ਪਟਿਆਲਾ : ਸਿਹਤ ਵਿਭਾਗ ਵੱਲੋਂ ਜਾਂਚ ਲਈ ਭੇਜੇ ਗਏ ਕੇਕ ਦੇ ਸੈਂਪਲਾਂ ਦੀ ਆਈ ਰਿਪੋਰਟ ਸਿਹਤ ਵਿਭਾਗ ਵੱਲੋਂ ਮਾਨਵੀ ਦੇ ਮਾਪਿਆ ਨੂੰ ਰਿਪੋਰਟ ਦੀ ਕਾਪੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸਿਹਤ ਵਿਭਾਗ ਜਾਣਬੁੱਝ ਕੇ ਤੰਗ-ਪਰੇਸ਼ਾਨ ਕਰ ਰਿਹਾ ਹੈ ਅਤੇ ਸਬੰਧਤ ਬੇਕਰੀ ਮਾਲਕ ਨੂੰ ਬਚਾਉਣ ਦੀ ਕੋਸ਼ਿਸ ਕਰ ਰਿਹਾ ਹੈ।ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਮਾਨਵੀ ਦੇ ਮਾਪੇ ਜ਼ਿਲ੍ਹਾ ਸਿਹਤ ਅਧਿਕਾਰੀ ਕੋਲ ਫੇਲ੍ਹ ਹੋਏ ਸੈਂਪਲਾਂ ਦੀ ਰਿਪੋਰਟ ਲੈਣ ਲਈ ਆਏ ਸਨ, ਜਿਨ੍ਹਾਂ ਨੂੰ ਡੀਐੱਚਓ ਵੱਲੋਂ ਰਿਪੋਰਟ ਸੌਂਪਣ ਤੋਂ ਨਾਂਹ ਕਰਦਿਆ ਕਿਹਾ ਹੈ ਕਿ ਉਹ ਰਿਪੋਰਟ ਨਹੀਂ ਸੌਂਪ ਸਕਦੇ। ਮਾਨਵੀ ਦੇ ਨਾਨਾ ਹਰਬੰਸ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਮੀਡੀਆਂ ’ਚ ਆਈਆ ਰਿਪੋਰਟਾਂ ਤੋਂ ਬਾਅਦ ਪਤਾ ਲੱਗਾ ਸੀ ਕਿ ਕੇਕ ਦੇ ਸੈਂਪਲਾਂ ਦੀ ਰਿਪੋਰਟ ਆ ਚੁੱਕੀ ਹੈ ਅਤੇ ਅੱਜ ਜਦੋਂ ਉਹ ਸਿਹਤ ਅਧਿਕਾਰੀ ਵਿਜੇ ਕੁਮਾਰ ਤੋਂ ਰਿਪੋਰਟ ਦੀ ਕਾਪੀ ਲੈਣ ਆਏ ਤਾਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਸਿਹਤ ਅਫਸਰ ਜਾਣਬੁੱਝ ਕੇ ਤੰਗ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਦੀ ਬੱਚੀ ਦੀ ਕੇਕ ਖਾਣ ਉਪਰੰਤ ਜਾਨ ਗਈ ਹੈ ਪ੍ਰੰਤੂ ਉਨ੍ਹਾਂ ਨੂੰ ਹੀ ਰਿਪੋਰਟ ਨਹੀਂ ਦਿੱਤੀ ਜਾ ਰਹੀ।
ਇਸ ਸਬੰਧੀ ਗੱਲਬਾਤ ਕਰਦਿਆਂ ਸਿਵਲ ਸਰਜਨ ਪਟਿਆਲਾ ਡਾ. ਯੋਗਿੰਦਰਪਾਲ ਸਿੰਘ ਨੇ ਆਖਿਆ ਕਿ ਉਨ੍ਹਾਂ ਕੋਲ ਕੋਈ ਰਿਪੋਰਟ ਲੈਣ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜੇ ਪਰਿਵਾਰਕ ਮੈਂਬਰਾਂ ਨੂੰ ਰਿਪੋਰਟ ਦੀ ਕਾਪੀ ਚਾਹੀਦੀ ਹੈ ਤਾਂ ਉਹ ਉਨ੍ਹਾਂ ਕੋਲ ਆ ਸਕਦੇ ਸਨ ਅਤੇ ਸਹੀ ਪ੍ਰਣਾਲੀ ਨਾਲ ਰਿਪੋਰਟ ਦਿੱਤੀ ਜਾ ਸਕਦੀ ਹੈ। ਸਿਵਲ ਸਰਜਨ ਨੇ ਆਖਿਆ ਕਿ ਕਿਸੇ ਨਾਲ ਵੀ ਮਾੜਾ ਵਿਵਹਾਰ ਨਹੀਂ ਕੀਤਾ ਜਾਂਦਾ ਸਗੋਂ ਸਭ ਨੂੰ ਸੰਤੁਸ਼ਟ ਕਰ ਕੇ ਭੇਜਿਆ ਜਾਂਦਾ ਹੈ।