ਸਿਆਸੀ ਪਾਰਟੀਆਂ ਦਾ ਘੜਮਸ
ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਫਾਂਸੀ ਚੜ੍ਹ ਗਏ ਅਤੇ ਦੇਸ਼ ਨੂੰ ਖਾਣ ਵਾਲੇ ਗੱਦੀਆਂ ਤੇ ਬੈਠਣ ਲੱਗ ਗਏ।ਸਿਆਸੀ ਪਾਰਟੀਆਂ ਨੇ ਲੋਕਾਂ ਨੂੰ ਐਸੇ ਮੱਕੜ ਜਾਲ ਵਿੱਚ ਫਸਾਇਆ ਕਿ ਲੋਕ ਉਸ ਵਿੱਚ ਹੀ ਉਲਝ ਗਏ। ਸਾਰੇ ਦੇਸ਼ ਨੂੰ ਹੀ ਦਲਦਲ ਵਿੱਚ ਧਕੇਲ ਦਿੱਤਾ ਹੈ।ਪਰ ਅਸੀਂ ਪੰਜਾਬ ਦੀ ਗੱਲ ਕਰਨ ਜਾ ਰਹੇ ਹਾਂ।ਦੇਸ਼ ਨੂੰ ਅਨਾਜ ਦੀ ਘਾਟ ਸਤਾਉਣਾ ਲੱਗੀ ਤਾਂ ਪੰਜਾਬ ਵੱਲ ਟੇਕ ਲਗਾਈ।ਹਰਿਆਣਾ ਵੀ ਉਸ ਵੇਲੇ ਪੰਜਾਬ ਦਾ ਹਿੱਸਾ ਸੀ।ਦੱਬ ਕ ਮਿਹਨਤ ਕੀਤੀ ਅਤੇ ਦੇਸ਼ ਨੂੰ ਭੁੱਖਮਰੀ ਚੋਂ ਕੱਢ ਦਿੱਤਾ।ਪੰਜਾਬੀਆਂ ਅਤੇ ਜਾਟਾਂ ਦੇ ਸੁਭਾਅ ਅਤੇ ਕੰਮ ਕਰਨ ਦੇ ਤਰੀਕੇ ਇੱਕੋ ਜਿਹੇ ਹੀ ਹਨ।ਅਸੀਂ ਕਿਸਾਨ ਅੰਦੋਲਨ ਵੇਲੇ ਮੇਘਾਲਿਆ ਦੇ ਰਾਜਪਾਲ ਦਾ ਬਿਆਨ ਸੁਣਿਆ ਸੀ ਕਿ ਸਿੱਖ ਕੌਮ ਹਾਰ ਮੰਨਣ ਵਾਲੀ ਨਹੀਂ ਹੈ।ਇਸ ਵਿੱਚ ਕਿਸੇ ਨੂੰ ਕਿੰਤੂ ਪ੍ਰੰਤੂ ਕਰਨ ਦੀ ਜ਼ਰੂਰਤ ਵੀ ਨਹੀਂ ਹੋਣੀ ਚਾਹੀਦੀ। ਸਿਆਸਤਦਾਨਾਂ ਨੇ ਹੌਲੀ ਹੌਲੀ ਸਿਆਸਤ ਦੇ ਰੰਗ ਢੰਗ ਹੀ ਬਦਲ ਦਿੱਤੇ ਅਤੇ ਲਗਾਤਾਰ ਬਦਲੇ ਜਾ ਰਹੇ ਹਨ।ਸਿਆਸਤ ਵਿੱਚ ਸੇਵਾ ਭਾਵਨਾ ਖ਼ਤਮ ਹੋ ਗਈ ਅਤੇ ਇਸਦਾ ਬਦਲਦਾ ਰੂਪ ਬੜਾ ਹੀ ਭਿਆਨਕ ਬਣ ਗਿਆ।ਇਸ ਵਕਤ ਸਿਆਸਤ ਪੂਰੀ ਤਰ੍ਹਾਂ ਵਿਉਪਾਰ ਬਣ ਚੁੱਕੀ ਹੈ।ਜਿੰਨਾ ਪੈਸਾ ਲਗਾਇਆ ਜਾਂਦਾ ਹੈ,ਉਸਦਾ ਵਾਧਾ ਕੌੜੀ ਵੇਲ ਵਾਂਗ ਹੁੰਦਾ ਹੈ।ਹਰ ਕੋਈ ਸਿਆਸਤ ਵਿੱਚ ਅਤੇ ਸਿਆਸਤਦਾਨਾਂ ਦੇ ਆਸਪਾਸ ਰਹਿਣਾ ਚਾਹੁੰਦਾ ਹੈ।ਸਿਆਣੇ ਕਹਿੰਦੇ ਨੇ,"ਗੁਰੂ ਜਿੰਨ੍ਹਾਂ ਦੇ ਟੱਪਣੇ,ਚੇਲੇ ਜਾਣ ਛੜੱਪ।"ਹਰ ਨਿੱਕਾ ਵੱਡਾ ਆਪਣੇ ਆਪ ਵਿੱਚ ਸਿਆਸਤਦਾਨ ਬਣਿਆ ਫਿਰਦਾ ਹੈ ਅਤੇ ਲੋਕਾਂ ਦੇ ਕੰਮ ਕਰਵਾਉਂਦਾ ਫਿਰਦਾ ਹੈ।ਸਿਸਟਮ ਹੀ ਅਜਿਹਾ ਬਣਾ ਲਿਆ ਹੈ ਕਿ ਬਲਾਕ ਪ੍ਰਧਾਨ ਤੋਂ ਬਗੈਰ ਤੋਂ ਬਗੈਰ ਕੋਈ ਪੁਲਿਸ ਸਟੇਸ਼ਨ ਵਿੱਚ ਗੱਲ ਹੀ ਨਹੀਂ ਸੁਣਦਾ।
