Thursday, May 01, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਹਿੰਦੁਸਤਾਨ ਦੀ ਆਜ਼ਾਦੀ ਵਿੱਚ ਸਿੱਖ ਪੰਥ ਦੀ ਗੁਲਾਮੀ ! - ਨਰਾਇਣ ਸਿੰਘ ਚੌੜਾ

August 17, 2021 04:10 PM

ਹਿੰਦੁਸਤਾਨ ਦੀ ਆਜ਼ਾਦੀ ਵਿੱਚ ਸਿੱਖ ਪੰਥ ਦੀ ਗੁਲਾਮੀ !

          ਗੁਰੂ ਆਸ਼ੇ ਦੀ ਪ੍ਰਾਪਤੀ ਲਈ ਸਿੱਖ ਕੌਮ ਵਲੋਂ ਕੀਤੀਆਂ ਗਈਆਂ ਕੁਰਬਾਨੀਆਂ, ਦਿਖਾਏ ਗਏ ਕਾਰਨਾਮਿਆਂ ਅਤੇ ਮਾਰੀਆਂ ਗਈਆਂ ਮੱਲਾਂ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ। ਮੁਗ਼ਲੀਆ ਸਲਤਨਤ ਅਤੇ ਅੰਗਰੇਜ਼ ਸਾਮਰਾਜ ਦਾ ਬਿਸਤਰਾ ਗੋਲ ਕਰਨ ਦਾ ਮਾਣ ਵੀ ਖ਼ਾਲਸੇ ਨੂੰ ਹੀ ਜਾਂਦਾ ਹੈ, ਗਾਂਧੀ ਦੇ ਚਰਖ਼ੇ ਨੂੰ ਨਹੀਂ। ਪਰ ਅਫ਼ਸੋਸ ਅੰਗਰੇਜ਼ ਸਾਮਰਾਜ ਤੋਂ ਆਜ਼ਾਦੀ ਲੈਣ ਲਈ 85% ਕੁਰਬਾਨੀਆਂ ਕਰਨ ਵਾਲਾ ਜਾਂਬਾਜ਼ ਖ਼ਾਲਸਾ 1947 ਵਿੱਚ ਆਪਣੇ ਅਯੋਗ ਆਗੂਆਂ ਦੀ ਬੱਜਰ ਗਲਤੀ ਕਾਰਨ ਅੰਗਰੇਜ਼ਾਂ ਦੇ ਜੂਲ਼ੇ ਵਿੱਚੋਂ ਨਿੱਕਲ ਕੇ ਹਿੰਦੂਆਂ ਦੀ ਪੰਜਾਲੀ ਵਿੱਚ ਫਸ ਗਿਆ। ਇਨ੍ਹਾਂ ਨਾ-ਅਹਿਲ ਸਿੱਖ ਆਗੂਆਂ ਨੇ ਕਾਂਗਰਸੀ ਹਿੰਦੂ ਆਗੂਆਂ ਦੇ ਝੂਠੇ ਵਾਅਦਿਆਂ ਅਤੇ ਫ਼ੋਕੇ ਲਾਰਿਆਂ ਵਿੱਚ ਆ ਕੇ ਖ਼ਾਲਸਾ ਪੰਥ ਦੀ ਆਜ਼ਾਦੀ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਡੋਬ ਦਿੱਤਾ। ਮੁਸਲਮ ਆਗੂ ਮਿਸਟਰ ਜਿਨਾਹ ਦੀ ਸਿੱਖ ਕੌਮ ਨੂੰ ਕੀਤੀ ਗਈ ਪੇਸ਼ਕਸ਼ :

 

* ਜੇਕਰ ਪੰਜਾਬ ਦੀ ਵੰਡ ਨਾ ਕੀਤੀ ਜਾਵੇ ਅਤੇ ਪੰਜਾਬ ਪਾਕਿਸਤਾਨ ਦਾ ਹਿੱਸਾ ਬਣੇ ਤਾਂ ਮੁਸਲਮਾਨ ਰਾਵੀ ਤੋਂ ਜਮਨਾ ਤੱਕ ਦੇ ਇਲਾਕੇ ਨੂੰ ਸਿੱਖਾਂ ਦੀ ਪਿੱਤਰੀ ਭੂਮੀ ਮੰਨਣਗੇ ਅਤੇ ਇਸ ਖਿੱਤੇ ਵਿੱਚ ਸਿੱਖਾਂ ਦੀ ਅੰਦਰੂਨੀ ਆਜ਼ਾਦੀ ਦੇ ਵਿਸ਼ੇਸ਼ ਅਧਿਕਾਰ ਹੋਣਗੇ ਅਤੇ ਨਾਲ ਹੀ ਸਬ-ਨੇਸ਼ਨ ਦਾ ਦਰਜਾ ਵੀ ਹੋਵੇਗਾ।

 

* ਪੰਜਾਬ ਵਿੱਚ 33% ਸੀਟਾਂ ਸਿੱਖਾਂ ਲਈ ਰਾਖਵੀਆਂ ਹੋਣਗੀਆਂ ਅਤੇ ਹਾਈਕੋਰਟ ਅਤੇ ਸੁਪਰੀਮ ਕੋਰਟ ਸਮੇਤ ਸਾਰੇ ਦੇਸ਼ ਵਿੱਚ 20% ਹੱਕ ਤੇ ਸੀਟਾਂ ਵੀ ਰਾਖਵੇਂ ਹੋਣਗੇ।

 

* ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਵਿੱਚੋਂ ਇੱਕ ਹਮੇਸ਼ਾਂ ਸਿੱਖ ਹੋਵੇਗਾ ।

 

* ਫ਼ੌਜ ਵਿੱਚ 40% ਸਿੱਖ ਹਮੇਸ਼ਾਂ ਭਰਤੀ ਕੀਤੇ ਜਾਣਗੇ ਅਤੇ ਇਹੋ ਦਰਜਾ ਫ਼ੌਜ ਦੀ ਹਾਈ ਕਮਾਂਡ ਵਿੱਚ ਵੀ ਕਾਇਮ ਰਹੇਗਾ ।

 

* ਦੇਸ਼ ਵਿੱਚ ਕੋਈ ਵੀ ਅਜਿਹਾ ਕਨੂੰਨ ਜਾਂ ਵਿਧਾਨ, ਜਿਸ ਨੂੰ ਸਿੱਖ ਬਹੁ-ਸੰਮਤੀ ਨਾਲ ਸਿੱਖਾਂ ਦੇ ਵਿਰੁੱਧ ਕਰਾਰ ਦੇ ਦੇਣ ਉਨਾ ਚਿਰ ਨਹੀਂ ਬਣੇਗਾ, ਜਿੰਨਾਂ ਚਿਰ ਦੇਸ਼ ਦੀ ਸਰਬ-ਉਚ ਅਦਾਲਤ ਬਹੁਸੰਮਤੀ ਨਾਲ ਇਹ ਨਾ ਕਹਿ ਦੇਵੇ ਕਿ ਇਹ ਕਨੂੰਨ ਸਿੱਖਾਂ ਉੱਪਰ ਕੋਈ ਮਾਰੂ ਅਸਰ ਨਹੀਂ ਪਾਉਂਦਾ ।

 

          ਪਰ ਸਿੱਖ ਆਗੂਆਂ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਅਤੇ ਸ. ਬਲਦੇਵ ਸਿੰਘ ਨੇ ਮਿਸਟਰ ਜਿਨਾਹ ਦੀ ਇਹ ਪੇਸ਼ਕਸ਼, ਪੰਥਕ ਹਿੱਤ 'ਤੇ ਕੋਈ ਵੀ ਗਹਿਰ ਗੰਭੀਰ ਵਿਚਾਰ ਕਰਨ ਤੋਂ ਬਿਨਾਂ ਹੀ ਗੁਰਮਤਿ ਵਿਰੋਧੀ ਅਤੇ ਅਤਿ ਨੀਵੀਆਂ ਪ੍ਰਚਲਤ ਧਾਰਨਾਵਾਂ :

 

* ਮੁਸਲਮਾਨ ਸਿੱਖਾਂ ਦੇ ਦੁਸ਼ਮਣ ਹਨ।

 

* ਹਿੰਦੂਆਂ ਨਾਲ ਸਿੱਖਾਂ ਦਾ ਲਹੂ-ਮਾਸ ਦਾ ਰਿਸ਼ਤਾ ਹੈ।

 

* ਨੌਵੇਂ ਪਾਤਿਸ਼ਾਹ ਹਿੰਦ ਦੀ ਚਾਦਰ ਹਨ।

 

* ਖ਼ਾਲਸੇ ਦੀ ਸਾਜਨਾ ਹਿੰਦੂਆਂ ਦੀ ਰਾਖੀ ਅਤੇ ਮੁਲਸਮਾਨਾਂ ਨਾਲ ਟੱਕਰ ਲੈਣ ਲਈ ਕੀਤੀ ਗਈ ਸੀ।

 

* ਤੇਲ ਵਿੱਚ ਬਾਂਹ ਭਿਉਂ ਕੇ ਤਿਲਾਂ ਦੀ ਬੋਰੀ ਵਿੱਚ ਦੇਣ 'ਤੇ ਜਿੰਨੇ ਤਿਲ ਬਾਂਹ ਨੂੰ ਲੱਗਣ ਉਨੀਆਂ ਕਸਮਾਂ ਖਾਣ 'ਤੇ ਵੀ ਮੁਸਲਮਾਨਾਂ 'ਤੇ ਯਕੀਨ ਨਹੀਂ ਕਰਨਾ ਚਾਹੀਦਾ।

 

6 ਦਸੰਬਰ, 1946 ਨੂੰ ਅੰਗਰੇਜ਼ਾਂ ਵਲੋਂ ਸਿੱਖਾਂ ਨੂੰ ਇਹ ਪੇਸ਼ਕਸ਼ ਕੀਤੀ ਗਈ :

 

* ਪਾਣੀਪਤ ਤੋਂ ਨਨਕਾਣਾ ਸਾਹਿਬ ਤੱਕ ਸਿੱਖ ਸਟੇਟ ਜਿਸ ਨੂੰ ਸਮੁੰਦਰ ਤੱਕ ਪਹੁੰਚ ਵੀ ਦਿੱਤੀ ਜਾਵੇਗੀ, ਸਿੱਖ ਲੈ ਲੈਣ।

 

* ਇਸ ਸਿੱਖ ਸਟੇਟ ਦੀ ਬਰਤਾਨੀਆ ਨਾਲ ਇੱਕ-ਦੂਜੇ ਦੀ ਰੱਖਿਆ ਦੇ ਸਾਂਝੇ ਪ੍ਰਬੰਧਾਂ ਬਾਰੇ ਇਹ ਸੰਧੀ ਹੋਵੇਗੀ ਕਿ 25 ਹਜ਼ਾਰ ਅੰਗਰੇਜ਼ ਫ਼ੌਜੀ ਅਤੇ ਤਜ਼ਰਬੇਕਾਰ ਅੰਗਰੇਜ਼ ਅਫ਼ਸਰ ਦਸ ਸਾਲਾਂ ਲਈ ਲੌੜੀਂਦੇ ਫ਼ੌਜੀ ਸਾਜੋ-ਸਾਮਾਨ ਸਮੇਤ ਸਿੱਖ ਫ਼ੌਜ ਨੂੰ ਦਿੱਤੇ ਜਾਣਗੇ ਅਤੇ ਬਦਲੇ ਵਿੱਚ 50 ਹਜ਼ਾਰ ਸਿੱਖ ਫ਼ੌਜੀ 10 ਸਾਲਾਂ ਲਈ ਅੰਗਰੇਜ਼ ਫ਼ੌਜ ਦੀ ਮੱਦਦ ਲਈ ਸਿੰਘਾਪੁਰ ਅਤੇ ਮਲਾਇਆ ਆਦਿ ਥਾਂਵਾਂ 'ਤੇ ਰਹਿਣਗੇ।

 

          ਪਰ ਅਯੋਗ ਤੇ ਗ਼ੱਦਾਰ ਸਿੱਖ ਆਗੂ ਸ. ਬਲਦੇਵ ਸਿੰਘ ਨੇ ਕਾਂਗਰਸੀ ਆਗੂ ਪੰਡਿਤ ਜਵਾਹਰ ਲਾਲ ਨਹਿਰੂ ਦੇ ਕਹਿਣ 'ਤੇ ਅੰਗਰੇਜ਼ਾਂ ਦੀ ਇਹ ਪੇਸ਼ਕਸ਼ ਵੀ ਠੁਕਰਾਅ ਦਿੱਤੀ ਅਤੇ ਲੰਦਨ ਤੋਂ ਵਾਪਸ ਮੁੜਨ ਲੱਗਿਆਂ ਪੱਤਰਕਾਰਾਂ ਨੂੰ ਇਹ ਬਿਆਨ ਦਿੱਤਾ : ''ਸਿੱਖ ਜੋ ਲੈਣਾ ਚਾਹੁੰਣਗੇ ਉਹ ਕਾਂਗਰਸ ਤੋਂ ਸਿੱਧਾ ਹੀ ਲੈ ਲੈਣਗੇ। ਸਿੱਖਾਂ ਦੀ ਅੰਗਰੇਜ਼ਾਂ ਤੋਂ ਇਹੋ ਹੀ ਮੰਗ ਹੈ ਕਿ ਉਹ ਹਿੰਦੁਸਤਾਨ ਛੱਡ ਜਾਣ।'' ਇੰਝ ਉਸ ਸਮੇਂ ਦੇ ਅਯੋਗ ਸਿੱਖ ਆਗੂਆਂ ਨੇ ਸਿੱਖ ਕੌਮ ਦਾ ਸਿਰ ਹਿੰਦੂਆਂ ਦੀ ਪੰਜਾਲੀ ਵਿੱਚ ਦੇ ਦਿੱਤਾ ਅਤੇ ਇਸ ਤੋਂ ਆਪਣੇ ਆਪ ਨੂੰ ਬਚਾਉਣ ਲਈ ਇਹ ਰੱਟ ਲਗਾਉਣੀ ਸ਼ੁਰੂ ਕਰ ਦਿੱਤੀ :

 

* ਸਿੱਖ ਘੱਟ ਗਿਣਤੀ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਖਿੱਲਰੇ-ਪੁੱਲਰੇ ਸਨ ਅਤੇ ਕਿਸੇ ਵੀ ਇੱਕ ਇਲਾਕੇ ਵਿੱਚ ਬਹੁ-ਗਿਣਤੀ 'ਚ ਨਾ ਹੋਣ ਕਰਕੇ ਆਪਣਾ ਵੱਖਰਾ ਖ਼ਾਲਸਾ ਰਾਜ ਲੈ ਹੀ ਨਹੀਂ ਸਨ ਸਕਦੇ।

 

* ਕਮਿਊਨਲ ਅਵਾਰਡ ਕਾਰਨ ਸਿੱਖਾਂ ਨੂੰ ਕੁਝ ਮਿਲ ਹੀ ਨਹੀਂ ਸੀ ਸਕਦਾ।

 

          ਪਰ ਕਮਿਊਨਲ ਅਵਾਰਡ ਨੂੰ ਰੱਦ ਕਰਾਉਣ ਲਈ ਫੋਕੇ ਦਮਗਜੇ ਮਾਰਨ ਤੋਂ ਬਿਨਾਂ ਇਹਨਾਂ ਸਿੱਖ ਆਗੂਆਂ ਨੇ ਕੁਝ ਵੀ ਨਾ ਕੀਤਾ। ਜਦ ਕਿ ਅੰਗਰੇਜ਼ ਹਕੂਮਤ ਨੇ 1936 ਵਿੱਚ ਇਹ ਫ਼ੈਸਲਾ ਕਰ ਲਿਆ ਸੀ ਕਿ ਜੇਕਰ ਸਿੱਖ ਕਮਿਊਨਲ ਅਵਾਰਡ ਪ੍ਰਤੀ ਰੋਸ ਵਜੋਂ ਮਰਨ ਮਾਰਨ 'ਤੇ ਆ ਜਾਣ ਅਤੇ ਮੌਤਾਂ ਦੀ ਗਿਣਤੀ 20 ਤੋਂ ਟੱਪ ਜਾਵੇ ਤਾਂ ਉਸੇ ਵੇਲੇ ਹੀ ਪੰਜਾਬ ਨੂੰ ਕਮਿਊਨਲ ਅਵਾਰਡ ਦੇ ਘੇਰੇ 'ਚੋਂ ਕੱਢ ਦੇਣ ਦਾ ਐਲਾਨ ਕਰ ਦਿੱਤਾ ਜਾਵੇਗਾ ।

 

           ਹਿੰਦੁਸਤਾਨ ਵਿੱਚ ਸ਼ਾਮਲ ਹੋਣ ਦਾ ਸਿੱਖ ਆਗੂਆਂ ਦਾ 1947 ਵਿੱਚ ਲਿਆ ਗਿਆ ਇਹ ਫ਼ੈਸਲਾ ਕਦੇ ਨਾ ਮਾਫ਼ ਕੀਤੀ ਜਾਣ ਵਾਲੀ ਬੱਜਰ ਗਲਤੀ, ਘੋਰ ਅਪਰਾਧ ਅਤੇ ਮੂਰਖਾਨਾ ਫ਼ੈਸਲਾ ਸੀ। ਆਜ਼ਾਦ ਹਿੰਦੁਸਤਾਨ ਦੇ ਹਾਕਮਾਂ ਨੇ ਸਿੱਖ ਆਗੂਆਂ ਦੇ ਇਸ ਮੂਰਖਾਨਾ ਫ਼ੈਸਲੇ ਦਾ ਤੁਰੰਤ ਫਾਇਦਾ ਉਠਾਇਆ ਅਤੇ ਖ਼ਾਲਸਾ ਪੰਥ ਦੀ ਵੱਖਰੀ, ਨਿਆਰੀ ਅਤੇ ਵਿਲੱਖਣ ਹੋਂਦ ਹਸਤੀ ਨੂੰ 26 ਫਰਵਰੀ, 1950 ਵਿੱਚ ਲਾਗੂ ਹੋਏ ਸੰਵਿਧਾਨ ਦੀ ਧਾਰਾ 25 ਰਾਹੀਂ ਹਿੰਦੂਆਂ ਦਾ ਅੰਗ ਬਣਾ ਲਿਆ। ਸਰਬੱਤ ਦਾ ਭਲਾ ਮੰਗਣ ਵਾਲਾ ਤੇ ਮਜ਼ਲੂਮ ਦੀ ਰੱਖਿਆ ਕਰਨ ਵਾਲਾ ਖ਼ਾਲਸਾ ਹਿੰਦੁਸਤਾਨ ਵਿੱਚ ਜ਼ਰਾਇਮ ਪੇਸ਼ਾ ਕਰਾਰ ਦੇ ਦਿੱਤਾ ਗਿਆ।

 

          1947 ਤੋਂ ਪਹਿਲਾਂ ਬ੍ਰਾਹਮਣਵਾਦੀਆਂ ਵਲੋਂ ਅਪਣਾਈ ਗਈ ਗ਼ੈਰ ਹਿੰਦੂ ਕੌਮਾਂ ਵਿਰੁੱਧ ਸਪੱਸ਼ਟ ਨੀਤੀ ਨੂੰ ਵੀ ਸਿੱਖਾਂ ਲਈ ਮਾਰੂ ਸਮਝਣ ਵਿੱਚ ਇਹ ਅਯੋਗ ਸਿੱਖ ਆਗੂ ਅਸਫ਼ਲ ਰਹੇ। ਗਾਂਧੀ ਨੇ ਤਾਂ ਦੂਜੀ ਰਾਊਂਡ ਟੇਬਲ ਕਾਂਨਫਰੰਸ ਦੇ ਖੁੱਲ੍ਹੇ ਸਮਾਗਮ ਵਿੱਚ ਹੀ ਆਪਣੀ ਹਿੰਦੂਤਵੀ ਸੋਚ ਦਾ ਐਲਾਨੀਆ ਤੌਰ 'ਤੇ ਪ੍ਰਗਟਾਵਾ ਕਰਦਿਆਂ ਸਪੱਸ਼ਟ ਕਰ ਦਿੱਤਾ ਸੀ :

 

* ਇੰਡੀਅਨ ਨੈਸ਼ਨਲ ਕਾਂਗਰਸ ਹੀ ਹਿੰਦੁਸਤਾਨ ਦੀ ਇੱਕੋ-ਇੱਕ ਰਾਜਸੀ ਪ੍ਰਤੀਨਿਧ ਪਾਰਟੀ ਹੈ।

 

* ਅਛੂਤ ਜਾਤੀਆਂ ਹਿੰਦੂਆਂ ਦਾ ਅਨਿੱਖੜਵਾਂ ਅੰਗ ਹਨ ਅਤੇ ਵੱਖਰੀ ਨੁਮਾਇੰਦਗੀ ਨਹੀਂ ਮੰਗ ਸਕਦੀਆਂ।

 

* ਅਖੰਡ ਹਿੰਦੁਸਤਾਨ ਵਿੱਚ ਹਿੰਦੂਆਂ, ਮੁਸਲਮਾਨਾਂ ਆਦਿ ਨੂੰ ਫ਼ਿਰਕੇਦਰਾਨਾਂ ਨੁਮਾਇੰਦਗੀ ਤੋਂ ਬਿਨਾਂ ਸਾਂਝੀ ਚੋਣ ਰਾਹੀਂ ਸਾਂਝਾ ਰਾਜ ਕਰਨਾ ਬਣਦਾ ਹੈ।

 

ਪੰਡਿਤ ਮਦਨ ਮੋਹਨ ਮਾਲਵੀਆ ਨੇ ਲਖਨਊ ਕਾਨਫਰੰਸ ਵਿੱਚ ਕਿਹਾ ਸੀ :

 

''ਅੰਗਰੇਜ਼ਾਂ ਨੂੰ ਚਲੇ ਜਾਣ ਦਿਉ, ਅਸੀਂ ਵਿੱਦਿਆ ਪ੍ਰਣਾਲੀ ਵਿੱਚ ਸੋਧ ਕਰਕੇ ਹੀ ਮੁਸਲਮਾਨਾਂ ਦੀ ਮੁਸਲਮਾਨੀ ਕੱਢ ਦਿਆਂਗੇ।''

 

ਨਹਿਰੂ ਨੇ ਕਿਹਾ ਸੀ:

 

''ਗੱਲ ਉਹ ਕਰੀਏ ਜਿਸ ਦੇ ਕਈ ਪਹਿਲੂ ਹੋਣ, ਕੋਈ ਪਹਿਲੂ ਤਾਂ ਰਹੇ ਗੱਲ ਬਦਲਣ ਵਾਸਤੇ।''

 

          ਮੁਸਲਮਾਨ ਤਾਂ ਕਾਂਗਰਸੀ ਆਗੂਆਂ ਦੀ ਇਸ ਹਿੰਦੂਤਵੀ ਸੋਚ ਨੂੰ ਸਮਝ ਗਏ ਸਨ ਅਤੇ ਆਪਣੇ ਵੱਖਰੇ 'ਪੂਰਨ ਪ੍ਰਭੂਸਤਾ ਸਪੰਨ ਇਸਲਾਮੀ ਰਾਜ ਪਾਕਿਸਤਾਨ' ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਸੀ, ਪਰ ਸਿੱਖ ਆਗੂ ਕਾਂਗਰਸੀ ਆਗੂਆਂ ਦੀ ਇਸ ਸੋਚ ਨੂੰ ਸਮਝਣ ਵਿੱਚ ਪੂਰੀ ਤਰ੍ਹਾਂ ਮਾਰ ਖਾ ਗਏ ਅਤੇ ਗਾਂਧੀ ਤੇ ਨਹਿਰੂ ਦੇ ਪਿੱਛਲੱਗ ਬਣ ਕੇ ਸਿੱਖ ਪੰਥ ਦੀ ਕਿਸਮਤ ਨੂੰ ਹਿੰਦੁਸਤਾਨੀ ਫ਼ਿਰਕੂ ਸੋਚ ਦੇ ਖਾਰੇ ਸਮੁੰਦਰ ਵਿੱਚ ਰੋੜ੍ਹ ਦਿੱਤਾ ਤੇ ਨਾਲ ਹੀ 6 ਕਰੋੜ ਅਖੌਤੀ ਅਛੂਤਾਂ ਦੇ ਸਿੰਘ ਸੱਜਣ ਦੀ ਡਾ. ਅੰਬੇਦਕਰ ਦੀ ਖਾਹਿਸ਼ 'ਤੇ ਵੀ ਬੜੀ ਬੇ-ਕਿਰਕੀ ਅਤੇ ਦੁਰਭਾਵਨਾ ਨਾਲ ਪਾਣੀ ਫੇਰ ਦਿੱਤਾ। ਇਸ ਤਰ੍ਹਾਂ ਅਖੌਤੀ ਅਛੂਤਾਂ ਦੇ ਇਸ ਦੂਰ-ਅੰਦੇਸ਼ ਆਗੂ ਦੀ ਹਿੰਦੂਆਂ ਵੱਲੋਂ ਸਦੀਆ ਤੋਂ ਦੱਬੇ-ਕੁਚਲੇ ਤੇ ਦਰਕਾਰੇ ਹੋਏ ਇਹਨਾਂ ਕਰੋੜਾਂ ਲੋਕਾਂ ਨੂੰ ਹਿੰਦੂਤਵੀ ਸੋਚ ਵਿੱਚੋਂ ਕੱਢਣ ਦੀ ਸਿਆਣਪ ਭਰੀ ਨੀਤੀ ਨੂੰ ਅਸਫ਼ਲ ਕਰਨ ਲਈ ਗਾਂਧੀ ਨੂੰ ਢੁਕਵਾਂ ਮੌਕਾ ਦਿੱਤਾ। ਸਿੱਖ ਆਗੂਆਂ ਦੀ ਦਲਿਤਾਂ ਪ੍ਰਤੀ ਇਸ ਪਹੁੰਚ ਨੇ ਅਤੇ ਹਿੰਦੂਤਵੀ ਸੋਚ ਦੀਆਂ ਸ਼ਾਤਰ ਚਾਲਾਂ ਨੇ ਅੱਜ ਦਲਿਤ ਅਤੇ ਸਿੱਖ ਵਿੱਚ ਵੱਡਾ ਪਾੜਾ ਪਾ ਦਿੱਤਾ ਹੈ। ਦਲਿਤ ਭਾਈਚਾਰਾ ਵੀ ਇਸ ਬਿਪਰੀ ਸੋਚ ਨੂੰ ਸਮਝਣ ਦੇ ਅਸਮਰੱਥ ਹੋਣ ਕਾਰਨ ਇਸ ਦਾ ਸ਼ਿਕਾਰ ਹੋ ਕੇ ਮੁੜ ਉਸੇ ਰਾਹ ਦੀ ਤਿਲਕਣ ਵਿੱਚ ਤਿਲਕ ਚੁੱਕਾ ਹੈ, ਜਿਸ ਤੋਂ ਗੁਰੂ ਸਾਹਿਬਾਨ ਨੇ ਭਗਤ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਬਚਾਇਆ ਸੀ ਸਿੱਖ ਆਗੂਆਂ ਵਿੱਚ ਪਨਪੀ ਉੱਚੇ ਨੀਵੇਂ ਦੀ ਅਸਿੱਖ ਪ੍ਰਵਿਰਤੀ ਨੇ ਸਿੱਖ ਪੰਥ ਨੂੰ ਵੱਡੀ ਢਾਹ ਲਾਈ ਹੈ ਅਤੇ ਇਸੇ ਸੋਚ ਨਾਲ ਹੀ ਅਯੋਗ ਸਿੱਖ ਆਗੂਆਂ ਨੇ ਬੰਗਾਲ ਦੇ ਰਾਜੇ ਸਮੇਤ ਕੁਝ ਪ੍ਰਮੁੱਖ ਬੰਗਾਲੀਆਂ ਵਲੋਂ ਅੰਮ੍ਰਿਤਸਰ ਆ ਕੇ ਬੰਗਾਲ ਵਿੱਚ 30-35 ਲੱਖ ਬੰਗਾਲੀਆਂ ਨੂੰ ਸਿੰਘ ਸਜਾਉਣ ਲਈ ਬੰਗਾਲ ਵਿੱਚ ਪ੍ਰਚਾਰ ਮੁਹਿੰਮ ਚਲਾਉਣ ਦੀ ਕੀਤੀ ਗਈ ਬੇਨਤੀ ਵੀ ਇਨ੍ਹਾਂ ਠੁਕਰਾ ਦਿੱਤੀ ਸੀ। ਇਸ ਤਰ੍ਹਾਂ ਹਿੰਦੁਸਤਾਨ ਵਿੱਚ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਦੀ ਗਿਣਤੀ ਵਿੱਚ ਹੋਣ ਵਾਲਾ ਬੇਮਿਸਾਲ ਵਾਧਾ, ਇਨ੍ਹਾਂ ਸਿੱਖ ਆਗੂਆਂ ਦੀ ਸੌੜੀ ਸੋਚ ਨੇ ਮਿੱਟੀ ਵਿੱਚ ਮਿਲਾ ਦਿੱਤਾ।

