ਫਿਰੋਜ਼ਪੁਰ, ਲੰਘੀ 23 ਅਪ੍ਰੈਲ ਨੂੰ ਗਲਤੀ ਨਾਲ ਪਾਕਿਸਤਾਨੀ ਖੇਤਰ ’ਚ ਦਾਖਲ ਹੋਏ ਬੀਐੱਸਐੱਫ ਜਵਾਨ ਪੂਰਣਮ ਕੁਮਾਰ ਸਾਵ ਨੂੰ ਪਾਕਿਸਤਾਨੀ ਰੇਂਜਰਜ਼ ਨੇ ਸੱਤਵੇਂ ਦਿਨ ਵੀ ਰਿਹਾ ਨਹੀਂ ਕੀਤਾ ਹੈ। ਸੋਮਵਾਰ ਨੂੰ ਬੀਐੱਸਐੱਫ ਦੀ ਇਕ ਹਾਈ ਲੈਵਲ ਮੀਟਿੰਗ ਹੋਈ ਸੀ, ਜਿਸ ’ਚ ਬੰਗਾਲ ਦੇ ਹੁਗਲੀ ਜ਼ਿਲਾ ਨਿਵਾਸੀ ਬੀਐੱਸਐੱਫ ਜਵਾਨ ਪੂਰਣਮ ਕੁਮਾਰ ਸਾਵ ਦੀ ਰਿਹਾਈ ਨੂੰ ਕੇ ਚਰਚਾ ਹੋਈ ਪਰ ਇਸ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲਿਆ ਸੀ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋ ਲਏ ਗਏ ਸਖਤ ਫੈਸਲਿਆਂ ਕਾਰਨ ਪਾਕਿਸਤਾਨ ਬੀਐੱਸਐੱਫ ਜਵਾਨ ਨੂੰ ਛੱਡਣ ਦੇ ਮੂਡ ’ਚ ਨਹੀਂ ਦਿਸ ਰਿਹਾ।ਬੀਐੱਸਐੱਫ ਦੀ 182ਵੀਂ ਬਟਾਲੀਅਨ ’ਚ ਜੱਲੋਕੇ ਚੌਕੀ ’ਚ ਤਾਇਨਾਤ ਜਵਾਨ ਪੂਰਣਮ ਕੁਮਾਰ ਸਾਵ ਕੰਡਿਆਲੀ ਤਾਰ ਦੇ ਪਾਰ ਕਣਕ ਵੱਢ ਰਹੇ ਕਿਸਾਨਾਂ ਦੀ ਨਿਗਰਾਨੀ ਕਰ ਰਿਹਾ ਸੀ। ਇਸ ਦੌਰਾਨ ਦਰੱਖਤ ਦੀ ਛਾਵੇਂ ਬੈਠਣ ਲਈ ਉਹ ਗਲਤੀ ਨਾਲ ਜ਼ੀਰੋ ਲਾਈਨ ਪਾਰ ਕਰਕੇ ਪਾਕਿਸਤਾਨੀ ਸਰਹੱਦ ’ਚ ਚਲਾ ਗਿਆ। ਪਾਕਿਸਤਾਨੀ ਰੇਂਜਰਜ਼ ਨੇ ਉਸ ਨੂੰ ਫੜ੍ਹ ਲਿਆ ਸੀ। ਬੀਐੱਸਐੱਫ ਜਵਾਨ ਨੂੰ ਨਾ ਛੱਡਣ ਸਬੰਧੀ ਬੀਐੱਸਐੱਫ ਵੱਲੋਂ ਗ੍ਰਹਿ ਮੰਤਰਾਲਾ ਨੂੰ ਵੀ ਜਾਣੂ ਕਰਵਾਇਆ ਗਿਆ ਹੈ। ਉੱਧਰ ਬੀਐੱਸਐੱਫ ਦੇ ਜਵਾਨ ਦੀ ਗਰਭਵਤੀ ਪਤਨੀ ਰਜਨੀ ਆਪਣੇ ਅੱਠ ਸਾਲਾਂ ਦੇ ਬੇਟੇ ਆਰਵ, ਦੋ ਭੈਣਾਂ ਅਤੇ ਇਕ ਭਰਾ ਦੇ ਨਾਲ ਸੋਮਵਾਰ ਦੇਰ ਸ਼ਾਮ ਚੰਡੀਗੜ੍ਹ ਏਅਰਪੋਰਟ ’ਤੇ ਪਹੁੰਚੀ ਸੀ। ਇਸਦੇ ਬਾਅਦ ਤੋਂ ਉਹ ਲਗਾਤਾਰ ਬੀਐੱਸਐੱਫ ਅਧਿਕਾਰੀਆਂ ਨੂੰ ਮਿਲ ਰਹੀ ਹੈ।