ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਸ਼ਹਿਰ ਤੋਂ ਦਿਲ ਨੂੰ ਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਦੋ ਸਕੇ ਭਰਾਵਾਂ ਨੇ ਇੱਕੋ ਦਿਨ, ਕੁਝ ਘੰਟਿਆਂ ਦੇ ਫਰਕ ਨਾਲ, ਦਿਲ ਦਾ ਦੌਰਾ ਪੈਣ ਕਾਰਨ ਆਪਣੀ ਜ਼ਿੰਦਗੀ ਗਵਾ ਦਿੱਤੀ। ਜਾਣਕਾਰੀ ਮੁਤਾਬਿਕ ਦੁਰਗਾ ਮੰਦਰ ਦੇ ਪੁਜਾਰੀ ਮਰਹੂਮ ਦੇਵਦੱਤ ਸ਼ਰਮਾ ਦਾ ਪੁੱਤਰ ਸੁਭਾਸ਼ ਸ਼ਰਮਾ ਇੱਕ ਦੁਕਾਨ ਦੇ ਮਹੂਰਤ ਮੌਕੇ ਪੂਜਾ ਕਰਨ ਗਏ ਸਨ, ਜਿੱਥੇ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਮੌਤ ਹੋ ਗਈ। ਇਹ ਦੁਖਦਾਈ ਖ਼ਬਰ ਜਦੋਂ ਉਸਦੇ ਵੱਡੇ ਭਰਾ ਰਮੇਸ਼ ਕੁਮਾਰ ਤੱਕ ਪਹੁੰਚੀ, ਤਾਂ ਸਦਮੇ ਵਿੱਚ ਆ ਕੇ ਉਹਨੂੰ ਵੀ ਦਿਲ ਦਾ ਦੌਰਾ ਪਿਆ ਅਤੇ ਉਸਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਣਯੋਗ ਹੈ ਕਿ ਇਹ ਪਰਿਵਾਰ ਪਿਛਲੇ 80 ਸਾਲਾਂ ਤੋਂ ਬੁਢਲਾਡਾ ਦੇ ਵੱਖ-ਵੱਖ ਮੰਦਰਾਂ ਵਿੱਚ ਪੁਜਾਰੀ ਦੀ ਸੇਵਾ ਨਿਭਾ ਰਿਹਾ ਸੀ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਅਤੇ ਹਰ ਕਿਸੇ ਦੀਆਂ ਅੱਖਾਂ ਨਮ ਹਨ।