 

            ਇਨ੍ਹਾਂ ਸਿੱਖ ਆਗੂਆਂ ਦੀ ਦੂਰ ਅੰਦੇਸ਼ੀ ਸੋਚ ਦੀ ਘਾਟ ਅਤੇ ਰਾਜਨੀਤੀ ਤੋਂ ਅਣਜਾਣ ਹੋਣ ਕਾਰਨ ਪੰਜਾਬ ਵੰਡਿਆ ਗਿਆ, ਗੁਰ ਅਸਥਾਨ ਖੁੱਸ ਗਏ, ਉਪਜਾਊ ਇਲਾਕੇ ਹੱਥੋਂ ਨਿੱਕਲ ਗਏ, ਜਾਇਦਾਦਾਂ ਤਬਾਹ ਹੋ ਗਈਆਂ, ਲੱਖਾਂ ਸਿੱਖਾਂ ਅਤੇ ਮੁਸਲਮਾਨਾਂ ਦੀਆਂ ਮਸੂਮ ਜ਼ਿੰਦਗੀਆਂ ਖ਼ੂਨੀ ਹੋਲੀ ਦੀ ਭੇਟ ਚੜ੍ਹ ਗਈਆਂ। ਅਬਲਾਵਾਂ ਦੀ ਇੱਜ਼ਤ ਰੁਲ ਗਈ, ਜ਼ਬਰੀ ਧਰਮ ਤਬਦੀਲ ਹੋ ਗਿਆ ਅਤੇ ਲੱਖਾਂ ਮਾਸੂਮ ਇਨਸਾਨਾਂ ਦੇ ਡੁੱਲ੍ਹੇ ਲਹੂ ਦਾ ਦਾਗ਼ ਮਜ਼ਲੂਮਾਂ ਦੇ ਰਖਵਾਲੇ ਖ਼ਾਲਸੇ ਦੇ ਮੱਥੇ 'ਤੇ ਵੀ ਲੱਗ ਗਿਆ। ਸਿੱਖਾਂ ਨੇ ਬਦਲੇ ਦੀ ਭਾਵਨਾ ਅਤੇ ਉਕਸਾਹਟ ਵਿੱਚ ਆ ਕੇ ਨਿਹੱਥੇ ਅਤੇ ਮਾਸੂਮ ਮੁਸਲਮਾਨਾਂ ਦਾ ਮਹਿਜ਼ ਸਿੱਖਾਂ ਦੇ ਕਤਲੇਆਮ ਦਾ ਬਦਲਾ ਲੈਣ ਲਈ ਰੱਜ ਕੇ ਕਤਲੇਆਮ ਕੀਤਾ।

 

           1947 ਵਿੱਚ ਜਦ ਕੁਝ ਮਿਲਦਾ ਸੀ ਤਾਂ ਲਿਆ ਨਾ ਅਤੇ ਹੁਣ ਮੰਗਦੇ ਹਾਂ ਤੇ ਮਿਲਦਾ ਨਹੀਂ। ਪੰਜਾਬੀ ਸੂਬਾ ਮੰਗਿਆ ਤਾਂ ਹਿੰਦੂਤਵੀ ਸੋਚ ਨੇ ਪੰਜਾਬੀ ਬੋਲਦੇ ਇਲਾਕੇ ਤੇ ਰਾਜਧਾਨੀ ਚੰਡੀਗੜ੍ਹ ਵੀ ਖੋਹ ਲਏ। ਰਾਜ ਪ੍ਰਬੰਧ, ਨਿਆਂਇਕ ਪ੍ਰਣਾਲੀ ਅਤੇ ਉੱਚ ਵਿਦਿਆ ਦੇ ਖੇਤਰ ਵਿੱਚ ਪੰਜਾਬੀ, ਪੰਜਾਬ ਦੀ ਰਾਜ ਭਾਸ਼ਾ ਹੋਣ 'ਤੇ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕੀ। ਦਰਿਆਈ ਪਾਣੀਆਂ ਅਤੇ ਹੈੱਡ ਵਰਕਸਾਂ 'ਤੇ ਵੀ ਕੇਂਦਰ ਸਰਕਾਰ ਦਾ ਡਾਕਾ ਵੱਜ ਗਿਆ। ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਵੱਧ ਅਧਿਕਾਰਾਂ ਦੀ ਮੰਗ ਕੀਤੀ ਗਈ ਤਾਂ ਟੈਂਕਾਂ ਤੇ ਤੋਪਾਂ ਦੇ ਗੋਲੇ ਖਾਣੇ ਪਏ। ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਗਿਆ, ਤੋਸ਼ਾਖਾਨਾ ਲੁੱਟਿਆ ਗਿਆ, ਸਿੱਖ ਸਾਹਿਤ 'ਤੇ ਡਾਕਾ ਪੈ ਗਿਆ, ਪਵਿੱਤਰ ਪਰਿਕਰਮਾ ਤੇ ਸਰੋਵਰ ਲਹੂ-ਲੁਹਾਨ ਹੋ ਗਏ, ਸ੍ਰੀ ਦਰਬਾਰ ਸਾਹਿਬ ਦਾ ਪਵਿੱਤਰ ਸੀਨਾ ਵਿੰਨ੍ਹਿਆ ਗਿਆ, ਕੌਮ ਦੀ ਜੁਆਨੀ ਦਾਣਿਆਂ ਵਾਂਗ ਭੁੱਜ ਗਈ, ਬਜ਼ੁਰਗਾਂ ਦੀ ਪੱਤ ਰੁਲ ਗਈ ਅਤੇ ਬੀਬੀਆਂ ਦੀ ਅਜ਼ਮਤ ਵਲੂੰਧਰੀ ਗਈ। ਸਿਵਿਆਂ ਵਿੱਚ ਬਲੀਆਂ ਅਤੇ ਦਰਿਆਵਾਂ ਵਿੱਚ ਰੁੜੀਆਂ ਕੌਮ ਦੀ ਜੁਆਨੀ ਦੀਆਂ ਲਾਵਾਰਸ ਲਾਸ਼ਾਂ ਦੀ ਸ਼ਨਾਖਤ ਸਿਰ ਤੋੜ ਯਤਨਾਂ ਦੇ ਬਾਵਜੂਦ ਵੀ ਅਧੂਰੀ ਹੀ ਹੈ। ਲਾਵਾਰਸ ਲਾਸ਼ਾਂ ਦੀ ਭਾਲ ਵਿੱਚ ਨਿੱਕਲੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਸ. ਜਸਵੰਤ ਸਿੰਘ ਖਾਲੜਾ ਖ਼ੁਦ ਵੀ ਲਾਵਾਰਸ ਲਾਸ਼ ਬਣ ਗਏ।

 

