Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਹਿੰਦੀ ਵਿਅੰਗ - ਟਿਕਟ ਦੀ ਚੋਣ

January 22, 2022 02:22 AM
ਹਿੰਦੀ ਵਿਅੰਗ 
 
ਟਿਕਟ ਦੀ ਚੋਣ 
 
 
ਚੋਣ ਵਿਚ ਟਿਕਟ ਮਿਲਣੀ ਤਾਂ ਸਭ ਨੇ ਸੁਣੀ ਹੈ, ਪਰ ਇਹ ਟਿਕਟ ਸਭ ਨੂੰ ਨਹੀਂ ਮਿਲ ਸਕਦੀ। ਜਿਨ੍ਹਾਂ ਨੂੰ ਚੋਣ ਵਿਚ ਖੜ੍ਹੇ ਹੋਣ ਲਈ ਕਿਸੇ ਪਾਰਟੀ ਦੀ ਟਿਕਟ ਨਹੀਂ ਮਿਲਦੀ, ਉਹ ਖਿਆਲਾਂ ਵਿਚ ਆਪਣੀ ਟਿਕਟ ਦੀ ਚੋਣ ਕਰ ਲੈਂਦੇ ਹਨ। ਇਨ੍ਹਾਂ ਟਿਕਟਾਂ ਤੇ ਚੋਣ ਤਾਂ ਨਹੀਂ ਲੜੀ ਜਾ ਸਕਦੀ ਪਰ ਉਹਦੀ ਕਲਪਨਾ ਤਾਂ ਕੀਤੀ ਜਾ ਹੀ ਸਕਦੀ ਹੈ। 
ਰੇਲਵੇ ਤੋਂ ਰਿਟਾਇਰਡ ਗਾਰਡ ਸਾਹਿਬ ਨੇ ਐਲਾਨ ਕੀਤਾ ਕਿ ਉਹ ਰੇਲਵੇ ਦੀ ਟਿਕਟ ਤੇ ਚੋਣ ਲੜਨਗੇ ਅਤੇ ਉਨ੍ਹਾਂ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਭਾਸ਼ਨ ਇਸ ਪ੍ਰਕਾਰ ਸੀ- ਭਰਾਵੋ ਤੇ ਭੈਣੋ! ਮੈਂ ਰੇਲਵੇ-ਟਿਕਟ ਤੇ ਚੋਣ ਲੜ ਰਿਹਾ ਹਾਂ। ਇਹ ਮੇਰੀ ਰਿਟਰਨ ਟਿਕਟ ਹੈ। ਰਿਟਰਨ ਟਿਕਟ ਦਾ ਇਹ ਫਾਇਦਾ ਹੈ ਕਿ ਆਦਮੀ ਵਾਪਸ ਆਪਣੇ ਘਰ ਆ ਸਕਦਾ ਹੈ। ਮੈਂ ਅਜਿਹੀ ਟਿਕਟ ਤੇ ਚੋਣ ਲੜਨ ਵਾਲੇ ਵੀ ਵੇਖੇ ਨੇ, ਜੋ ਨਾ ਘਰ ਦੇ ਰਹਿੰਦੇ ਨੇ, ਨਾ ਘਾਟ ਦੇ। ਮੈਂ ਚੋਣ ਵਿਚ ਹਿੱਸਾ ਕਿਉਂ ਲੈ ਰਿਹਾ ਹਾਂ- ਇਹ ਸਵਾਲ ਸਭ ਦੇ ਦਿਮਾਗ ਵਿੱਚ ਆਇਆ ਹੋਵੇਗਾ। ਭਰਾਵੋ, ਮੈਂ ਰੇਲਵੇ ਦੀ ਨੌਕਰੀ ਵਿਚ ਜੀਵਨ- ਭਰ ਪਲੇਟਫਾਰਮ ਵੇਖਿਆ ਹੈ। ਹੁਣ ਮੈਂ ਯੋਗ ਪਰ ਢੁਕਵੇਂ ਲੋਕਾਂ ਨੂੰ ਇਕ ਪਲੇਟਫਾਰਮ ਤੇ ਇਕੱਠਾ ਕਰਨਾ ਚਾਹੁੰਦਾ ਹਾਂ। ਗਾਰਡ ਸਾਹਿਬ ਦੀ ਚੋਣ-ਮੁਹਿੰਮ ਛੁਕ-ਛੁਕ ਕਰਦੀ ਹੋਈ ਛਕਾ-ਛਕ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਦਾ ਭਾਸ਼ਣ ਸੁਣ ਕੇ ਵੱਡੇ-ਵੱਡੇ ਜੰਕਸ਼ਨ ਮੂੰਹ ਵੇਖਦੇ ਰਹਿ ਜਾਂਦੇ ਹਨ। ਗਾਰਡ ਸਾਹਿਬ ਲੋਕਾਂ ਦੀ ਭੀੜ ਨੂੰ ਸੰਬੋਧਿਤ ਹੁੰਦੇ ਹੋਏ ਕਹਿੰਦੇ ਹਨ- ਇਹ ਦੁਨੀਆਂ ਇੱਕ ਯਾਤਰੀ-ਉਡੀਕਘਰ ਹੈ ਅਤੇ ਅਸੀਂ ਸਾਰੇ ਯਾਤਰੀ ਹਾਂ। ਜਦੋਂ ਤਕ ਜੀਵਨ ਦੀ ਗੱਡੀ ਚੱਲ ਰਹੀ ਹੈ, ਪ੍ਰੇਮ ਅਤੇ ਮਿਲਵਰਤਣ ਦਾ ਸਿਗਨਲ ਡਾਊਨ ਰੱਖੋ ਅਤੇ ਨਫ਼ਰਤ ਤੇ ਹਿੰਸਾ ਨੂੰ ਲਾਲ ਝੰਡੀ ਵਿਖਾਉਂਦੇ ਰਹੋ। ਅਮੀਰੀ ਅਤੇ ਗ਼ਰੀਬੀ 'ਤੇ ਗੱਲ ਕਰਦੇ ਹੋਏ ਗਾਰਡ ਸਾਹਿਬ ਕਹਿੰਦੇ ਹਨ- ਅਮੀਰੀ ਪਹਿਲੀ ਸ਼੍ਰੇਣੀ ਦੇ ਏਅਰਕੰਡੀਸ਼ੰਡ ਬੋਗੀ ਵਿਚ ਸੀਟੀ ਵਜਾਉਂਦੀ ਹੋਈ ਜ਼ਿੰਦਗੀ ਦਾ ਸਫ਼ਰ ਤੈਅ ਕਰ ਰਹੀ ਹੈ ਅਤੇ ਗ਼ਰੀਬੀ ਰੇਲਵੇ ਦੇ ਅਨ-ਰਿਜ਼ਰਵਡ ਡੱਬੇ ਵਿਚ ਯਾਤਰਾ ਕਰਨ ਲਈ ਸਰਾਪੀ ਹੋਈ ਹੈ। ਸਭਾ ਦੇ ਵਿੱਚੋਂ ਹੀ ਕਿਸੇ ਨੇ ਆਵਾਜ਼ ਲਾਈ- ਇਸਲਾਮ ਖ਼ਤਰੇ ਵਿੱਚ ਹੈ! ਗਾਰਡ ਸਾਹਿਬ ਨੇ ਉਹਨੂੰ ਸਭਾ 'ਚੋਂ ਹੀ ਡਾਂਟਦੇ ਹੋਏ ਕਿਹਾ- ਇਸਲਾਮ ਸੁਪਰ ਫਾਸਟ ਟ੍ਰੇਨ ਵਾਂਗ ਤੇਜ਼ੀ ਨਾਲ ਆਪਣੀ ਮੰਜ਼ਿਲ ਵੱਲ ਵਧ ਰਿਹਾ ਹੈ। ਆਪਣੇ ਫ਼ਾਇਦੇ ਲਈ ਉਹਨੂੰ ਪਟੜੀ ਤੋਂ ਨਾ ਉਤਾਰੋ ਅਤੇ ਨਾ ਹੀ ਆਪਣੇ ਨਾਪਾਕ ਇਰਾਦਿਆਂ ਖ਼ਾਤਰ ਚੇਨ ਖਿੱਚ ਕੇ ਉਹਨੂੰ ਆਊਟਰ ਤੇ ਰੋਕਣ ਦੀ ਕੋਸ਼ਿਸ਼ ਕਰੋ।
