ਧਨੌਲਾ, 30 ਅਪ੍ਰੈਲ (ਚਮਕੌਰ ਸਿੰਘ ਗੱਗੀ)-ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਹੋਏ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਜਿੱਥੇ ਸਕੂਲਾਂ ਵਿਚ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ, ਓਥੇ ਬੁਨਿਆਦੀ ਢਾਂਚੇ ਵਿੱਚ ਸੁਧਾਰ ’ਚ ਵੀ ਇਹ ਪ੍ਰੋਗਰਾਮ ਮੀਲ ਪੱਥਰ ਸਾਬਿਤ ਹੋਇਆ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਧਨੌਲਾ ਵਿੱਚ ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਮਾਪਿਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਧਨੌਲਾ ਦੇ ਪੰਜ ਵੱਖ-ਵੱਖ ਸਕੂਲਾਂ ਵਿੱਚ ਕਰੀਬ 82 ਲੱਖ ਰੁਪਏ ਦੇ ਕੰਮਾਂ ਦਾ ਉਦਘਾਟਨ ਕੀਤਾ। ਸ. ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਖੇਤਰ ਨੂੰ ਬਿਹਤਰੀਨ ਸਹੂਲਤਾਂ ਪ੍ਰਦਾਨ ਕਰਨ ਦੇ ਆਪਣੇ ਵਾਅਦੇ ’ਤੇ ਹਮੇਸ਼ਾ ਕਾਇਮ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਮੁਹਿੰਮ ਨਾਲ ਵੱਡੀ ਗਿਣਤੀ ਸਕੂਲਾਂ ਵਿਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਹੋਇਆ ਹੈ ਜਿਸਦੀ ਕਿ ਬਹੁਤ ਲੋੜ ਸੀ। ਉਨ੍ਹਾਂ ਕਿਹਾ ਕਿ ਸਕੂਲਾਂ, ਖਾਸ ਕਰਕੇ ਕੁੜੀਆਂ ਦੇ ਸਕੂਲਾਂ ਨੂੰ ਪਖਾਨਿਆਂ ਦੀ ਘਾਟ ਦੀ ਕਰਕੇ ਮੁਸ਼ਿਕਲ ਸੀ ਅਤੇ ਵਿਦਿਆਰਥੀਆਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਸੀ। ਇਸੇ ਤਰ੍ਹਾਂ ਬਹੁਤ ਸਾਰੇ ਸਕੂਲਾਂ ਵਿੱਚ ਚਾਰਦੀਵਾਰੀ ਨਹੀਂ ਸੀ, ਜਿਸ ਕਾਰਨ ਆਵਾਰਾ ਜਾਨਵਰ ਸਕੂਲ ਕੰਪਲੈਕਸ ਵਿੱਚ ਦਾਖਲ ਹੋ ਜਾਂਦੇ ਸਨ। ਉਨ੍ਹਾਂ ਕਿਹਾ ਕਿ ਪਿਛਲੇ 75 ਸਾਲਾਂ ਤੋਂ ਪਿਛਲੀਆਂ ਸਰਕਾਰਾਂ ਸਕੂਲਾਂ ਨੂੰ ਮੁਢਲੀਆਂ ਸਹੂਲਤਾਂ ਵੀ ਪ੍ਰਦਾਨ ਕਰਨ ਵਿੱਚ ਅਸਫਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਾਈ ਵਿੱਚ ਸਕੂਲਾਂ ਦਾ ਮੁਹਾਂਦਰਾ ਬਦਲ ਰਿਹਾ ਹੈ। ਇਸ ਤੋਂ ਇਲਾਵਾ ਸਕੂਲਾਂ ਨੂੰ ਐਲਈਡੀ ਟੀਵੀ ਨਾਲ ਲੈਸ ਆਡੀਓ ਵਿਜ਼ੂਅਲ ਕਲਾਸਰੂਮ, ਵਧੀਆ ਉਪਕਰਣਾਂ ਵਾਲੀਆਂ ਲੈਬਾਂ, ਖੇਡ ਕਿੱਟਾਂ ਆਦਿ ਮਿਲ ਰਹੀਆਂ ਹਨ। ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਧਨੌਲਾ ਲੜਕੇ ਵਿੱਚ 7.90 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਸੰਗਰ ਪੱਤੀ ਧਨੌਲਾ ਵਿੱਚ 2.88 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਬੰਗੇਹਰ ਪੱਤੀ ਧਨੌਲਾ ਵਿੱਚ 16.5 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਨਵੀਂ ਬਸਤੀ ਵਿਚ 20.24 ਲੱਖ ਅਤੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਧਨੌਲਾ ਸਮੇਤ ਕੁੱਲ 82 ਲੱਖ ਰੁਪਏ ਦੇ ਕੰਮਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਬੰਗੇਹਰ ਪੱਤੀ ਨੂੰ ਪੂਰੀ ਤਰ੍ਹਾਂ ਨਵਾਂ ਰੂਪ ਦਿੱਤਾ ਗਿਆ ਹੈ। ਇਹ ਸਕੂਲ ਮੁੱਖ ਸੜਕ ਦੇ ਪੱਧਰ ਤੋਂ ਲਗਭਗ 6 ਫੁੱਟ ਡੂੰਘਾ ਸੀ ਅਤੇ ਅਕਸਰ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ। ਸਕੂਲ ਨੂੰ ਤਿੰਨ ਕਮਰਿਆਂ ਦੀ ਉਸਾਰੀ ਲਈ 16.5 ਲੱਖ ਰੁਪਏ ਦੇ ਫੰਡ ਦਿੱਤੇ ਗਏ ਸਨ ਅਤੇ ਹੁਣ ਸਕੂਲ ਦਾ ਮੁਹਾਂਦਰਾ ਬਦਲ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮੰਦਰ ਸਿੰਘ ਬਰਾੜ ਮਾਲਵਾ ਜ਼ੋਨ ਕੋਆਰਡੀਨੇਟਰ, ਗੁਰਜੋਤ ਸਿੰਘ ਭੱਠਲ ਚੇਅਰਮੈਨ ਮਾਰਕੀਟ ਕਮੇਟੀ ਧਨੌਲਾ, ਡਿਪਟੀ ਡੀਈਓ ਡਾ. ਬਰਜਿੰਦਰਪਾਲ ਸਿੰਘ, ਬੀਐਨਓ ਹਰਪ੍ਰੀਤ ਕੌਰ, ਡੀਐਸਐਮ ਰਾਜੇਸ਼ ਕੁਮਾਰ ਤੇ ਹੋਰ ਪਤਵੰਤੇ ਮੌਜੂਦ ਸਨ।