          ਜੇਕਰ 1947 ਤੋਂ ਪਹਿਲਾਂ ਸਿੱਖ ਆਗੂ ਪੰਥ ਦੀ ਆਜ਼ਾਦ ਹੋਂਦ ਨੂੰ ਕਾਇਮ ਰੱਖਣ ਲਈ ਆਪਣੇ ਵੱਖਰੇ 'ਪੂਰਨ ਪ੍ਰਭੂਸੱਤਾ ਸੰਪੰਨ ਖ਼ਾਲਸਾ ਰਾਜ' ਦਾ ਨਿਸ਼ਾਨਾ ਮਿੱਥ ਕੇ ਦ੍ਰਿੜ੍ਹਤਾ ਅਤੇ ਜਿੱਤ ਦੇ ਨਿਸਚੇ ਨਾਲ ਸਿਆਸੀ ਪਿੜ ਵਿੱਚ ਨਿੱਤਰਦੇ ਤਾਂ ਖ਼ਾਲਸਾ ਗੁਰੂ ਆਸ਼ੇ ਵਾਲੇ ਹਲੀਮੀ ਰਾਜ ਨੂੰ ਸਾਕਾਰ ਕਰ ਕੇ ਪੂਰੀ ਦੁਨੀਆ ਨੂੰ ਸਤਿਗੁਰਾਂ ਦੇ ਧਰਮ ਅਤੇ ਰਾਜਨੀਤੀ ਦੀ ਸੁਮੇਲਤਾ ਵਾਲੇ ਰਾਜ ਦੇ ਸਿਧਾਂਤ ਦੀ ਸਿੱਖਿਆ ਦਿੰਦਾ ਅਤੇ ਮਨੁੱਖਤਾ ਦੀ ਕਾਇਆਂ ਕਲਪ ਕਰਨ ਦਾ ਮਾਣ ਪ੍ਰਾਪਤ ਕਰਦਾ, ਪਰ ਅਜਿਹਾ ਕਰਨ ਤੋਂ ਪਾਸਾ ਮੋੜ ਕੇ ਅਤੇ ਹਿੰਦੁਸਤਾਨ ਦੀ ਕਪਟੀ ਤੇ ਬਿਪਰਵਾਦੀ ਰਾਜਨੀਤੀ ਵਿੱਚ ਫਸ ਕੇ ਰਵਾਇਤੀ ਸਿੱਖ ਆਗੂ ਵੀ ਪੂਰੀ ਤਰ੍ਹਾਂ ਕਪਟੀ ਬਣ ਚੁੱਕੇ ਹਨ। ਮਹਿਜ਼ ਸੱਤਾ ਦੀ ਲਾਲਸਾ ਦੀ ਪੂਰਤੀ ਲਈ ਅਤੇ ਆਪਣੀ ਸਿਆਸੀ ਹੋਂਦ ਲਈ ਸਮੁੱਚੀ ਸਿੱਖ ਕੌਮ ਦੀ ਹੋਂਦ ਨੂੰ ਹੀ ਖਤਰੇ ਵਿੱਚ ਪਾ ਦਿੱਤਾ ਗਿਆ ਹੈ। ਕਦੇ ਗੰਗੂ ਨੇ ਤਾਂ ਦੋ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਹੀ ਜ਼ਾਲਮਾਂ ਦੇ ਹਵਾਲੇ ਕੀਤਾ ਸੀ, ਪਰ ਅੱਜ ਦੇ ਰਵਾਇਤੀ ਸਿਆਸਤਦਾਨਾਂ ਨੇ ਸਮੁੱਚੀ ਸਿੱਖ ਕੌਮ ਨੂੰ ਹੀ ਜ਼ਾਲਮਾਂ ਦੀ ਭੱਠੀ ਵਿੱਚ ਝੋਕ ਦਿੱਤਾ ਹੈ।

 

          ਅਯੋਗ ਆਗੂਆਂ ਕਾਰਨ 1947 ਵਿੱਚ ਖ਼ਾਲਸਾ ਪੰਥ ਹਿੰਦੂਤਵੀ ਕਪਟ ਸੋਚ ਦੇ ਲਾਰਿਆਂ, ਵਾਅਦਿਆਂ ਅਤੇ ਧੋਖੇਬਾਜ਼ੀ ਦਾ ਸ਼ਿਕਾਰ ਹੋ ਕੇ ਅੱਜ ਲੁੱਟਿਆ, ਕੁੱਟਿਆ ਅਤੇ ਲਹੂ-ਲੁਹਾਨ ਹੋਇਆ ਪਿਆ ਹੈ। ਅਯੋਗ ਸਿਆਸੀ ਆਗੂਆਂ, ਵਿਦਵਤਾ ਤੋਂ ਸੱਖਣੇ ਸਾਧਾਂ-ਸੰਤਾਂ ਅਤੇ ਨਾਮ ਬਾਣੀ ਤੋਂ ਕੋਰੇ ਨੀਰਸ ਵਿਦਵਾਨਾਂ ਨੇ ਸਿੱਖ ਕੌਮ ਨੂੰ ਉਸ ਚੁਰਾਹੇ 'ਤੇ ਲਿਆ ਖੜ੍ਹਾ ਕੀਤਾ ਹੈ, ਜਿੱਥੇ ਪੰਥ ਦੁਸ਼ਮਣ ਤਾਕਤਾਂ ਇਸ ਨੂੰ ਸਹਿਜੇ ਹੀ ਫੁੰਡੀ ਜਾ ਰਹੀਆਂ ਹਨ। ਰਾਜਨੀਤਕ ਖੇਤਰ ਦਾ ਕੁਟਲੀਕਰਨ, ਧਾਰਮਿਕ ਖੇਤਰ ਦਾ ਸਿਆਸੀਕਰਨ, ਸਮਾਜਿਕ ਖੇਤਰ ਦਾ ਬਿਪਰੀ ਅਤੇ ਪੱਛਮੀ ਕਰਨ ਅਤੇ ਆਰਥਿਕ ਖੇਤਰ ਦਾ ਦਿਵਾਲੀਆਪਨ ਹੋ ਚੁੱਕਾ ਹੈ। ਮੀਰੀ-ਪੀਰੀ ਦੀ ਸੁਮੇਲਤਾ, ਸਾਂਝੀਵਾਲਤਾ, ਨਿਆਰੇਪਣ, ਵਿਲੱਖਣ ਹੋਂਦ ਹਸਤੀ ਅਤੇ ਦਸਾਂ ਨਹੁੰਆਂ ਦੀ ਨੇਕ ਕਿਰਤ ਕਮਾਈ ਦੇ ਮਹਾਨ ਖ਼ਾਲਸਾਈ ਸਿਧਾਂਤ, ਅਧਰਮੀ, ਕੁਕਰਮੀ, ਲੋਟੂ ਤੇ ਲਾਲਚੀ ਸਿਆਸਤਦਾਨਾਂ ਦੀ ਭੇਟ ਚੜ੍ਹਦੇ ਜਾ ਰਹੇ ਹਨ। ਦੇਹਧਾਰੀ ਦੰਭ, ਨਾਸਤਕਵਾਦ, ਪਤਿਤਪੁਣਾ ਅਤੇ ਨਸ਼ੇ ਖ਼ਾਲਸਾ ਪੰਥ ਦੀ ਵਿੱਲਖਣ ਹੋਂਦ ਹਸਤੀ ਲਈ ਵੱਡਾ ਖਤਰਾ ਬਣ ਚੁੱਕੇ ਹਨ। ਸ਼ਬਦ ਗੁਰੂ ਦੇ ਸਿਧਾਂਤ ਦੀ ਥਾਂ ਵਿਅਕਤੀ ਵਿਸ਼ੇਸ਼ ਦੀ ਪੂਜਾ ਸਿੱਖਾਂ ਅੰਦਰ ਬੁਰਾਈ ਬਣ ਕੇ ਵਧਦੀ ਜਾ ਰਹੀ ਹੈ। ਅਖੌਤੀ ਸਾਧ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਾ ਛਲਾਵਾ ਦੇ ਕੇ ਆਪਣੀ ਪੂਜਾ ਕਰਵਾ ਰਹੇ ਹਨ ਤੇ ਮਾਇਆ ਧਾਰੀ ਬਣੇ ਹੋਏ ਹਨ।

 

           ਅਕਾਲੀ ਰਾਜ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਿੱਖ ਹੱਕਾਂ ਦੀ ਪ੍ਰਾਪਤੀ ਲਈ ਕੁਝ ਕਰਨ ਦੀ ਥਾਂ ਬੁਰੀ ਤਰ੍ਹਾਂ ਫ਼ੇਲ੍ਹ ਹੀ ਨਹੀਂ ਹੋਇਆ, ਸਗੋਂ ਇਸ ਨੇ ਸਿੱਖਾਂ ਨੂੰ ਕੱਟੜ ਹਿੰਦੂਤਵੀ ਸੋਚ ਆਰ. ਐਸ. ਐਸ. ਅਤੇ ਭਾਜਪਾ ਦਾ ਗ਼ੁਲਾਮ ਬਣਾ ਕੇ ਰੱਖ ਦਿੱਤਾ ਹੈ। ਖ਼ਾਲਸਾਈ ਵਿਧੀ ਵਿਧਾਨ ਅਨੁਸਾਰ ਯੋਗ ਤੇ ਪ੍ਰਵਾਨਤ ਰਾਜਨੀਤਕ ਨੁਮਾਇੰਦੇ ਢੂੰਡਣ ਦੀ ਥਾਂ ਸਿੱਖਾਂ 'ਤੇ ਬੇਈਮਾਨ ਅਤੇ ਲੁਟੇਰੇ ਠੋਸ ਦਿੱਤੇ ਗਏ ਹਨ, ਜੋ ਲੋਕਾਂ ਦੀਆਂ ਕਮਜ਼ੋਰੀਆਂ ਅਤੇ ਅਨਪੜ੍ਹਤਾ ਦਾ ਲਾਭ ਉਠਾ ਕੇ ਝੂਠੇ ਲਾਰਿਆਂ, ਫੋਕੇ ਵਾਅਦਿਆਂ ਅਤੇ ਕੂੜੇ ਦਾਅਵਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਥਿਆਉਂਦੇ ਅਤੇ ਅਬਦਾਲੀ ਬਣ ਕੇ ਲੁੱਟਦੇ-ਕੁੱਟਦੇ ਤੇ ਐਸ਼ ਕਰਦੇ ਹਨ। ਇਹਨਾਂ ਪਾਸ ਸਿੱਖ ਕੌਮ ਦੀ ਤਕਦੀਰ ਘੜ੍ਹਨ ਅਤੇ ਮਨੁੱਖਤਾ ਦੀ ਉੱਨਤੀ, ਭਲਾਈ ਅਤੇ ਸ਼ਖਸੀਅਤ ਦਾ ਵਿਕਾਸ ਕਰਨ ਦੀ ਕੋਈ ਨੀਤੀ ਹੈ ਹੀ ਨਹੀਂ। ਪੰਜਾਬ ਦਾ ਪਾਣੀ ਲੁੱਟਣ ਅਤੇ ਪੰਜਾਬ ਦੀ ਹਿੱਕ 'ਤੇ ਸਤਲੁਜ ਜਮੁਨਾ ਲਿੰਕ ਨਹਿਰ ਉਸਾਰਨ ਵਾਲੀ ਇਕੱਲੀ ਦਿੱਲੀ ਸਰਕਾਰ ਹੀ ਨਹੀਂ, ਇਹ ਅਕਾਲੀ ਵੀ ਇਸ ਵਿੱਚ ਪੂਰੀ ਤਰ੍ਹਾਂ ਭਾਈਵਾਲ ਹਨ।

