ਜਗਰਾਓਂ : ਕੈਨੇਡਾ ’ਚ ਫੈਡਰਲ ਚੋਣਾਂ ’ਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ 22 ਪੰਜਾਬੀ ਹਨ। ਇਨ੍ਹਾਂ 22 ਪੰਜਾਬੀਆਂ ’ਚੋਂ 3 ਜਗਰਾਓਂ ਅਤੇ ਰਾਏਕੋਟ ਇਲਾਕੇ ਦੇ ਮੈਂਬਰ ਪਾਰਲੀਮੈਂਟ ਬਣੇ ਹਨ। ਇਨ੍ਹਾਂ ਦੀ ਸ਼ਾਨਦਾਰ ਜਿੱਤ ’ਤੇ ਜਗਰਾਓਂ ਅਤੇ ਰਾਏਕੋਟ ਦੇ ਤਿੰਨੇ ਪਿੰਡਾਂ ਵਿਚ ਵਿਆਹ ਵਰਗਾ ਮਾਹੌਲ ਹੈ। ਜਗਰਾਓਂ ਦੇ ਪਿੰਡ ਸੂਜਾਪੁਰ ਦੇ ਜੰਮਪਲ ਸੁੱਖ ਧਾਲੀਵਾਲ ਜੋ ਕੈਨੇਡਾ ਦੇ ਨਿਊਟਨ-ਨਾਰਥ ਤੋਂ 6ਵੀਂ ਵਾਰ ਮੈਂਬਰ ਪਾਰਲੀਮੈਂਟ ਬਣੇ ਹਨ। ਇਸੇ ਤਰ੍ਹਾਂ ਸਿੱਧਵਾਂ ਬੇਟ ਦੇ ਸੋਨੀਆ ਸਿੱਧੂ ਅਤੇ ਰਾਏਕੋਟ ਦੇ ਪਿੰਡ ਬੱਸੀਆਂ ਤੋਂ ਟਿਮ ਉਪਲ ਮੈਂਬਰ ਪਾਰਲੀਮੈਂਟ ਚੋਣ ਜਿੱਤੇ ਹਨ। ਸੂਜਾਪੁਰ ’ਚ ਸੁੱਖ ਧਾਲੀਵਾਲ ਦੀ ਸ਼ਾਨਦਾਰ ਜਿੱਤ ਦੇ ਐਲਾਨ ਦੇ ਨਾਲ ਹੀ ਪੂਰਾ ਪਿੰਡ ਜਸ਼ਨ ’ਚ ਖੁਸ਼ੀ ਨਾਲ ਝੂਮ ਉਠਿਆ। ਉਨ੍ਹਾਂ ਦੇ ਬਚਪਨ ਦੇ ਜਿਗਰੀ ਯਾਰ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਜਿੱਤ ਦੀ ਖ਼ਬਰ ਦੇ ਨਾਲ ਹੀ ਲੱਡੂ ਲੈ ਕੇ ਪਿੰਡ ਪਹੁੰਚੇ।ਇਸ ਮੌਕੇ ਭਾਈ ਗਰੇਵਾਲ ਸੁੱਖ ਧਾਲੀਵਾਲ ਨਾਲ ਬਚਪਨ ਦੀਆਂ ਯਾਦਾਂ ਦੀ ਸਾਂਝ ਪਾਉਂਦੇ ਭਾਵੁਕ ਵੀ ਹੋਏ। ਉਨ੍ਹਾਂ ਕਿਹਾ ਕਿ ਸੁੱਖ ਧਾਲੀਵਾਲ ’ਤੇ ਪਿੰਡ ਹੀ ਨਹੀਂ ਪੂਰੇ ਪੰਜਾਬ ਨੂੰ ਮਾਣ ਹੈ। ਸੁੱਖ ਧਾਲੀਵਾਲ ਦੇ ਚਚੇਰੇ ਤੇ ਵੱਡੇ ਭਰਾ ਜਰਨੈਲ ਸਿੰਘ ਨੇ ਸੁੱਖ ਧਾਲੀਵਾਲ ਦੀ ਜਿੱਤ ’ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਸੁੱਖ ਨੇ ਪੰਜਾਬ ਦੇ ਪਿੰਡ ਸੂਜਾਪੁਰ ਦਾ ਨਾਮ ਦੇਸ਼ ਦੁਨੀਆ ਵਿਚ ਉੱਚਾ ਕੀਤਾ ਹੈ। ਖੁਸ਼ੀ ਦੀ ਗੱਲ ਹੈ ਕਿ ਪਿੰਡ ਵਾਂਗ ਹੀ ਉਸ ਨੇ ਕੈਨੇਡਾ ਵਿਚ ਵੀ ਆਪਣੀਆਂ ਵਿਸ਼ੇਸ਼ਤਾਵਾਂ ਆਪਸੀ ਭਾਈਚਾਰਕ ਸਾਂਝ, ਚੰਗਾ ਮਿਲਵਰਤਨ ਸਦਕਾ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਪਿੰਡ ਸੂਜਾਪੁਰ ਦੇ ਜੰਮਪਲ ਸੁਖਮੰਦਰ ਸਿੰਘ ਰੋਜ਼ੀ ਰੋਟੀ ਦੀ ਭਾਲ ’ਚ 1984 ’ਚ ਕੈਨੇਡਾ ਚਲੇ ਗਏ ਸਨ ਤੇ 1987 ’ਚ ਪੱਕੇ ਤੌਰ ’ਤੇ ਕੈਨੇਡੀਅਨ ਹੋ ਕੇ ਕੈਨੇਡਾ ਦੇ ਫੈਡਰਲ ਢਾਂਚੇ ਦੀ ਸਿਆਸਤ ਵਿਚ ਸਰਗਰਮ ਹੋ ਗਏ ਸਨ। ਉਹ ਚਾਹੇ ਪਹਿਲੀ ਵਾਰ ਮਿਊਂਸੀਪਲ ਚੋਣ ਲੜਦੇ ਹਾਰ ਗਏ ਸਨ ਪਰ 6 ਵਾਰ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤ ਕੇ ਇਤਿਹਾਸ ਰਚਿਆ ਹੈ। ਰਾਏਕੋਟ ਦੇ ਪਿੰਡ ਬੱਸੀਆਂ ਦੇ ਟਿਮ ਉਪਲ ਦੀ ਚੋਣ ਜਿੱਤਣ ਦੀ ਖੁਸ਼ੀ ਪੂਰੇ ਪਿੰਡ ਵਿਚ ਦੇਖਣ ਨੂੰ ਮਿਲੀ। ਪਰਿਵਾਰਕ ਮੈਂਬਰਾਂ ਨੇ ਸ਼ਾਮਾਂ ਪੈਂਦਿਆਂ ਹੀ ਇਕੱਠਿਆਂ ਹੋ ਕੇ ਪਿੰਡ ਨਾਲ ਖੁਸ਼ੀ ਸਾਂਝੀ ਕੀਤੀ। ਸਿੱਧਵਾਂ ਬੇਟ ਤੋਂ ਸੋਨੀਆ ਸਿੱਧੂ ਦੇ ਮੈਂਬਰ ਪਾਰਲੀਮੈਂਟ ਬਣਨ ’ਤੇ ਪਰਿਵਾਰਕ ਮੈਂਬਰਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਪੂਰੇ ਪਿੰਡ ਵਿਚ ਸੋਨੀਆ ਸਿੱਧੂ ਦੀ ਜਿੱਤ ਦੇ ਚਰਚੇ ਹਨ।