ਚੰਡੀਗੜ੍ਹ: ਸੈਕਟਰ-1 ਸਥਿਤ ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈਮੇਲ ਰਾਹੀਂ ਦਿੱਤੀ ਗਈ, ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਤੁਰੰਤ ਐਕਸ਼ਨ ਵਿੱਚ ਆ ਗਈ ਅਤੇ ਹਾਈ ਕੋਰਟ ਦੀ ਸੁਰੱਖਿਆ ਵਧਾ ਦਿੱਤੀ ਗਈ।
ਸੂਚਨਾ ਮਿਲਦੇ ਹੀ ਸੀਨੀਅਰ ਪੁਲਿਸ ਅਧਿਕਾਰੀ, ਬੰਬ ਸਕੁਐਡ ਅਤੇ ਆਪ੍ਰੇਸ਼ਨ ਸੈੱਲ ਟੀਮ ਮੌਕੇ ‘ਤੇ ਪਹੁੰਚ ਗਈ। ਹਾਈ ਕੋਰਟ ਕੰਪਲੈਕਸ ਵਿੱਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲਿਸ ਸੂਤਰਾਂ ਅਨੁਸਾਰ ਤਲਾਸ਼ੀ ਦੌਰਾਨ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।
ਇਹ ਵੀ ਗੌਰ ਕਰਨ ਵਾਲੀ ਗੱਲ ਹੈ ਕਿ ਕੁਝ ਸਮਾਂ ਪਹਿਲਾਂ ਵੀ ਹਾਈ ਕੋਰਟ ਨੂੰ ਇਸ ਤਰ੍ਹਾਂ ਦੀ ਈਮੇਲ ਰਾਹੀਂ ਧਮਕੀ ਮਿਲੀ ਸੀ, ਪਰ ਉਸ ਵੇਲੇ ਵੀ ਕੁਝ ਨਹੀਂ ਮਿਲਿਆ ਸੀ। ਫਿਰ ਵੀ, ਧਮਕੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਾਈ ਕੋਰਟ ਕੰਪਲੈਕਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਹੁਣ ਹਾਈ ਕੋਰਟ ਵਿੱਚ ਆਉਣ-ਜਾਣ ਵਾਲੇ ਹਰੇਕ ਵਿਅਕਤੀ ਦੀ ਕੜੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਧਮਕੀ ਭੇਜਣ ਵਾਲੇ ਦੀ ਪਛਾਣ ਲਈ ਤਕਨੀਕੀ ਸਹਾਇਤਾ ਵੀ ਲਈ ਜਾ ਰਹੀ ਹੈ।