ਰੇਲਵੇ-ਟਿਕਟ ਤੇ ਚੋਣ ਲੜਨ ਦੀ ਖ਼ਬਰ ਸੁਣੀ ਤਾਂ ਇਕ ਸ੍ਰੀਮਾਨ ਨੇ ਏਅਰਲਾਈਨਜ਼ ਦੀ ਟਿਕਟ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਆਪਣੇ ਘੋਸ਼ਣਾ-ਪੱਤਰ ਵਿੱਚ ਲਿਖਿਆ- ਪਿਆਰੇ ਵੋਟਰੋ! ਇਸ ਚੋਣ-ਉਡਾਣ ਤੇ ਤੁਹਾਡਾ ਸੁਆਗਤ ਹੈ। ਤੁਸੀਂ ਆਪੋ-ਆਪਣੀ ਸੁਰੱਖਿਆ-ਬੈਲਟ ਬੰਨ੍ਹ ਲਓ, ਕਿਉਂਕਿ ਮੈਂ ਤੁਹਾਨੂੰ ਤਰੱਕੀ ਦੀ ਪੰਤਾਲੀ ਹਜ਼ਾਰ ਫੁੱਟ ਦੀ ਉਚਾਈ ਤੇ ਲੈ ਕੇ ਜਾਵਾਂਗਾ, ਜਿਥੋਂ ਤੁਹਾਨੂੰ ਪਹਾੜ ਵਰਗੀ ਦਿੱਸਣ ਵਾਲੀ ਸਮੱਸਿਆ ਵੀ ਕੀੜੀ ਵਰਗੀ ਨਜ਼ਰ ਆਵੇਗੀ। ਬੁਲੰਦੀ ਤੇ ਉਡਾਣ ਭਰਦੇ ਹੋਏ ਅਤੇ ਖਿਆਲੀ ਪੁਲਾਓ ਖਾਂਦੇ- ਖਾਂਦੇ ਆਪਣਾ ਚੋਣ-ਜਹਾਜ਼ ਸਿੱਧਾ ਵਿਧਾਨ ਸਭਾ ਦੇ ਮੁੱਖ ਕਮਰੇ ਵਿਚ ਲੈਂਡ ਕਰੇਗਾ।
ਰੇਲਵੇ ਅਤੇ ਏਅਰਲਾਈਨਜ਼ ਦੀ ਟਿਕਟ ਤੇ ਚੋਣ ਲੜਦੇ ਵੇਖ ਕੇ ਹਫ਼ੀਜ਼ ਡਰਾਈਵਰ ਨੇ ਬੱਸ ਦੀ ਟਿਕਟ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ। ਉਸ ਨੇ ਆਪਣੇ ਹੋਰ ਉਮੀਦਵਾਰਾਂ ਨੂੰ ਸਪਸ਼ਟ ਕਹਿ ਦਿੱਤਾ ਸੀ ਕਿ ਥਾਂ ਮਿਲਣ ਤੇ ਹੀ ਸਾਈਡ ਦਿੱਤੀ ਜਾਵੇਗੀ। ਉਸ ਨੇ ਆਪਣੀ ਪਿੱਠ ਤੇ ਪੋਸਟਰ ਚਿਪਕਾ ਲਿਆ ਸੀ, ਜਿਸ ਤੇ ਲਿਖਿਆ ਸੀ- 'ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲ਼ਾ' ਅਤੇ 'ਮੱਚ ਨਾ ਬਰਾਬਰੀ ਕਰ।' ਡਰਾਈਵਰ ਸਾਹਿਬ ਨੇ ਆਪਣੀ ਚੋਣ-ਮੁਹਿੰਮ ਦਾ ਆਗਾਜ਼ ਕਰਦੇ ਹੋਏ ਜ਼ੋਰਦਾਰ ਭਾਸ਼ਣ ਦਿੱਤਾ- ਭਰਾਵੋ ਤੇ ਭੈਣੋ! ਮੈਂ ਡਰਾਈਵਰ ਹਾਂ ਅਤੇ ਕਾਰ ਚਲਾ ਸਕਦਾ ਹਾਂ। ਯਾਦ ਰੱਖਣਾ, ਜੋ ਕਾਰ ਚਲਾ ਸਕਦਾ ਹੈ, ਉਹੀ ਸਰਕਾਰ ਚਲਾ ਸਕਦਾ ਹੈ। ਮੈਨੂੰ ਚੈਨ ਅਤੇ ਆਨੰਦ ਦੇ ਸਾਰੇ ਰਸਤੇ ਪਤਾ ਹਨ। ਮੈਨੂੰ ਆਪਣੇ ਹਰ ਮੁਸਾਫਿਰ ਦੀ ਮੰਜ਼ਿਲ ਬਾਰੇ ਜਾਣਕਾਰੀ ਹੈ। ਮੇਰੇ ਦੇਸ਼ਵਾਸੀਓ, ਮੇਰੀ ਡਰਾਈਵਿੰਗ 'ਤੇ ਭਰੋਸਾ ਰੱਖੋ। ਜੋ ਰਾਹ ਭੁੱਲ ਜਾਵੇ, ਮੈਂ ਉਹ ਚਾਲਕ ਨਹੀਂ ਹਾਂ। ਮੈਨੂੰ ਵੋਟ ਦਿਓ। ਮੈਂ ਵਾਅਦਾ ਕਰਦਾ ਹਾਂ ਕਿ ਤੁਹਾਨੂੰ ਪਾਇਦਾਨ ਤੇ ਲਟਕਣ ਨਹੀਂ ਦੇਵਾਂਗਾ, ਸਭ ਨੂੰ ਸੀਟ ਮਿਲੇਗੀ। ਦੂਜੀ ਪਾਰਟੀ ਦੀ ਆਲੋਚਨਾ ਕਰਦੇ ਹੋਏ ਹਫ਼ੀਜ਼ ਡਰਾਈਵਰ ਭੜਕ ਉੱਠਿਆ ਅਤੇ ਕਹਿਣ ਲੱਗਿਆ- ਇਹ ਸਭ ਧੂੰਆਂ ਛੱਡਣ ਵਾਲੀਆਂ ਬੱਸਾਂ ਹਨ, ਇਨ੍ਹਾਂ ਦੀ ਬਾਡੀ ਕੰਡਮ ਹੋ ਗਈ ਹੈ; ਜਿਸਦਾ ਬਰੇਕ ਨਹੀਂ ਲੱਗਦਾ, ਹਾਰਨ ਨਹੀਂ ਵਜਦਾ। ਸਵਾਰੀ ਵੋਟ-ਕਤਰਿਆਂ ਤੋਂ ਸਾਵਧਾਨ ਰਹੇ ਅਤੇ ਆਪਣੀ ਵੋਟ ਦੀ ਦੇਖਭਾਲ ਖੁਦ ਕਰੇ।  
ਡਾਕਖਾਨੇ ਦੇ ਰਿਟਾਇਰਡ ਪੋਸਟਮਾਸਟਰ ਵੀ ਜੋਸ਼ ਵਿਚ ਆ ਗਏ। ਉਨ੍ਹਾਂ ਨੇ ਕਿਹਾ ਕਿ ਉਹ ਡਾਕ-ਟਿਕਟ ਤੇ ਚੋਣ ਲੜਨਗੇ। ਉਨ੍ਹਾਂ ਨੇ ਸਾਰੇ ਡਾਕੀਆਂ ਨੂੰ ਕਿਹਾ ਕਿ ਉਨ੍ਹਾਂ ਨੇ ਇੱਕ-ਇੱਕ ਘਰ ਤੱਕ ਸੰਦੇਸ਼ ਪਹੁੰਚਾਉਣਾ ਹੈ ਕਿ ਸਾਡੇ ਥੈਲੇ ਵਿੱਚ ਸਾਰਿਆਂ ਲਈ ਸ਼ੁਭ-ਸੰਦੇਸ਼ ਹੈ। ਪੋਸਟਮਾਸਟਰ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੂਜੇ ਉਮੀਦਵਾਰਾਂ ਤੇ ਜ਼ਰਾ ਵੀ ਭਰੋਸਾ ਨਾ ਕਰੋ, ਇਹ ਸਭ ਬਿਨਾਂ ਪਤੇ ਦੇ ਲਿਫ਼ਾਫ਼ੇ ਹਨ, ਇਹ ਸਭ ਬੇਰੰਗ ਡਾਕ ਹਨ ਅਤੇ ਮੈਂ ਹਾਂ ਜਵਾਬੀ ਪੋਸਟਕਾਰਡ। ਮੇਰੀ ਬੇਨਤੀ ਨੂੰ ਖ਼ਤ ਨਹੀਂ ਤਾਰ ਸਮਝੋ। ਅਤੇ ਪੋਲਿੰਗ ਦੇ ਦਿਨ ਆਪਣੇ ਨਜ਼ਦੀਕੀ ਲੈਟਰ ਬਾਕਸ ਵਿੱਚ ਆਪਣੀ ਕੀਮਤੀ ਵੋਟ ਪਾ ਕੇ ਵੱਧ ਤੋਂ ਵੋਟਾਂ ਨਾਲ ਜੇਤੂ ਬਣਾਓ। 
