ਧਨੌਲਾ,30 ਅਪ੍ਰੈਲ (ਚਮਕੌਰ ਸਿੰਘ ਗੱਗੀ)-ਜਿਮਨੀ ਚੋਣ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਧਨੌਲਾ ਦੇ ਵਿਕਾਸ ਕਾਰਜਾਂ ਲਈ ਦਿੱਤੀ ਵੀਹ ਕਰੋੜ ਰੁਪਏ ਦੀ ਗ੍ਰਾਂਟ ਅਧੀਨ ਹੋਏ ਵਿਕਾਸ ਕਾਰਜ ਜੇਕਰ ਇਮਾਨਦਾਰੀ ਨਾਲ ਜਾਂਚ ਪਾਰਦਰਸ਼ੀ ਹੋ ਜਾਵੇ ਤਾਂ ਕਈ ਅਫ਼ਸਰਾਂ ਖਿਲਾਫ ਕਾਰਵਾਈ ਹੋ ਸਕਦੀ ਹੈ ਅਤੇ ਲੋਕਾਂ ਦਾ ਪੈਸਾ ਵਿਅਰਥ ਹੋਣੋਂ ਬਚ ਸਕਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਲ੍ਹਾ ਆਗੂ ਨਿਰਮਲ ਸਿੰਘ ਢਿੱਲੋਂ ਅਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸ਼ਹਿਰੀ ਪ੍ਰਧਾਨ ਹਰਿੰਦਰਜੀਤ ਸਿੰਘ ਢੀਂਡਸਾ ਨੇ ਜਾਂਚ ਟੀਮ ਵਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਕੀਤਾ। ਮੀਡੀਆ ਨਾਲ ਗੱਲਬਾਤ ਕਰਦੇ ਨਿਰਮਲ ਢਿੱਲੋਂ ਨੇ ਕਿਹਾ ਕਿ, ਇਮਾਨਦਾਰ ਸਰਕਾਰ ਵਿੱਚ ਭ੍ਰਿਸ਼ਟਾਚਾਰ ਇੰਨਾ ਫੈਲ ਗਿਆ ਹੈ ਕਿ ਨਗਰ ਕੌਂਸਲ ਧਨੌਲਾ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਦੇ ਹੁਕਮਾਂ ਨੂੰ ਛਿੱਕੇ ਟੰਗ ਆਪਣੇ ਕਥਿਤ ਕਮਿਸ਼ਨ ਖਾਤਰ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਧਨੌਲਾ ਅੰਦਰ ਹੋ ਰਹੇ ਵਿਕਾਸ ਕਾਰਜਾਂ ਵਿੱਚ ਘਟੀਆ ਸਮੱਗਰੀ ਦੀ ਵਰਤੋ ਕਰਕੇ ਜਿੱਥੇ ਸ਼ਹਿਰ ਵਾਸੀਆਂ ਨਾਲ ਧੋਖਾ ਕੀਤਾ ਗਿਆ ਉਥੇ ਪੰਜਾਬ ਸਰਕਾਰ ਦੇ ਖਜਾਨੇ ਨੂੰ ਚੂਨਾ ਲਾਇਆ, ਇਮਾਨਦਾਰ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਦਿੱਤੇ ਜਾ ਰਹੇ ਬਿਆਨ ਸਿਰਫ ਅਖ਼ਬਾਰਾਂ ਤੱਕ ਹੀ ਸੀਮਿਤ ਹਨ, ਜਦੋਂਕਿ ਅਸਲ ਸੱਚਾਈ ਇਨਾਂ ਤੋ ਕੋਹਾਂ ਦੂਰ ਹੈ। ਕੌਂਸਲ ਦੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੇ ਬਿਆਨ ਦਾ ਕੋਈ ਡਰ ਨਹੀਂ, ਨਾ ਹੀ ਠੇਕੇਦਾਰਾਂ ਵੱਲੋਂ ਕੀਤੇ ਗਏ ਕੰਮਾਂ ਵੱਲ ਕੋਈ ਧਿਆਨ ਹੈ। ਸਿਰਫ ਆਪਣੇ ਕਮਿਸ਼ਨ ਲਈ ਘਟੀਆ ਦਰਜੇ ਦੀ ਸਮੱਗਰੀ ਦੀ ਵਰਤੋਂ ਸਮੇਤ ਜਿਹੜੇ ਕੰਮਹੋਏ ਹੀ ਨਹੀਂ ਉਨ੍ਹਾਂ ਦੀ ਅਦਾਇਗੀ ਕੀਤੀ ਗਈ ਹੈ। ਜਿਸਦਾ ਖੁਲਾਸਾ ਸ਼ਿਕਾਇਤਕਰਤਾ ਚਮਕੌਰ ਸਿੰਘ ਗੱਗੀ ਵੱਲੋਂ ਲਈ ਆਰਟੀਆਈ ਰਾਹੀਂ ਹੋਇਆ। ਜਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਧਨੌਲਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਮੌਕੇ ਨਗਰ ਕੌਂਸਲ ਧਨੌਲਾ ਦੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਇਹ ਪੈਸੇ ਤੁਹਾਡੇ ਸ਼ਹਿਰ ਲਈ ਜਾਰੀ ਕੀਤੇ ਗਏ ਹਨ, ਇਸਨੂੰ ਕੋਲ ਖੜਕੇ ਚੈੱਕ ਕਰਕੇ ਵਧੀਆ ਕਿਸਮ ਦਾ ਮਟੀਰੀਅਲ ਲਾ ਕੇ ਗਲੀਆਂ ਨਾਲੀਆਂ ਸਮੇਤ ਧਨੌਲਾ ਦੇ ਵਿਕਾਸ ਕਾਰਜ ਕਰਵਾਇਆ ਜਾਵੇ, ਤੇ ਜੇਕਰ ਕੋਈ ਠੇਕੇਦਾਰ ਘਟੀਆ ਕਿਸਮ ਦੀ ਸਮੱਗਰੀ ਦੀ ਵਰਤੋਂ ਕਰਦਾ ਪਾਇਆ ਗਿਆ ਤਾਂ ਉਸ ਨੂੰ ਬਲੈਕ ਲਿਸਟ ਕੀਤਾ ਜਾਵੇਗਾ, ਪਰ ਇਸਦੇ ਉਲਟ ਅੱਜ ਬਰਨਾਲਾ ਦੀ ਜਾਂਚ ਟੀਮ ਵੱਲੋਂ ਕੀਤੀ ਜਾਂਚ ਦੌਰਾਨ ਡੀਐਮਕੇ ਬਿਲਡਰਜ ਵੱਲੋਂ ਕੀਤੇ ਕੰਮਾਂ ਵਿੱਚ ਕਿਤੇ ਵੀ ਗਟਕਾ ਨਹੀ ਮਿਲਿਆ ਅਤੇ ਟਾਈਲ ਦੀ ਘਟੀਆ ਕਿਸਮ ਸਮੇਤ ਕਈ ਖਾਮੀਆਂ ਪਾਈਆਂ ਗਈਆਂ ਹਨ, ਜੇਕਰ ਇਹ ਜਾਂਚ ਬਿਨਾ ਕਿਸੇ ਦਬਾਅ ਹੇਠ ਹੋ ਜਾਵੇ ਤਾਂ ਠੇਕੇਦਾਰ ਖਿਲਾਫ ਸਖਤ ਕਾਰਵਾਈ ਹੋ ਸਕਦੀ ਹੈ, ਪਰ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਵਿਸ਼ਾਲ ਦੀਪ ਅਤੇ ਜੂਨੀਅਰ ਇੰਜੀਨੀਅਰ ਸ੍ਰੀ ਮਹੇਸ ਕੁਮਾਰ ਨੇ ਮੁੱਖ ਮੰਤਰੀ ਪੰਜਾਬ ਦੇ ਹੁਕਮਾ ਨੂੰ ਛਿੱਕੇ ਟੰਗ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਸਰਕਾਰੀ ਖਜਾਨੇ ਨੂੰ ਰਗੜਾ ਲਾਇਆ।
--ਬਾਕਸ ਨਿਊਜ-
ਪਰ ਹੁਣ ਜੇਈ ਮਹੇਸ਼ ਕੁਮਾਰ ਦੀ ਸ਼ਿਕਾਇਤ ਹੋਣ ਤੋ ਬਾਅਦ ਲੰਮੀ ਛੁੱਟੀ ਤੇ ਚਲਾ ਗਿਆ ਅਤੇ ਸਮੇਂ ਤੋਂ ਪਹਿਲਾ ਰਿਟਾਇਰਮੈਂਟ ਲਿਖ ਦਿੱਤੀ। ਜੋ ਅੱਜ ਰਿਟਾਇਰ ਹੋ ਰਿਹਾ ਹੈ, ਜੇਕਰ ਇਮਾਨਦਾਰ ਸਰਕਾਰ ਵਿੱਚ ਇਸ ਤਰ੍ਹਾਂ ਭ੍ਰਿਸ਼ਟ ਅਫਸਰ ਸਰਕਾਰ ਨੂੰ ਚੂਨਾ ਲਗਾ ਸਮੇਂ ਤੋਂ ਪਹਿਲਾਂ ਰਿਟਾਇਰ ਹੋ ਜਾਣਗੇ ਫੇਰ ਤਾਂ ਰੱਬ ਰਾਖਾ। ਭਾਵੇਂ ਜਾਂਚ ਚਾਰ ਮਹੀਨਿਆਂ ਬਾਅਦ ਤੇਜ ਹੋਈ ਹੈ, ਪਰ ਕੀ ਅਹਿਜੇ ਅਫਸਰ ਸਲਾਖਾਂ ਪਿੱਛੇ ਹੋਣਗੇ ਇਮਾਨਦਾਰ ਸਰਕਾਰ ਸਖ਼ਤ ਕਾਰਵਾਈ ਕਰੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।