 

           ਰਵਾਇਤੀ ਸਿੱਖ ਸਿਆਸਤਦਾਨ ਤਾਂ ਕੌਮ ਦੀ ਦੁਸ਼ਮਣ ਤੇ ਕਾਤਲ ਧਿਰ ਨਾਲ ਭਿਆਲੀ ਪਾ ਚੁੱਕੇ ਹਨ, ਪਰ ਪੰਥਕ ਧਿਰਾਂ ਪਾਸ ਵੀ ਪੰਥ ਦੀ ਚੜ੍ਹਦੀ ਕਲਾ ਲਈ ਕੋਈ ਨੀਤੀ ਨਹੀਂ ਅਤੇ ਇਹ ਵੀ ਕੌਮ ਦੀ ਕਸਵੱਟੀ 'ਤੇ ਪੂਰੇ ਨਹੀਂ ਉੱਤਰੇ ਤੇ ਇੰਝ ਖ਼ਾਲਸਾ ਪੰਥ ਦੇ ਵਿਸ਼ਾਲ ਰਾਜਨੀਤਕ ਧਰਾਤਲ 'ਤੇ ਰਾਜਨੀਤੀ ਦੀਆਂ ਨਾਪਾਕ ਪੈੜਾਂ ਨੇ ਹਨੇਰਗਰਦੀ ਦਾ ਗ਼ਦਰ ਮਚਾਇਆ ਹੋਇਆ ਹੈ। ਕੌਮ ਦਾ ਸਿਆਸੀ ਪਿੜ੍ਹ ਆਪਸੀ ਖਿੱਚੋਤਾਣ, ਵੈਰ-ਵਿਰੋਧ ਅਤੇ ਸ਼ਖ਼ਸੀਅਤ ਟਕਰਾਅ ਦੀ ਭੇਟ ਚੜ੍ਹ ਚੁੱਕਾ ਹੈ।

 

ਗਾਂਧੀ ਨੇ ਤਾਂ 1931 ਵਿੱਚ ਗੁਰਦੁਆਰਾ ਸੀਸ ਗੰਜ ਦਿੱਲੀ ਵਿਖੇ ਬੋਲਦਿਆਂ ਕਿਹਾ ਸੀ :

 

''ਜੇ ਕਾਂਗਰਸ ਸਿੱਖਾਂ ਨਾਲ ਧੋਖਾ ਕਰੇਗੀ ਤਾਂ ਉਹ ਤੇਗ ਫੜ੍ਹ ਕੇ ਸੰਘਰਸ਼ ਕਰਨ ਤਾਂ ਦੁਨੀਆਂ ਤੇ ਮਨੁੱਖੀ ਆਤਮਾ ਉਹਨਾਂ ਦਾ ਸਾਥ ਦੇਵੇਗੀ।''

 

          ਪਰ ਅੱਜ ਦੇ ਸਿੱਖ ਆਗੂਆਂ ਨੇ ਆਪ ਤਾਂ ਤੇਗ ਦੀ ਮੁੱਠ 'ਤੇ ਤਾਂ ਹੱਥ ਧਰਨਾ ਹੀ ਕੀ, ਸਗੋਂ ਤੇਗ ਦੀ ਧਾਰ 'ਤੇ ਖੇਡਣ ਵਾਲੀ ਜੁਆਨੀ ਨੂੰ ਵੀ ਅੱਤਵਾਦੀ ਕਹਿੰਦੇ ਹਨ ਅਤੇ ਸ਼ਾਂਤੀ-ਸ਼ਾਂਤੀ ਦੀ ਰੱਟ ਲਗਾਈ ਰੱਖਦੇ ਹਨ। ਇਹ ਆਗੂ ਦਸਮੇਸ਼ ਪਿਤਾ ਵੱਲੋਂ ਜ਼ੁਲਮ ਦਾ ਨਾਸ ਕਰਨ ਲਈ ਬਖਸ਼ੀ ਤੇਗ਼ ਨੂੰ ਮਿਆਨ ਵਿੱਚ ਰੱਖ ਕੇ ਕੌਮ ਨੂੰ ਕੁਟਾਈ ਜਾ ਰਹੇ ਹਨ। ਜੇ ਸਿੱਖ ਜੁਆਨੀ ਸਿੱਖ ਕੌਮ 'ਤੇ ਹੋ ਰਹੇ ਜ਼ੁਲਮ ਨੂੰ ਠੱਲ੍ਹਣ ਲਈ ਤੇਗ਼ ਉਠਾ ਕੇ ਪਿੜ੍ਹ ਵਿੱਚ ਨਿੱਤਰੀ ਤਾਂ ਇਹਨਾਂ ਰਵਾਇਤੀ ਆਗੂਆਂ ਨੇ ਉਹਨਾਂ ਨਾਲ ਕੋਈ ਸੰਬੰਧ ਨਾ ਹੋਣ ਦਾ ਰੌਲਾ ਪਾ ਕੇ ਉਸ ਨੂੰ ਜ਼ਾਲਮਾਂ ਹੱਥੋਂ ਮਰਵਾ ਸੁੱਟਿਆ। ਕਦੇ ਸਿੱਧਾ ਵਿਰੋਧ ਕੀਤਾ ਅਤੇ ਕਦੇ ਖਾਮੋਸ਼ ਰਹਿ ਕੇ ਸਿੱਖਾਂ ਦੇ ਸਿਰਾਂ ਦਾ ਮੁੱਲ ਰੱਖਣ ਵਾਲੀ ਸਰਕਾਰ ਨੂੰ ਸਿੱਖ ਕੌਮ ਦੀ ਜੁਆਨੀ ਨੂੰ ਮਾਰ ਮੁਕਾਉਣ ਦਾ ਇਸ਼ਾਰਾ ਕੀਤਾ। ਜਦ ਸਰਕਾਰ ਨੇ ਜੂਨ 1984 ਵਿੱਚ ਤੋਪਾਂ ਅਤੇ ਟੈਂਕਾਂ ਨਾਲ ਕੌਮ ਨੂੰ ਭੁੰਨ ਸੁੱਟਿਆ ਤਾਂ ਇਹ ਲੀਡਰਸ਼ਿਪ ਫਿਰ ਵੀ ਸ਼ਾਂਤੀ-ਸ਼ਾਂਤੀ ਹੀ ਕੂਕਦੀ ਰਹੀ। ਜਦ 'ਧਰਮ ਯੁੱਧ ਮੋਰਚੇ' ਦੇ ਡਿਕਟੇਟਰ ਹਰਚੰਦ ਸਿੰਘ ਲੋਂਗੋਵਾਲ ਨੇ ਸਿੱਖ ਕੌਮ ਨਾਲ ਵਿਸਾਹ-ਘਾਤ ਕਰ ਕੇ ਰਾਜੀਵ-ਲੋਂਗੌਵਾਲ ਸਮਝੌਤਾ ਕਰ ਲਿਆ ਤਾਂ ਨਾਲ ਹੀ ਇਸ ਪੰਥ ਨਾਲ ਕੀਤੇ ਧ੍ਰੋਹ ਵਾਲੇ ਇਸ ਫ਼ੈਸਲੇ 'ਤੇ ਫ਼ਖ਼ਰ ਕਰਦਿਆਂ ਕਿਹਾ:

 

''ਮੈਂ ਇਹ ਸਮਝੌਤਾ ਕਰ ਕੇ ਸਦੀਆਂ ਪੁਰਾਣੀ ਹਿੰਦੂ-ਸਿੱਖ ਏਕਤਾ ਨੂੰ ਟੁੱਟਣ ਤੋਂ ਬਚਾਅ ਲਿਆ ਹੈ ।''

 

          ਅਸਲ ਵਿੱਚ ਅਜਿਹੇ ਸਿੱਖ ਆਗੂ ਧਾਰਮਿਕ ਜਜ਼ਬੇ ਦੀ ਥਾਂ ਗੁਰਮਤਿ ਵਿਰੋਧੀ ਦੇਸ਼ ਭਗਤੀ ਦੇ ਜਨੂੰਨ ਵਿੱਚ ਫਸ ਚੁੱਕੇ ਹਨ ਅਤੇ ਧਰਮ ਦੇ ਬੋਲ-ਬਾਲੇ, ਪੰਥ ਦੀ ਚੜ੍ਹਦੀ ਕਲਾ ਅਤੇ ਮਨੁੱਖਤਾ ਦੇ ਭਲੇ ਲਈ ਗੁਰੂ ਮਾਰਗ 'ਤੇ ਚੱਲਣ ਦੀ ਥਾਂ ਹਿੰਦੀ, ਹਿੰਦੂ ਅਤੇ ਹਿੰਦੁਸਤਾਨ ਦੀ ਫਾਹੀ ਵਿੱਚ ਫਸੇ ਹੋਏ ਹਨ। ਕੁਰਬਾਨੀਆਂ ਨਾਲ ਸਿਰਜੀ ਅਕਾਲੀ ਲਹਿਰ ਨੂੰ ਮਹਿਜ਼ ਪੰਜਾਬੀ ਲਹਿਰ ਵਿੱਚ ਬਦਲ ਸੁੱਟਿਆ ਹੈ। ਇਹਨਾਂ ਨੇ ਨਾ ਸਿਰਫ਼ ਪੰਥਕ ਮੋਰਚਿਆਂ ਵਿੱਚ ਕੌਮ ਵੱਲੋਂ ਕੀਤੀ ਗਈ ਕੁਰਬਾਨੀ ਨੂੰ ਹੀ ਅਜਾਈਂ ਗਵਾ ਦਿੱਤਾ ਹੈ, ਸਗੋਂ ਉਹਨਾਂ ਮੋਰਚਿਆਂ ਸਮੇਂ ਮਿਥੇ ਗਏ ਪੰਥਕ ਨਿਸ਼ਾਨਿਆਂ ਨੂੰ ਵੀ ਪੂਰੀ ਤਰ੍ਹਾਂ ਛੱਡ ਦਿੱਤਾ ਹੈ।

