਹਮਲਾਵਰਾਂ ਦੀ ਪਛਾਣ ਤੇ ਗ੍ਰਿਫ਼ਤਾਰੀ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।