ਸਮੇਂ ਦੇ ਬਦਲਣ ਨਾਲ ਵਿਆਹ ਨਾਲ ਸਬੰਧਤ ਰੀਤੀ ਰਿਵਾਜਾਂ ਵਿੱਚ ਵੀ ਬਦਲਾਅ ਦੇਖਣ ਨੂੰ ਮਿਲਿਆ ਹੈ ਪਰੰਤੂ ਪੁਰਾਣੇ ਸਮੇਂ ਤੋਂ ਚਲੀ ਆ ਰਹੀ ਲਾੜੇ ਨਾਲ ਸਰਬਾਲੇ ਬਣਾਉਣ ਦੀ ਰਸਮ ਅੱਜ ਵੀ ਜਾਰੀ ਹੈ। ਸਰਬਾਲਾ ਉਹ ਲੜਕਾ ਹੁੰਦਾ ਹੈ ਜ਼ੋ ਰਸਮਾਂ ਰਿਵਾਜਾਂ ਵਿੱਚ ਲਾੜੇ ਦੇ ਨਾਲ ਹੁੰਦਾ ਹੈ,ਉਸ ਦੇ ਵੀ ਲਾੜੇ ਨਾਲ ਵਟਣਾ ਮਲਿਆ ਜਾਂਦਾ ਹੈ। ਸਰਬਾਲਾ ਲਾੜੇ ਦੀ ਉਮਰ ਦਾ ਕੋਈ ਕਰੀਬੀ ਰਿਸ਼ਤੇਦਾਰ ਹੁੰਦਾ ਹੈ। ਵਿਆਹ ਦੌਰਾਨ ਸਰਬਾਲੇ ਦੀ ਲੋੜ ਕਿਉਂ ਪਈ ਇਸ ਦਾ ਜਵਾਬ ਇਤਿਹਾਸ ਦੇ ਪੰਨਿਆਂ ਵਿੱਚੋਂ ਮਿਲਦਾ ਹੈ। ਪੁਰਾਣੇ ਸਮੇਂ ਵਿੱਚ ਜਦੋਂ ਇੱਕ ਕਬੀਲੇ ਦੇ ਲੋਕ ਦੂਜੇ ਕਬੀਲੇ ਦੇ ਲੋਕਾਂ ਨਾਲ ਵਿਆਹ ਰਚਾਉਂਦੇ ਸਨ ਤਾਂ ਇੱਕ ਸਰਬਾਲਾ ਵੀ ਬਣਾਇਆ ਜਾਂਦਾ ਸੀ। ਵਿਆਹ ਦੌਰਾਨ ਜ਼ੇਕਰ ਲਾੜੇ ਨੂੰ ਕੁੱਝ ਹੋ ਜਾਂਦਾ ਤਾਂ ਲਾੜੀ ਦਾ ਵਿਆਹ ਸਰਬਾਲੇ ਨਾਲ ਕਰ ਦਿੱਤਾ ਜਾਂਦਾ ਸੀ।ਇਸੇ ਸਰਬਾਲੇ ਦੀ ਮਹੱਤਤਾ ਅਤੇ ਇਸ ਨੂੰ ਚੁਣਨ ਦੌਰਾਨ ਪਰਿਵਾਰ ਵਿੱਚ ਹੋਣ ਵਾਲੀ ਨੋਕ ਝੋਕ ਨੂੰ ਪੇਸ਼ ਕਰਦੀ ਹੈ ਫ਼ਿਲਮ ਸਰਬਾਲਾ ਜੀ
ਇੰਦਰਜੀਤ ਮੋਗਾ ਦੁਆਰਾ ਲਿਖੀ ਫ਼ਿਲਮ ਸਰਬਾਲਾ ਜੀ ਨੂੰ ਕੁਮਾਰ ਤਾਰੁਣੀ ਅਤੇ ਗਿਰੀਸ਼ ਤਾਰੁਣੀ ਦੁਆਰਾ ਪਰੋਡਿਊਜ ਕਰਕੇ ਮਨਦੀਪ ਕੁਮਾਰ ਵੱਲੋਂ ਡਾਇਰੈਕਟ ਕਰਕੇ ਟਿਪਸ ਫ਼ਿਲਮ ਦੇ ਬੈਨਰ ਹੇਠ ਪੇਸ਼ ਕੀਤਾ ਗਿਆ ਹੈ। ਫ਼ਿਲਮ ਦੀ ਕਾਸਟ ਵਿੱਚ ਗਿੱਪੀ ਗਰੇਵਾਲ,ਐਮੀ ਵਿਰਕ,ਨਿਮਰਤ ਖਹਿਰਾ, ਸਰਗੁਣ ਮਹਿਤਾ,ਗੁੱਗੂ ਗਿੱਲ ,ਅਮਰ ਨੂਰੀ,ਬੀ ਐੱਨ ਸ਼ਰਮਾ, ਸਰਦਾਰ ਸੋਹੀ ਅਤੇ ਧੂਤਾ ਪਿੰਡੀ ਵਾਲਾ ਸ਼ਾਮਿਲ ਹਨ। ਫ਼ਿਲਮ ਦੇ ਟ੍ਰੇਲਰ ਅਤੇ ਗਾਣਿਆਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਪੁਰਾਣੇ ਸਮੇਂ ਭਲੇ ਵੇਲਿਆਂ ਦੇ ਵਿਆਹਾਂ ਦੀ ਮੁੜ ਯਾਦ ਤਾਜ਼ਾ ਕਰਵਾਏਗੀ। ਪਰਿਵਾਰ ਅਤੇ ਰਿਸ਼ਤਿਆਂ ਦੀ ਨੋਕ ਝੋਕ ਦੇ ਨਾਲ ਨਾਲ ਹਾਸਿਆਂ ਠੱਠਿਆਂ ਨਾਲ ਭਰਪੂਰ ਫ਼ਿਲਮ ਸਰਬਾਲਾ ਜੀ ਆਉਣ ਵਾਲੀ 18 ਜੁਲਾਈ ਨੂੰ ਸਿਨੇਮਾ ਵਿੱਚ ਦਸਤਕ ਦੇ ਚੁੱਕੀ ਹੈ,ਉਮੀਦ ਕਰਦੇ ਹਾਂ ਕਿ ਫ਼ਿਲਮ ਸਰਬਾਲਾ ਜੀ ਵੀ ਪੰਜਾਬੀ ਸਿਨੇਮਾ ਦੀਆਂ ਬਿਹਤਰੀਨ ਫ਼ਿਲਮਾਂ ਵਿੱਚ ਸ਼ਾਮਿਲ ਹੋ ਕੇ ਇੱਕ ਨਵਾਂ ਮੀਲ ਪੱਥਰ ਸਾਬਿਤ ਹੋਵੇਗੀ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ ਬਠਿੰਡਾ
7087367969