 

          ਨਿਰੰਕਾਰੀਆਂ ਹੱਥੋਂ ਵਿਸਾਖੀ 1978 ਨੂੰ ਡੁੱਲ੍ਹੇ 13 ਸਿੰਘਾਂ ਦੇ ਲਹੂ ਨਾਲ ਜਦ ਹਿੰਦੁਸਤਾਨ ਦੀ ਨਿਆਂ-ਪਾਲਿਕਾ ਨੇ ਕੋਈ ਇਨਸਾਫ਼ ਨਾ ਕੀਤਾ ਅਤੇ ਸਿੱਖਾਂ ਦੇ ਕਾਤਲ ਸਾਫ਼ ਬਰੀ ਹੋ ਗਏ ਤਾਂ ਸਿੱਖ ਕੌਮ ਦੀ ਜੁਆਨੀ ਦਸਮੇਸ਼ ਪਿਤਾ ਜੀ ਦੇ ਹੁਕਮ:

 

                  ਚੂੰਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥

 

                  ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥

 

         ਅਨੁਸਾਰ ਹੱਕ, ਸੱਚ ਤੇ ਨਿਆਂ ਲਈ ਪਿੜ੍ਹ ਵਿੱਚ ਨਿੱਤਰ ਪਈ ਅਤੇ ਸਿੱਖ ਕੌਮ ਦੇ ਖ਼ੂਨ ਦੀ ਹੋਲੀ ਖੇਡਣ ਵਾਲਿਆਂ ਨੂੰ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ, ਪਰ ਕਾਤਲਾਂ ਦੀ ਪੁਸ਼ਤ ਪਨਾਹੀ ਕਰਨ ਵਾਲੀ ਹਿੰਦ ਸਰਕਾਰ ਨੇ ਮੁਗ਼ਲੀਆ ਸਲਤਨਤ ਅਤੇ ਅੰਗਰੇਜ਼ ਸਾਮਰਾਜ ਦੀ ਨੀਤੀ 'ਤੇ ਚੱਲਦਿਆਂ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖਣੇ ਅਤੇ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ। ਪੰਥ ਦੀ ਜੁਆਨੀ ਨੇ ਇਸ ਸਰਕਾਰੀ ਜ਼ੁਲਮ ਦਾ ਸੀਸ ਤਲੀ 'ਤੇ ਟਿਕਾ ਕੇ ਅਤੇ ਸਿਰ ਧੜ ਦੀਆਂ ਬਾਜ਼ੀਆਂ ਲਗਾ ਕੇ ਮੁਕਾਬਲਾ ਕੀਤਾ। ਸਰਕਾਰ ਵੱਲੋਂ ਜ਼ੁਲਮ ਦੀ ਇੰਤਹਾ ਕਰਨ 'ਤੇ ਵੀ ਸਿੱਖ ਕੌਮ ਨੇ ਹੌਂਸਲਾ ਨਾ ਹਾਰਿਆ ਅਤੇ ਜੂਨ 1984 ਦੇ ਘੋਰ ਭਿਆਨਕ ਘੱਲੂਘਾਰੇ ਨੂੰ ਪਿੰਡੇ 'ਤੇ ਹੰਢਾਉਣ ਤੋਂ ਤੁਰੰਤ ਬਾਅਦ 'ਪੂਰਨ ਪ੍ਰਭੂਸੱਤਾ ਸੰਪੰਨ ਖ਼ਾਲਸਾ ਰਾਜ' ਦੀ ਸਥਾਪਨਾ ਲਈ ਬਿਗਲ ਵਜਾ ਦਿੱਤਾ। ਜੁਝਾਰੂ ਸਿੰਘਾਂ ਨੇ ਕਰੀਬ ਇੱਕ ਦਹਾਕਾ ਏਸ਼ੀਆ ਦੀ ਮਹਾਂਸ਼ਕਤੀ ਹਿੰਦੁਸਤਾਨ ਨਾਲ ਲੋਹਾ ਲਿਆ ਅਤੇ ਪੰਥ ਦੀ ਆਜ਼ਾਦੀ ਦੇ ਸੰਘਰਸ਼ ਨੂੰ ਸਿਖਰਾਂ 'ਤੇ ਪਹੁੰਚਾ ਦਿੱਤਾ, ਪਰ ਸਰਕਾਰ ਵੱਲੋਂ ਇਸ ਸੰਘਰਸ਼ ਨੂੰ ਦਬਾਉਣ ਲਈ ਰਚੀਆਂ ਕੁਟਲ ਸਾਜ਼ਿਸ਼ਾਂ, ਰਵਾਇਤੀ ਸਿੱਖ ਸਿਆਸਤਦਾਨਾਂ ਦੀਆਂ ਗ਼ੱਦਾਰੀਆਂ ਅਤੇ ਕੈਟਾਂ ਤੇ ਲੁਟੇਰਿਆਂ ਦੀ ਭੂਮਿਕਾ ਨੇ ਸੰਘਰਸ਼ ਨੂੰ ਵੱਡੀ ਸੱਟ ਮਾਰੀ। ਪੰਜਾਬ ਪੁਲਿਸ, ਨੀਮ ਫ਼ੌਜੀ ਬਲਾਂ, ਖ਼ੁਫ਼ੀਆ ਏਜੰਸੀਆਂ ਅਤੇ ਹਿੰਦ ਫ਼ੌਜ ਨੇ ਖ਼ਾਲਸਾ ਪੰਥ ਦੀ ਆਜ਼ਾਦੀ ਦੇ ਇਸ ਸੰਘਰਸ਼ ਨੂੰ ਕੁਚਲਣ ਲਈ ਹਰ ਹਰਬਾ ਵਰਤਿਆ। ਜੁਝਾਰੂਆਂ ਵਿੱਚ ਆਪਣੇ ਏਜੰਟਾਂ ਦੀ ਘੁਸਪੈਠ ਕਰਵਾਈ ਅਤੇ ਜੁਝਾਰੂਆਂ ਨੂੰ ਬਦਨਾਮ ਕਰਨ ਅਤੇ ਲੋਕਾਂ ਨਾਲੋਂ ਤੋੜਨ ਲਈ ਇਹਨਾਂ ਘੁਸਪੈਠੀਆਂ ਤੋਂ ਕਾਲੀਆਂ ਕਰਤੂਤਾਂ ਕਰਵਾ ਕੇ ਜੁਝਾਰੂਆਂ ਸਿਰ ਮੜ੍ਹਨ ਦੀ ਕੋਸ਼ਿਸ਼ ਕੀਤੀ। ਭਾਵੇਂ ਜੁਝਾਰੂ ਜਥੇਬੰਦੀਆਂ ਨੇ ਸਮੇਂ-ਸਮੇਂ ਸਰਕਾਰ ਦੀਆਂ ਇਹਨਾਂ ਕੁਟਲ ਚਾਲਾਂ ਤੋਂ ਪਰਦਾ ਉਤਾਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਸਰਕਾਰ ਪੱਖੀ ਤਾਕਤਵਰ ਪ੍ਰਚਾਰ ਮਾਧਿਅਮ ਨੇ ਜੁਝਾਰੂਆਂ ਪ੍ਰਤੀ ਭੁਲੇਖਾ ਪਾ ਕੇ ਸਰਕਾਰ ਦਾ ਹੱਥ ਵਟਾਇਆ।

 

         ਜੁਝਾਰੂ ਜਥੇਬੰਦੀਆਂ ਵਿੱਚ ਪੈਦਾ ਹੋਇਆ ਆਪਸੀ ਵਿਰੋਧ, ਸ਼ਖ਼ਸੀਅਤ ਟਕਰਾਅ ਅਤੇ ਈਰਖ਼ਾਬਾਜ਼ੀ ਨੇ ਵੀ ਇਸ ਸੰਘਰਸ਼ ਨੂੰ ਵੱਡੀ ਸੱਟ ਮਾਰੀ। ਜੁਝਾਰੂ ਜਥੇਬੰਦੀਆਂ ਵਿੱਚ ਆਪਸੀ ਏਕਤਾ ਦੀ ਘਾਟ ਨਾਲ ਵੀ ਇਸ ਸੰਘਰਸ਼ ਨੂੰ ਵੱਡਾ ਘਾਟਾ ਪਿਆ। ਅਕਾਲੀ ਸਿਆਸਤ ਦੇ ਬਦਲ ਲਈ ਸਿਆਸੀ ਮੁਹਾਜ਼ ਨਾ ਉਸਾਰ ਸਕਣ ਕਾਰਨ ਜੁਝਾਰੂਆਂ ਦਾ ਇਹ ਸੰਘਰਸ਼ ਅੰਤਰਰਾਸ਼ਟਰੀ ਪੱਧਰ 'ਤੇ ਰਾਜਨੀਤਕ ਮਾਨਤਾ ਪ੍ਰਾਪਤ ਨਾ ਕਰ ਸਕਿਆ। ਸਿਆਸੀ ਮੁਹਾਜ਼ ਦੀ ਘਾਟ ਕਾਰਨ ਹੀ ਕਿਸੇ ਵਿਦੇਸ਼ੀ ਤਾਕਤ ਨੇ ਅੰਤਰਾਸ਼ਟਰੀ ਪੱਧਰ 'ਤੇ ਇਸ ਸੰਘਰਸ਼ ਦੀ ਖੁੱਲ੍ਹ ਕੇ ਮੱਦਦ ਨਾ ਕੀਤੀ ।

