ਫ਼ਿਰੋਜ਼ਪੁਰ : Sacrilege at Ferozepur Gurdwara: ਮੇਰੀਆਂ ਅੱਖਾਂ ਸਾਹਮਣੇ ਮੇਰੇ ਪੁੱਤ ਦੀ ਜਾਨ ਲੈ ਲਈ... ਸਾਢੇ 19 ਸਾਲ ਦਾ ਬੇਟਾ ਆਪਣੀ ਜਾਨ ਦੀ ਭੀਖ ਮੰਗਦਾ ਰਿਹਾ ਪਰ ਮਾਰਨ ਵਾਲੇ ਉਸ ਦੇ ਦੋਵੇਂ ਹੱਥ ਪਿੱਠ ਪਿੱਛੇ ਬੰਨ੍ਹ ਕੇ ਤਲਵਾਰਾਂ ਨਾਲ ਉਸ ਦੇ ਸਿਰ 'ਤੇ ਵਾਰ ਕਰਦੇ ਰਹੇ। ਮੈਂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਵੀ ਮਾਰਨ ਲਈ ਦੌੜੇ, ਕਿਸੇ ਤਰ੍ਹਾਂ ਭੱਜ ਕੇ ਉੱਥੋਂ ਆਪਣੀ ਜਾਨ ਬਚਾਈ। ਇਹ ਕਹਿਣਾ ਹੈ ਥਾਣਾ ਆਰਿਫਕੇ ਦੇ ਪਿੰਡ ਟੱਲੀਬਸਤੀ ਦੇ ਵਸਨੀਕ ਲਖਬਿੰਦਰ ਸਿੰਘ ਦਾ। ਸ਼ਨਿਚਰਵਾਰ ਦੁਪਹਿਰ ਕਰੀਬ 2.30 ਵਜੇ ਪਿੰਡ ਵੰਡਾਲਾ ਸਥਿਤ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਚ ਜੋ ਵੀਡੀਓ ਸਾਹਮਣੇ ਆ ਰਹੀ ਹੈ, ਉਸ 'ਚ ਦੇਖਿਆ ਜਾ ਰਿਹਾ ਹੈ ਕਿ ਬੇਅਦਬੀ ਦੇ ਮੁਲਜ਼ਮ ਬਖਸ਼ੀਸ਼ ਸਿੰਘ ਨੂੰ ਭੀੜ ਨੇ ਮੌਕੇ 'ਤੇ ਹੀ ਮਾਰ ਮੁਕਾਇਆ।
ਘਟਨਾ ਦੀ ਵੀਡੀਓ ਆਈ ਸਾਹਮਣੇ
ਇਕ ਵੀਡੀਓ 'ਚ ਤਲਵਾਰਾਂ ਨਾਲ ਹਮਲਾ ਕਰਦਾ ਹੋਇਆ ਵਿਅਕਤੀ ਨਜ਼ਰ ਆ ਰਿਹਾ ਹੈ। ਉਹ ਸਿੱਧੇ ਤੌਰ 'ਤੇ ਬਖਸ਼ੀਸ਼ ਸਿੰਘ ਦੇ ਸਿਰ 'ਤੇ ਵਾਰ ਕਰਦਾ ਹੈ, ਜਿਸ ਕਾਰਨ ਸਿਰ ਫਟ ਜਾਂਦਾ ਹੈ। ਖੂਨ ਦੀ ਧਾਰ ਨਿਕਲਦੀ ਹੈ ਤੇ ਨਾਲ ਨੌਜਵਾਨ ਜ਼ਮੀਨ 'ਤੇ ਡਿੱਗ ਜਾਂਦਾ ਹੈ। ਭੀੜ 'ਚ ਮੌਜੂਦ ਕੁਝ ਲੋਕ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦੇ ਹਨ ਪਰ ਉਹ ਨਹੀਂ ਮੰਨਦਾ।
ਡਾਕਟਰਾਂ ਨੇ ਮ੍ਰਿਤਕ ਐਲਾਨਿਆ
ਚਸ਼ਮਦੀਦਾਂ ਮੁਤਾਬਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੌਕੇ ਤੋਂ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਪਹਿਲਾਂ ਮ੍ਰਿਤਕ ਨੂੰ ਫ਼ਿਰੋਜ਼ਪੁਰ ਸ਼ਹਿਰ ਦੇ ਬਾਗੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਨੌਜਵਾਨ ਨੂੰ ਮ੍ਰਿਤਕ ਪਾਇਆ ਜਿਸ ਕਾਰਨ ਉਸ ਦਾ ਇਲਾਜ ਨਾ ਹੋਣ ਕਾਰਨ ਕੁਝ ਸਮੇਂ ਬਾਅਦ ਉਸ ਦੀ ਲਾਸ਼ ਨੂੰ ਪਿੰਡ ਦੇ ਕੁਝ ਲੋਕਾਂ ਨੇ ਪੁਲਿਸ ਦੀ ਮੌਜੂਦਗੀ 'ਚ ਚੁੱਕ ਕੇ ਲੈ ਗਏ।
ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ
ਪੁਲਿਸ ਅਨੁਸਾਰ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ। ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਵੀ ਦਰਜ ਕਰ ਲਿਆ ਹੈ ਪਰ ਅਧਿਕਾਰਤ ਤੌਰ ’ਤੇ ਹਾਲੇ ਤਕ ਕੋਈ ਪੁਲਿਸ ਮੁਲਾਜ਼ਮ ਇਸ ਮਾਮਲੇ ’ਤੇ ਗੱਲ ਕਰਨ ਨੂੰ ਤਿਆਰ ਨਹੀਂ ਹੈ। ਇਹ ਘਟਨਾ ਪਿੰਡ ਵੰਡਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ।
ਦਿਮਾਗੀ ਤੌਰ 'ਤੇ ਬਿਮਾਰ ਸੀ ਨੌਜਵਾਨ
ਮ੍ਰਿਤਕ ਬਖਸ਼ੀਸ਼ ਸਿੰਘ ਦੇ ਪਿਤਾ ਲਖਬਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਲੜਕਾ ਦੋ ਸਾਲਾਂ ਤੋਂ ਦਿਮਾਗੀ ਤੌਰ ’ਤੇ ਪਰੇਸ਼ਾਨ ਚੱਲ ਰਿਹਾ ਸੀ। ਜਦੋਂ ਉਸ ਨੇ ਸੁਣਿਆ ਕਿ ਉਸ ਦੇ ਪੁੱਤਰ ਨੇ ਬੇਅਦਬੀ ਕੀਤੀ ਹੈ ਤੇ ਲੋਕ ਉਸ ਦੀ ਕੁੱਟਮਾਰ ਕਰ ਰਹੇ ਹਨ, ਤਾਂ ਉਹ ਆਪਣੇ ਪੁੱਤਰ ਦੀ ਜਾਨ ਬਚਾਉਣ ਲਈ ਡਾਕਟਰ ਦੀ ਪਰਚੀ ਲੈ ਕੇ ਮੌਕੇ 'ਤੇ ਪਹੁੰਚ ਗਿਆ। ਪਰ ਮੌਕੇ 'ਤੇ ਮੌਜੂਦ ਲੋਕਾਂ ਨੇ ਡਾਕਟਰ ਦੀ ਪਰਚੀ ਖੋਹ ਲਈ ਤੇ ਉਸ ਦੀ ਗੱਲ ਵੀ ਨਹੀਂ ਸੁਣੀ। ਜੇਕਰ ਉਹ ਕੁਝ ਦੇਰ ਉੱਥੇ ਰਹਿੰਦਾ ਤਾਂ ਭੀੜ 'ਚ ਮੌਜੂਦ ਲੋਕ ਉਸ ਨੂੰ ਵੀ ਮਾਰ ਦਿੰਦੇ।
ਹਰ ਪਹਿਲੂ ਦੀ ਹੋ ਰਹੀ ਜਾਂਚ : ਐਸਐਸਪੀ ਸੌਮਿਆ ਮਿਸ਼ਰਾ
ਫਿਲਹਾਲ ਕੋਈ ਵੀ ਪੁਲਿਸ ਅਧਿਕਾਰੀ ਇਸ ਮਾਮਲੇ 'ਚ ਅਧਿਕਾਰਤ ਤੌਰ 'ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਐਸਐਸਪੀ ਸੌਮਿਆ ਮਿਸ਼ਰਾ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੋ ਵੀ ਮਾਮਲਾ ਸਾਹਮਣੇ ਆਇਆ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।