ਬੱਸ ਹੋਈ ਹਾਦਸਾਗ੍ਰਸਤ, 30-35 ਸਵਾਰੀਆਂ ਜਖਮੀ, ਚਾਲਕ ਫਰਾਰ
ਬਰਨਾਲਾ, 29 ਅਪ੍ਰੈਲ (ਚਮਕੌਰ ਸਿੰਘ ਗੱਗੀ)-ਬਰਨਾਲਾ ਤੋਂ ਇਕ ਡੇਰੇ ਲਈ ਜਾ ਰਹੀ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋਣ ਕਾਰਣ 30-35 ਲੋਕ ਜਖਮੀ ਹੋ ਗਏ, ਹਾਦਸੇ ਦੇ ਤੁਰੰਤ ਬਾਅਦ ਬੱਸ ਚਾਲਕ ਫਰਾਰ ਹੋ ਗਿਆ | ਇਸ ਸਬੰਧ 'ਚ ਬੱਸ 'ਚ ਸਵਾਰ ਇਕ ਯਾਤਰੀ ਨੇ ਦੱਸਿਆ ਕਿ ਉਹ ਅੱਜ ਸ਼ੇਰਪੁਰ ਤੋਂ ਡੇਰੇ 'ਚ ਸਤਸੰਗ ਲਈ ਜਾ ਰਹੇ ਸੀ, ਜਦੋਂ ਉਹ ਬਰਨਾਲਾ ਪਹੁੰਚੇ ਤਾਂ ਬਰਨਾਲਾ ਤੋਂ ਬੱਸ ਡਰਾਈਵਰ ਨੇ ਇਹ ਬੱਸ ਬੈਕ ਸਾਈਡ ਦਾਣਾ ਮੰਡੀ ਵੱਲ ਕੱਢਣ ਦੀ ਕੋਸ਼ਿਸ਼ ਕੀਤੀ, ਜਿਥੇ ਰਾਸਤਾ ਬੰਦ ਕਰਕੇ ਪੋਲ ਲੱਗੇ ਹੋਏ ਸੀ, ਪਰੰਤੂ ਬੱਸ ਡਰਾਈਵਰ ਦੀ ਲਾਪਰਵਾਹੀ ਕਾਰਣ ਬੱਸ ਪੋਲ ਦੇ ਨਾਲ ਟਕਰਾ ਗਈ | ਜਿਸ ਕਾਰਣ ਬੱਸ 'ਚ ਸਵਾਰ ਸਵਾਰੀਆਂ ਜਖਮੀ ਹੋ ਗਈਆਂ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ | ਉਥੇ ਹੀ ਜਖਮੀਆਂ ਨੂੰ ਸਰਕਾਰੀ ਹਸਪਤਾਲ ਬਰਨਾਲਾ 'ਚ ਲੈ ਕੇ ਜਾਣ ਵਾਲੇ ਐਂਬੂਲੈਂਸ ਚਾਲਕ ਨੇ ਦੱਸਿਆ ਕਿ ਉਹ ਜਖਮੀਆਂ ਨੂੰ ਹਸਪਤਾਲ 'ਚ ਲੈ ਕੇ ਆਇਆ ਹੈ |
-ਬਾਕਸ ਨਿਊਜ-
ਸਰਕਾਰੀ ਹਸਪਤਾਲ ਬਰਨਾਲਾ ਦੇ ਡਾਕਟਰ ਗਗਨਦੀਪ ਸਿੰਘ ਨੇ ਕਿਹਾ ਕਿ ਜਖਮੀਆਂ 'ਚੋਂ ਕੋਈ ਜ਼ਿਆਦਾ ਗੰਭੀਰ ਜਖਮੀ ਨਹੀਂ, ਮਰੀਜਾਂ ਦੇ ਸਿਟੀ ਸਕੈਨ ਅਤੇ ਐਕਸਰੇ ਵਗੈਰਾ ਲਿਖਕੇ ਦਿੱਤੇ ਗਏ ਹਨ, ਜਿਸਤੋਂ ਬਾਅਦ ਹੀ ਅਗਲੀ ਰਿਪੋਰਟ ਦਿੱਤੀ ਜਾ ਸਕਦੀ ਹੈ |