ਇੱਕ ਮੋਹਨ ਕੁਮਾਰ ਸਨ। ਇਹ ਸਾਹਿਬ ਇਕ ਟਾਕੀਜ਼ (ਥੀਏਟਰ) ਵਿੱਚ ਮੈਨੇਜਰ ਸਨ। ਇਹ ਸਿਨੇਮਾ ਦੀ ਟਿਕਟ ਤੇ ਚੋਣ ਵਿਚ ਖੜ੍ਹੇ ਹੋ ਗਏ। ਸੂਟ, ਬੂਟ, ਹੈਟ, ਐਨਕ, ਟਾਈ ਪਹਿਨ ਕੇ ਜਦੋਂ ਇਹ ਨੁੱਕੜ-ਸਭਾ ਵਿੱਚ ਭਾਸ਼ਨ ਦਿੰਦੇ ਤਾਂ ਫ਼ਿਲਮ ਦਾ ਦ੍ਰਿਸ਼ ਉਸਾਰ ਦਿੰਦੇ। ਮਾਈਕ ਹੱਥ ਵਿੱਚ ਲੈ ਕੇ ਝੂਮ-ਝੂਮ ਕੇ ਕਹਿੰਦੇ- 'ਆਜ ਕਹੇਂਗੇ ਦਿਲ ਕਾ ਫ਼ਸਾਨਾ, ਜਾਨ ਭੀ ਲੇ ਲੇ ਚਾਹੇ ਜ਼ਮਾਨਾ...।' ਰੂਲਿੰਗ ਪਾਰਟੀ ਨੂੰ ਕਹਿੰਦੇ- 'ਯੇ ਪਬਲਿਕ ਹੈ, ਯੇ ਸਭ ਜਾਨਤੀ ਹੈ...।' ਆਪਣੇ ਸੰਬੋਧਨ ਵਿਚ ਜਨਤਾ ਨੂੰ ਸਮਝਾਉਂਦੇ ਕਿ ਹੁਣੇ ਤੁਹਾਡੇ ਕੋਲ ਇੱਕ ਤੋਂ ਇੱਕ ਵਧ ਕੇ ਐਕਟਰ ਆਉਣਗੇ ਅਤੇ ਡਾਇਲਾਗ ਝਾੜਨਗੇ, ਇਨ੍ਹਾਂ ਦੀ ਓਵਰ-ਐਕਟਿੰਗ ਨੂੰ ਖਾਰਜ ਕਰ ਦੇਣਾ। ਉਨ੍ਹਾਂ ਦੇ ਦਰਦ-ਭਰੇ ਗੀਤਾਂ ਤੇ ਧਿਆਨ ਨਾ ਦੇਣਾ, ਇਹ ਸਭ ਪਟਕਥਾ ਹੈ, ਸਚਾਈ ਨਹੀਂ। ਮੈਨੂੰ ਵੋਟ ਦਿਉ। ਮੈਂ ਪਰਦੇ ਦੇ ਪਿੱਛੇ ਬਹੁਤ ਕੰਮ ਕਰ ਲਿਆ ਹੈ, ਹੁਣ ਮੈਂ ਮੁੱਖ ਭੂਮਿਕਾ ਵਿੱਚ ਆਉਣਾ ਚਾਹੁੰਦਾ ਹਾਂ। ਮੈਨੂੰ ਤੁਸੀਂ ਇੰਨੀ ਗਿਣਤੀ ਵਿੱਚ ਵੋਟਾਂ ਦੇਣ ਆਇਓ ਕਿ ਪੋਲਿੰਗ-ਬੂਥ ਅਜਿਹੀ ਟਾਕੀਜ਼ ਲੱਗੇ, ਜਿੱਥੇ ਸੁਪਰਸਟਾਰ ਦੀ ਨਵੀਂ ਫਿਲਮ ਲੱਗੀ ਹੋਵੇ, ਜਿਸ ਦਾ ਅੱਜ ਪਹਿਲੇ ਦਿਨ ਦਾ ਪਹਿਲਾ ਸ਼ੋਅ ਹੋਵੇ।
