ਗਿੱਦੜਬਾਹਾ (ਮੁਕਤਸਰ) : ਚਰਿੱਤਰ 'ਤੇ ਸ਼ੱਕ ਦੇ ਚੱਲਦਿਆਂ ਗਿੱਦੜਬਾਹਾ 'ਚ ਪਤਨੀ ਦਾ ਪਤੀ ਵਲੋਂ ਸਿਰ 'ਤੇ ਲੋਹੇ ਦੇ ਹਥਿਆਰ ਨਾਲ ਵਾਰ ਕਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੈ। ਘਟਨਾ ਮੰਗਲਵਾਰ ਦੇਰ ਰਾਤ ਵਾਪਰੀ। ਦੂਜੇ ਪਾਸੇ ਸੂਚਨਾ ਮਿਲਣ 'ਤੇ ਥਾਣਾ ਗਿੱਦੜਬਾਹਾ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਦੋਸ਼ੀ ਪਤੀ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕਾ ਦੀ ਪਛਾਣ ਹਰਪ੍ਰੀਤ ਕੌਰ (30) ਵਾਸੀ ਗਿੱਦੜਬਾਹਾ ਵਜੋਂ ਹੋਈ ਹੈ।ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਦੇ ਪਿਤਾ ਸੰਦੀਪ ਕੁਮਾਰ ਵਾਸੀ ਧਨੌਲਾ ਨੇ ਦੱਸਿਆ ਕਿ ਉਸ ਦੀ ਲੜਕੀ ਹਰਪ੍ਰੀਤ ਕੌਰ ਦਾ ਛੇ ਸਾਲ ਪਹਿਲਾਂ ਮਲੋਟ ਹਾਲ ਵਾਸੀ ਗਿੱਦੜਬਾਹਾ ਵਾਸੀ ਇੰਦਰਜੀਤ ਸਿੰਘ ਉਰਫ਼ ਇੰਦੂ ਨਾਲ ਪ੍ਰੇਮ ਸਬੰਧ ਸੀ। ਜਵਾਈ ਇੰਦਰਜੀਤ ਸਿੰਘ ਹਰਪ੍ਰੀਤ ਕੌਰ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ ਅਤੇ ਇਸ ਕਾਰਨ ਉਹ ਅਕਸਰ ਉਸ ਦੀ ਕੁੱਟਮਾਰ ਕਰਦਾ ਸੀ। ਬੀਤੇ ਦਿਨ ਉਸ ਦੀ ਲੜਕੀ ਹਰਪ੍ਰੀਤ ਨੇ ਫੋਨ ਕਰਕੇ ਦੱਸਿਆ ਕਿ ਉਸ ਦਾ ਪਤੀ ਇੰਦਰਜੀਤ ਸਿੰਘ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਿਹਾ ਹੈ।
ਜਿਸ ਤੋਂ ਤੁਰੰਤ ਬਾਅਦ ਜਦੋਂ ਉਹ ਆਪਣੇ ਦੋਸਤ ਜਗਸੀਰ ਸਿੰਘ ਨਾਲ ਗਿੱਦੜਬਾਹਾ ਸਥਿਤ ਹਰਪ੍ਰੀਤ ਕੌਰ ਦੇ ਘਰ ਪਹੁੰਚਿਆ ਤਾਂ ਉਸ ਦਾ ਜਵਾਈ ਇੰਦਰਜੀਤ ਸਿੰਘ ਹਰਪ੍ਰੀਤ ਕੌਰ ਦੀ ਕੁੱਟਮਾਰ ਕਰ ਰਿਹਾ ਸੀ ਅਤੇ ਇਸ ਦੌਰਾਨ ਇੰਦਰਜੀਤ ਸਿੰਘ ਨੇ ਹਰਪ੍ਰੀਤ ਕੌਰ ਦੇ ਸਿਰ ਅਤੇ ਬਾਂਹ 'ਤੇ ਲੋਹੇ ਦੀ ਚੀਜ਼ ਨਾਲ ਤਿੰਨ ਵਾਰ ਕੀਤੇ। ਜਿਸ ਕਾਰਨ ਹਰਪ੍ਰੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਆਪਣੀ ਧੀ ਦੇ ਕਤਲ ਦਾ ਦੋਸ਼ੀ ਇੰਦਰਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ।
ਮੁਕੱਦਮਾ ਦਰਜ ਕਰਕੇ ਮੁਲਜ਼ਮ ਦੀ ਕੀਤੀ ਜਾ ਰਹੀ ਹੈ ਭਾਲ - ਥਾਣਾ ਇੰਚਾਰਜ
ਥਾਣਾ ਗਿੱਦੜਬਾਹਾ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਕੁਮਾਰ ਕੰਬੋਜ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੁਨੀਲ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਇੰਦਰਜੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।