ਤਰਨ ਤਾਰਨ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਅਤੇ ਸਮਾਰਟ ਮੀਟਰਾਂ ਦੇ ਵਿਰੋਧ ਵਿੱਚ ਅੱਜ ਪਿੰਡ ਘਰਿਆਲਾ ਤੋਂ ਖੇਮਕਰਨ ਤੱਕ ਵਿਸ਼ਾਲ ਰੋਡ ਮਾਰਚ ਕੱਢਿਆ ਗਿਆ। ਮਾਰਚ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਤੇ ਕਮੇਟੀ ਦੇ ਆਗੂ ਸ਼ਾਮਲ ਹੋਏ।
ਜ਼ੋਨ ਪ੍ਰਧਾਨ ਮਿਹਰ ਸਿੰਘ ਤਲਵੰਡੀ ਨੇ ਦੋਸ਼ ਲਗਾਇਆ ਕਿ ਸਰਕਾਰ ਲੈਂਡ ਪੂਲਿੰਗ ਪਾਲਿਸੀ ਰਾਹੀਂ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਕਿਸਾਨ ਲਈ ਮਾਂ ਵਰਗੀ ਹੁੰਦੀ ਹੈ ਅਤੇ ਸਰਕਾਰ ਉਸਨੂੰ ਉਸਦੀ ਮਾਂ ਤੋਂ ਵੱਖ ਕਰਨਾ ਚਾਹੁੰਦੀ ਹੈ, ਜੋ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜ਼ਿਲ੍ਹਾ ਮੀਤ ਪ੍ਰਧਾਨ ਰੇਸ਼ਮ ਸਿੰਘ ਘੁਰਕਵਿੰਡ ਨੇ ਸਮਾਰਟ ਮੀਟਰਾਂ ਨੂੰ ਗਰੀਬ ਜਨਤਾ 'ਤੇ ਭਾਰੀ ਆਰਥਿਕ ਬੋਝ ਦੱਸਦੇ ਹੋਏ ਚੇਤਾਵਨੀ ਦਿੱਤੀ ਕਿ ਜੇ ਇਹ ਲਾਗੂ ਕੀਤੇ ਗਏ ਤਾਂ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦਾ ਮੋਟਰਸਾਈਕਲ ਮਾਰਚ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਕਾਫ਼ੀ ਹੈ।
ਇਸ ਮੌਕੇ ਦਲਜੀਤ ਸਿੰਘ ਮਸਤਗੜ੍ਹ, ਧਰਮ ਸਿੰਘ ਘਰਿਆਲੀ, ਪਰਮਜੀਤ ਸਿੰਘ ਤਲਵੰਡੀ, ਆਤਮਾ ਸਿੰਘ ਘਰਿਆਲੀ ਸਮੇਤ ਕਈ ਆਗੂ ਮੌਜੂਦ ਸਨ।