ਚੋਣ ਦੀ ਜੋ ਟਿਕਟ ਪਿਆਰੇਲਾਲ ਨੇ ਲਈ ਸੀ, ਸਭ ਨੇ ਉਹਦੀ ਪ੍ਰਸੰਸਾ ਕੀਤੀ ਅਤੇ ਕਿਹਾ ਇਹੋ ਸਭ ਤੋਂ ਢੁੱਕਵੀਂ ਪਾਰਟੀ ਦੀ ਟਿਕਟ ਹੈ। ਪਿਆਰੇਲਾਲ ਚਿਡ਼ੀਆ-ਘਰ ਦੀ ਟਿਕਟ ਤੇ ਚੋਣ ਲੜ ਰਿਹਾ ਸੀ। ਉਸ ਨੇ ਚੋਣ-ਜਲਸੇ ਵਿੱਚ ਕਿਹਾ- ਇੱਥੇ ਸਭ ਆਪੋ-ਆਪਣੀ ਬੋਲੀ ਬੋਲ ਰਹੇ ਹਨ। ਕੋਈ ਦਹਾੜ ਰਿਹਾ ਹੈ, ਕੋਈ ਚਿੰਘਾੜ ਰਿਹਾ ਹੈ। ਯਾਦ ਰੱਖੋ, ਹਾਥੀ ਦੇ ਦੰਦਾਂ ਵਾਂਗ, ਇਨ੍ਹਾਂ ਦੇ ਖਾਣ ਦੇ ਦੰਦ ਹੋਰ ਹਨ, ਵਿਖਾਉਣ ਦੇ ਹੋਰ ਹਨ। ਕੌਮ ਲਈ ਕੁਰਬਾਨੀ ਦੇਣ ਦਾ ਵੇਲਾ ਆਵੇਗਾ, ਤਾਂ ਸਭ ਨੂੰ ਸੱਪ ਸੁੰਘ ਜਾਵੇਗਾ। ਸਾਰੇ ਤੋਤੇ ਵਾਂਗ ਅੱਖਾਂ ਫੇਰ ਲੈਣਗੇ। ਪੂ ਦਬਾ ਕੇ ਭੱਜ ਜਾਣਗੇ। ਯਾਦ ਰੱਖਣਾ, ਇਨ੍ਹਾਂ ਦਾ ਅੱਗਾ ਸ਼ੇਰ ਵਰਗਾ ਹੈ ਅਤੇ ਪਿੱਛਾ ਭੇਡ ਵਰਗਾ ਹੈ। 
ਟਿਕਟ ਅਤੇ ਉਮੀਦਵਾਰਾਂ ਦੀ ਭੀੜ ਵਿੱਚ ਇਕ ਉਮੀਦਵਾਰ ਵੱਖਰਾ ਹੀ ਅੰਦਾਜ਼ ਬਿਖੇਰ ਰਿਹਾ ਹੈ। ਇਹ ਜਨਾਬ ਕਹਿੰਦੇ ਹਨ ਮੈਂ ਨਾ ਖ਼ੁਦ ਨੂੰ ਚੰਗਾ ਕਹਿੰਦਾ ਹਾਂ, ਨਾ ਦੂਜੇ ਨੂੰ ਬੁਰਾ। ਮੈਂ ਕਿਸੇ ਨੂੰ ਵੋਟ ਦੇਣ ਦੀ ਅਪੀਲ ਵੀ ਨਹੀਂ ਕਰਦਾ। ਤੁਹਾਡਾ ਵੋਟ ਦੇਣ ਦਾ ਮਨ ਨਹੀਂ ਹੈ, ਤਾਂ ਨਾ ਦਿਓ। ਮੈਂ ਵੀ ਚੋਣ ਵਿਚ ਖੜ੍ਹਾ ਹੋ ਕੇ ਕਿਸਮਤ ਅਜ਼ਮਾ ਰਿਹਾ ਹਾਂ। ਜਿੱਤ ਗਿਆ ਤਾਂ ਖੁਸ਼ਕਿਸਮਤ, ਹਾਰ ਗਿਆ ਤਾਂ ਹਾਰ ਗਿਆ। ਇਹ ਸ੍ਰੀਮਾਨ ਲਾਟਰੀ ਦੀ ਟਿਕਟ ਤੇ ਚੋਣ ਲੜ ਰਹੇ ਹਨ। 
 
"""""""""""""""""""
* ਮੂਲ : ਇਬਨੇ ਇੰਸ਼ਾ 
* ਅਨੁ : ਪ੍ਰੋ. ਨਵ ਸੰਗੀਤ ਸਿੰਘ 

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