ਜਿਸ ਸਿਆਸਤਦਾਨ ਨੂੰ ਇਕ ਪਾਰਟੀ ਵਿੱਚ ਟਿਕਟ ਨਹੀਂ ਮਿਲਦੀ ਉਹ ਦੂਸਰੀ ਪਾਰਟੀ ਵਿੱਚ ਚਲਾ ਜਾਂਦਾ ਹੈ।ਕਈ ਤਾਂ ਅਜਿਹੇ ਹਨ ਜੋ ਕੁੱਝ ਦਿਨਾਂ ਬਾਅਦ ਪਹਿਲੀ ਪਾਰਟੀ ਵਿੱਚ ਆ ਜਾਂਦੇ ਹਨ ਜਾਂ ਉੱਥੋਂ ਵੀ ਕਿਸੇ ਹੋਰ ਵਿੱਚ ਚਲੇ ਜਾਂਦੇ ਹਨ।ਹਕੀਕਤ ਇਹ ਹੈ ਕਿ ਯਾਦ ਕਰਨਾ ਪੈਂਦਾ ਹੈ ਕਿ ਇਹ ਹੁਣ ਕਿਹੜੀ ਪਾਰਟੀ ਵਿੱਚ ਹੈ।ਇਸ ਤੋਂ ਅੱਗੇ ਨਿੱਕੀਆਂ ਨਿੱਕੀਆਂ ਨਵੀਆਂ ਪਾਰਟੀਆਂ ਬਣਾ ਰਹੇ ਹਨ।ਫੇਰ ਉਨ੍ਹਾਂ ਨਾਲ ਰਲਮਿਲ ਕੇ ਚੋਣਾਂ ਲੜ ਰਹੇ ਹਨ,ਜਿੰਨ੍ਹਾਂ ਦੇ ਵਿਰੋਧ ਵਿੱਚ ਸਨ।ਸਿੱਧੇ ਜਿਹੇ ਸ਼ਬਦਾਂ ਵਿੱਚ ਕਹੀਏ ਤਾਂ ਸਿਆਸੀ ਪਾਰਟੀਆਂ ਦਾ ਘੜੀਸ ਪਿਆ ਹੋਇਆ ਹੈ ਅਤੇ ਸਿਆਸਤਦਾਨਾਂ ਤੋਂ ਲੋਕਾਂ ਦਾ ਯਕੀਨ ਉੱਠਦਾ ਜਾ ਰਿਹਾ ਹੈ।ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜਾ ਇਕ ਪਾਰਟੀ ਵਿੱਚ ਲੋਕਾਂ ਦੀ ਗੱਲ ਨਹੀਂ ਸੁਣਦਾ,ਕੁੱਝ ਵੀ ਨਹੀਂ ਕਰਦਾ,ਉਹ ਦੂਸਰੀ ਪਾਰਟੀ ਜਾਂ ਨਵੀਂ ਪਾਰਟੀ ਬਣਾਕੇ,ਕਿਹੜਾ ਭਲਾ ਕਰ ਦੇਵੇਗਾ। ਲੋਕਾਂ ਦੇ ਮੁੱਦਿਆਂ ਦੀ ਕੋਈ ਗੱਲ ਨਹੀਂ ਕਰਦਾ।ਜਦੋਂ ਚੈਨਲਾਂ ਤੇ ਵੇਖੋ,ਇਕ ਦੂਸਰੇ ਤੇ ਚਿੱਕੜ ਸੁੱਟਣ ਲੱਗੇ ਹੁੰਦੇ ਹਨ।ਜਦੋਂ ਇਹ ਸਾਰਾ ਕੁੱਝ ਵੇਖਦੇ ਹਾਂ ਤਾਂ ਲੱਗਦਾ ਹੈ ਕਿ ਚੋਣਾਂ ਦਾ ਫਾਇਦਾ ਹੀ ਕੋਈ ਨਹੀਂ।
ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਸਿਆਸਤਦਾਨਾਂ ਨੇ ਲੋਕਾਂ ਨੂੰ ਗਲੀਆਂ ਨਾਲੀਆਂ ਦੇ ਪੱਕੇ ਕਰਨ ਵਿੱਚ ਉਲਝਾਇਆ ਹੋਇਆ ਹੈ।ਲੋਕ ਤਾਂ ਸਿਆਸਤਦਾਨਾਂ ਪਿੱਛੇ ਲੱਗਕੇ ਇਕ ਦੂਸਰੇ ਨਾਲ ਦੁਆ ਸਲਾਮ ਬੰਦ ਕਰ ਦਿੰਦੇ ਹਨ।ਪਰ ਸਿਆਸਤਦਾਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵਿਰੋਧੀ ਪਾਰਟੀ ਵਿੱਚ ਜਾਣ ਲਗਿਆਂ।ਪਿੰਡਾਂ ਵਿੱਚ ਪੰਚਾਇਤਾਂ ਪਾਰਟੀਆਂ ਦੀਆਂ ਬਣਨ ਲੱਗ ਗਈਆਂ।ਹਰ ਪਾਸੇ ਤਨਾਅ ਵਾਲੀ ਸਥਿਤੀ ਬਣਾ ਦਿੱਤੀ ਹੈ।ਮੁਫ਼ਤ ਦੀਆਂ ਸ਼ਰਾਬਾਂ ਅਤੇ ਕੁੱਝ ਰੁਪਏ ਲੈਕੇ ਵੋਟਾਂ ਬਿੰਨਾ ਸੋਚੇ ਸਮਝੇ ਪਾਉਣ ਦਾ ਰੁਝਾਨ ਹੈ।ਸਿਆਸਤਦਾਨਾਂ ਨੂੰ ਪਤਾ ਹੈ ਕਿ ਅਸੀਂ ਕਿੱਥੇ ਕੁ ਵੋਟ ਦਾ ਸੌਦਾ ਕਰ ਸਕਦੇ ਹਾਂ।
ਇਸ ਵਕਤ ਸਿਆਸਤਦਾਨਾਂ ਨੂੰ ਸਭ ਤੋਂ ਵਧੀਆ ਵਿਉਪਾਰ ਸਿਆਸਤ ਹੀ ਲੱਗ ਰਿਹਾ ਹੈ।ਆਪਣੇ ਵਿਉਪਾਰ ਨੂੰ ਵਧਾਉਣ ਲਈ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ।ਹਕੀਕਤ ਇਹ ਹੈ ਕਿ ਬਹੁਤ ਸੋਚ ਸਮਝਕੇ ਵੋਟ ਪਾਉਣ ਤੋਂ ਬਾਅਦ ਵੀ ਪਤਾ ਨਹੀਂ ਕਿਹੜੇ ਵੇਲੇ ਸਿਆਸਤਦਾਨਾਂ ਨੇ ਪਾਰਟੀ ਬਦਲ ਲੈਣੀ ਹੈ।ਉਮੀਦਵਾਰਾਂ ਦੀ ਹਾਲਤ ਵੇਖੋ,ਆਪਣੀਆਂ ਪਾਰਟੀਆਂ ਤੋਂ ਬਾਹਰ ਨਿਕਲਕੇ ਨਵੀਂ ਪਾਰਟੀ ਬਣਾਕੇ,ਇਕ ਦੂਸਰੇ ਦੇ ਸਾਹਮਣੇ ਚੋਣ ਲੜ ਰਹੇ ਹਨ।ਹਕੀਕਤ ਇਹ ਹੈ ਕਿ ਇਸ ਵੇਲੇ ਚੋਣਾਂ ਘੱਟ ਘੜਮਸ ਵਧੇਰੇ ਪਿਆ ਹੋਇਆ ਹੈ।ਵੋਟਰਾਂ ਨੂੰ ਜਾਗਣਾ ਚਾਹੀਦਾ ਹੈ।ਸਭ ਤੋਂ ਪਹਿਲਾਂ ਵੋਟ ਖਰੀਦਣ ਵਾਲਿਆਂ ਨੂੰ ਜਵਾਬ ਦਿਉ।ਮੁਫ਼ਤ ਦੇ ਲਾਰੇ ਦੇਣ ਵਾਲਿਆਂ ਤੇ ਯਕੀਨ ਨਾ ਕਰੋ।ਜੇਕਰ ਪਾਰਟੀਆਂ ਤੋਂ ਬਾਹਰ ਹੋਕੇ,ਕੋਈ ਚੰਗਾ ਉਮੀਦਵਾਰ ਸਮਝ ਪੈਂਦਾ ਹੈ ਤਾਂ ਉਸਨੂੰ ਵੋਟਾਂ ਦਿਉ।ਬਦਲਾਅ ਅਗਰ ਕਰਨਾ ਹੈ ਤਾਂ ਵੋਟਰਾਂ ਦੇ,ਸਾਡੇ ਹੱਥ ਵਿੱਚ ਹੈ।ਹੋ ਸਕਦਾ ਹੈ,ਇਹ ਘੜਮਸ ਇਕ ਵਾਰ ਫੇਰ ਸਾਡੀਆਂ ਭਾਵਨਾਵਾਂ ਨਾਲ ਖੇਡਣਾ ਲਈ ਪਾਇਆ ਹੋਵੇ।
ਪ੍ਰਭਜੋਤ ਕੌਰ ਢਿੱਲੋਂ