 

          ਕਿਸੇ ਸਮੇ ਸੰਘਰਸ਼ ਦੀਆਂ ਵੱਡੀਆਂ ਸਮਰਥਕ ਰਹੀਆਂ ਸਿੱਖ ਸੰਸਥਾਵਾਂ ਵਿੱਚ ਵੀ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਮਗਰੋਂ ਉਹਨਾਂ ਵਰਗੀ ਦ੍ਰਿੜ੍ਹ ਇਰਾਦੇ ਅਤੇ ਪੰਥ ਦਰਦੀ ਸ਼ਖ਼ਸੀਅਤ ਸਾਹਮਣੇ ਨਾ ਆ ਸਕੀ ਅਤੇ ਨਾ ਹੀ ਕਿਸੇ ਸੰਸਥਾ ਨੇ ਸੰਤ ਜਰਨੈਲ ਸਿੰਘ ਵੱਲੋਂ ਅਰੰਭੇ ਆਜ਼ਾਦੀ ਦੇ ਸੰਘਰਸ਼ ਨੂੰ ਅੱਗੋਂ ਜਾਰੀ ਰੱਖਣ ਦੀ ਪ੍ਰਤੀਬੱਧਤਾ ਹੀ ਦਿਖਾਈ।

 

         ਹਿੰਦ ਸਰਕਾਰ ਵਲੋਂ ਜੁਝਾਰੂਆਂ 'ਤੇ ਕੀਤੇ ਗਏ ਜ਼ਾਲਮਾਨਾ ਹਮਲੇ ਨੇ ਵੀ ਜੁਝਾਰੂਆਂ ਦਾ ਵੱਡਾ ਜਾਨੀ ਨੁਕਸਾਨ ਕੀਤਾ ਅਤੇ ਇੰਝ ਕਦੀ ਸਿਖ਼ਰਾਂ 'ਤੇ ਪਹੁੰਚਿਆ ਪੰਥਕ ਆਜ਼ਾਦੀ ਦਾ ਸੰਘਰਸ਼ ਅੱਜ ਉਸ ਥਾਂ 'ਤੇ ਆਣ ਖੜ੍ਹਾ ਹੋਇਆ ਹੈ, ਜਿੱਥੇ ਇਹ ਸਮਝਿਆ ਜਾ ਰਿਹਾ ਹੈ ਕਿ ਹੁਣ ਇਹ ਸੰਘਰਸ਼ ਹਮੇਸ਼ਾ ਲਈ ਖ਼ਤਮ ਹੋ ਚੁੱਕਾ ਹੈ ਅਤੇ ਦੁਬਾਰਾ ਕਦੇ ਵੀ ਉੱਠ ਨਹੀਂ ਸਕਦਾ। ਭਾਵੇਂ ਜੁਝਾਰੂਆਂ ਦੇ ਕੁਝ ਹਿੱਸੇ ਵਿੱਚ ਅੰਤਰ-ਰਾਸ਼ਟਰੀ ਮੰਚ 'ਤੇ ਆਈਆਂ ਤਬਦੀਲੀਆਂ ਨੂੰ ਧਿਆਨ ਵਿੱਚ ਰੱਖ ਕੇ ਸੰਘਰਸ਼ ਨੂੰ ਜਾਰੀ ਰੱਖਣ ਦਾ ਜਜ਼ਬਾ ਜਿਊਂਦਾ ਜਾਪਦਾ ਹੈ, ਪਰ ਕੁਝ ਸਾਬਕਾ ਜੁਝਾਰੂਆਂ ਵੱਲੋਂ ਹਾਰ ਮੰਨ ਲਈ ਵੀ ਸਾਫ਼ ਦਿਖਾਈ ਦੇ ਰਹੀ ਹੈ ਅਤੇ ਉਹ ਹੁਣ ਆਪੇ ਲੜੇ ਆਪਣੇ ਸੰਘਰਸ਼ ਨੂੰ ਆਪਣੀ ਹੀ ਗਲਤੀ ਮੰਨ ਰਹੇ ਹਨ। ਇਹਨਾਂ ਸਾਰੇ ਕਾਰਨਾਂ ਕਰਕੇ ਸਿੱਖ ਕੌਮ ਆਜ਼ਾਦ ਹੁੰਦੀ ਹੁੰਦੀ ਇੱਕ ਵਾਰ ਫਿਰ ਗ਼ੁਲਾਮ ਬਣ ਗਈ ਹੈ। ਸਮਾਂ ਮੰਗ ਕਰਦਾ ਹੈ ਕਿ ਸਿੱਖ ਕੌਮ ਵਿੱਚ ਆਈਆਂ ਕਮਜ਼ੋਰੀਆਂ ਅਤੇ ਨਿਘਾਰ ਨੂੰ ਦੂਰ ਕਰਨ ਲਈ ਅਜਿਹੀ ਲਹਿਰ ਸਿਰਜੀ ਜਾਏ ਜੋ ਸਿੱਖ ਕੌਮ ਨੂੰ ਧਾਰਮਿਕ, ਰਾਜਨੀਤਕ, ਸਮਾਜਿਕ, ਆਰਥਿਕ ਅਤੇ ਵਿੱਦਿਅਕ ਖੇਤਰ ਵਿੱਚ ਜਾਗ੍ਰਿਤ ਕਰ ਕੇ ਤੇ ਨਰੋਈ ਸੇਧ ਦੇ ਕੇ ਸ਼ਬਦ ਗੁਰੂ ਦੇ ਸਿਧਾਂਤ ਨਾਲ ਜੋੜੇ ਅਤੇ ਮੀਰੀ-ਪੀਰੀ ਦੀ ਸੁਮੇਲਤਾ ਦੇ ਖ਼ਾਲਸਾਈ ਰਾਜਨੀਤਕ ਸਿਧਾਂਤ ਦਾ ਪਹਿਰੇਦਾਰ ਬਣਾਏ। ਇਸ ਮੰਤਵ ਦੀ ਪ੍ਰਾਪਤੀ ਲਈ ਪ੍ਰਚਾਰ ਦੇ ਨਵੀਨ ਸਾਧਨ ਅਪਨਾਉਣੇ, 21ਵੀਂ ਸਦੀ ਦੀ ਸੋਚ ਦਾ ਹਾਣੀ ਬਣਨਾ, ਉਸਾਰੂ ਵਿੱਦਿਅਕ ਨੀਤੀ ਨੂੰ ਅਪਣਾਉਣਾ ਅਤੇ ਸਰਬੱਤ ਖ਼ਾਲਸਾ ਤੇ ਗੁਰਮਤੇ ਦੀ ਸੰਸਥਾ ਨੂੰ ਸੁਰਜੀਤ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹਾਸਲ ਕਰਨਾ ਅਤੀ ਜ਼ਰੂਰੀ ਹੈ।

ਨਰਾਇਣ ਸਿੰਘ ਚੌੜਾ 

Have something to say? Post your comment

More From Article

ਕਮਜ਼ੋਰ ਸੱਚਾਈ ਅਤੇ ਮਜ਼ਬੂਤ ਝੂਠਾਂ ਦੀ ਲੜਾਈ (ਇੱਕ ਆਧੁਨਿਕ ਸਮੱਸਿਆ)

ਕਮਜ਼ੋਰ ਸੱਚਾਈ ਅਤੇ ਮਜ਼ਬੂਤ ਝੂਠਾਂ ਦੀ ਲੜਾਈ (ਇੱਕ ਆਧੁਨਿਕ ਸਮੱਸਿਆ)

6 ਸਤੰਬਰ 2024 ਦੇ ਅੰਕ ਲਈ ,ਸ਼ਹੀਦੀ ਦਿਨ ‘ਤੇ ਵਿਸ਼ੇਸ਼  ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ

6 ਸਤੰਬਰ 2024 ਦੇ ਅੰਕ ਲਈ ,ਸ਼ਹੀਦੀ ਦਿਨ ‘ਤੇ ਵਿਸ਼ੇਸ਼ ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ

ਪੰਥਕ ਰਾਜਨੀਤੀ ਦਾ ਨਵਾਂ ਅਧਿਆਇ

ਪੰਥਕ ਰਾਜਨੀਤੀ ਦਾ ਨਵਾਂ ਅਧਿਆਇ

ਸੰਜੀਵ ਸਿੰਘ ਸੈਣੀ ਦੀ ਪੁਸਤਕ ‘ਖ਼ੂਬਸੂਰਤ ਜ਼ਿੰਦਗੀ ਦਾ ਰਾਜ਼’ ਰਾਹ ਦਸੇਰਾ ਬਣੇਗੀ

ਸੰਜੀਵ ਸਿੰਘ ਸੈਣੀ ਦੀ ਪੁਸਤਕ ‘ਖ਼ੂਬਸੂਰਤ ਜ਼ਿੰਦਗੀ ਦਾ ਰਾਜ਼’ ਰਾਹ ਦਸੇਰਾ ਬਣੇਗੀ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