Friday, January 28, 2022
24 Punjabi News World
Mobile No: + 31 6 39 55 2600
Email id: hssandhu8@gmail.com

Article

ਪੰਜਾਬੀ ਦੀ ਪਹਿਲੀ ਕੌਫੀ ਟੇਬਲ ਬੁੱਕ - 'ਜਦੋਂ ਤੁਰੇ ਸੀ'

December 30, 2021 11:30 PM


ਪੰਜਾਬੀ ਦੀ ਪਹਿਲੀ ਕੌਫੀ ਟੇਬਲ ਬੁੱਕ - 'ਜਦੋਂ ਤੁਰੇ ਸੀ'

ਅੰਗਰੇਜੀ ਵਿਚ ਕਾਫੀ ਟੇਬਲ ਬੁੱਕ ਦੀ ਇਕ ਵੱਖਰੀ ਪਰੰਪਰਾ ਹੈ। ਪਰ ਪੰਜਾਬੀ ਭਾਸ਼ਾ ਵਿਚ ਮੇਰੀ ਨਜ਼ਰ ਵਿਚ ਤਾਂ ਅਜਿਹੀ ਕੋਈ ਟੇਬਲ ਬੁੱਕ ਨਜ਼ਰ ਨਹੀਂ ਪਈ। ਜੇ ਛਪੀ ਹੋਵੇ ਤਾਂ ਮੈਨੂੰ ਉਸ ਦੀ ਜਾਣਕਾਰੀ ਨਹੀਂ। ਹਰਕੀਰਤ ਸਿੰਘ ਸੰਧਰ ਆਸਟ੍ਰੇਲੀਆ ਵਸਦਾ ਉੱਦਮੀ ਅਤੇ ਸਾਹਿਤਕ ਮੱਸ ਰੱਖਣ ਵਾਲਾ ਨੌਜੁਆਨ ਹੈ। ਉਹ ਆਪਣਾ ਦੇਸ਼ ਛੱਡ ਕੇ ਪ੍ਰਦੇਸ਼ ਤਾਂ ਹੋਰਾਂ ਵਾਂਗ ਹੀ ਆਪਣਾ ਭਵਿੱਖ ਸੁਧਾਰਨ ਗਿਆ ਸੀ, ਪਰ ਉਥੇ ਜਾ ਕੇ ਉਸ ਦੀ ਖੋਜੀ ਰੁਚੀ ਨੂੰ ਜਦੋਂ ਇਹ ਭਿੰਨਕ ਪਈ ਕਿ ਸਾਡੇ ਦੇਸ ਵਾਸੀਆਂ ਦੀ ਆਮਦ ਇਸ ਧਰਤੀ ਤੇ ਕੋਈ ਨਵੀਂ ਨਹੀਂ ਬਲਕਿ ਚਾਰ ਹਜ਼ਾਰ ਸਾਲ ਤੋਂ ਵੀ ਵੱਧ ਪ੍ਰਾਣੀ ਹੈ ਤਾਂ ਉਸ ਦੇ ਦਿਲ ਵਿਚ ਇਸ ਸੰਬੰਧੀ ਵਿਸਥਾਰ ਵਿਚ ਜਾਨਣ ਦੀ ਇੱਛਾ ਪੈਦਾ ਹੋਈ। ਉਸ ਨੇ ਕਿਤੇ ਪੜ੍ਹਿਆ ਕਿ ਫਸਟ ਫਲੀਟ(1788) ਨੇ ਜਦੋਂ ਆਸਟ੍ਰੇਲੀਆ ਦੀ ਧਰਤੀ ਵੱਲ ਚਾਲੇ ਪਾਏ ਸੀ ਤਾਂ ਉਸ ਵਿਚ ਸਾਡੇ ਮੁਲਕ ਦੇ ਵੀ ਕੁਝ ਬਸ਼ਿੰਦੇ ਸਨ। ਜਦੋਂ ਉਸ ਦੀ ਖੋਜੀ ਵਿਰਤੀ ਨੇ ਇਤਿਹਾਸ ਦੇ ਵਰਕਿਆਂ ਨੂੰ ਫਰੋਲਣਾ ਸ਼ੁਰੂ ਕੀਤਾ ਤਾਂ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਸਾਡਾ ਡੀ ਐਨ ਏ ਤਾਂ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਵਿਚ ਵੀ ਮਿਲ ਰਿਹਾ ਹੈ। ਉਸ ਨੂੰ ਅਗਲੇਰੀ ਖੋਜ ਵੱਲ ਇਸ ਪੱਖ ਨੇ ਪ੍ਰੇਰਿਆ ਕਿ ਸਾਡੇ ਬੱਚਿਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਧਰਤੀ ਤੇ ਆਪਣੇ ਗੌਰਵਮਈ ਪਿਛੋਕੜ ਦਾ ਪਤਾ ਚੱਲ ਸਕੇ। ਇਸ ਲਈ ਉਸ ਨੇ ਤਕਰੀਬਨ ਇਕ ਦਹਾਕੇ ਦੀ ਖੋਜ ਤੋਂ ਬਾਅਦ ਆਪਣੀ ਜਾਣਕਾਰੀ ਨੂੰ ਕਾਫੀ ਟੇਬਲ ਬੁੱਕ 'ਜਦੋਂ ਤੁਰੇ ਸੀ' ਦੇ ਰੂਪ ਵਿਚ ਪ੍ਰਕਾਸ਼ਿਤ ਕਰਵਾ ਕੇ ਇਕ ਇਤਿਹਾਸਕ ਦਸਤਾਵੇਜ ਪੇਸ਼ ਕੀਤਾ ਹੈ। ਇਸ ਕੰਮ ਵਿਚ ਲੰਬੀਆਂ ਅਤੇ ਅਕਾਊ ਯਾਤਰਾਵਾਂ ਤੇ ਉਸ ਦੀ ਜੀਵਨ ਸਾਥਣ ਸੁਖਮਨਦੀਪ ਕੌਰ ਨੇ ਉਸ ਦਾ ਸਾਥ ਹੀ ਨਹੀਂ ਦਿੱਤਾ ਸਗੋਂ ਮੋਢੇ ਦੇ ਨਾਲ ਮੋਢਾ ਲਾ ਕੇ ਸਹਾਇਤਾ ਵੀ ਕੀਤੀ।
ਇਥੇ ਇਹ ਜਾਣਨਾ ਵੀ ਜਰੂਰੀ ਹੈ ਕਿ ਆਮ ਜਾਣਕਾਰੀ ਦੀਆਂ, ਸਾਹਿਤਕ, ਵਿਦਿਆਰਥੀਆਂ ਦੀਆਂ ਪਾਠ ਪੁਸਤਕਾਂ, ਖੋਜ ਪੁਸਤਕਾਂ ਅਤੇ ਕਾਫੀ ਟੇਬਲ ਬੁੱਕ ਵਿਚ ਬੁਨਿਆਦੀ ਅੰਤਰ ਕੀ ਹੁੰਦਾ ਹੈ? ਆਮ ਕਿਤਾਬ ਕਿਸੇ ਵੀ ਵਿਸ਼ੇ ਜਾਂ ਸਾਹਿਤਕ ਵਿਧਾ ਦੇ ਕਿਸੇ ਵਿਸ਼ੇਸ਼ ਰੂਪ ਨਾਲ ਸੰਬੰਧਤ ਹੋ ਸਕਦੀ ਹੈ। ਖੋਜ ਨਾਲ ਸੰਬੰਧਤ ਕਿਤਾਬ ਵਿਚ ਕਿਸੇ ਵਿਸ਼ੇਸ਼ ਖੇਤਰ ਸੰਬੰਧੀ ਖੋਜ ਜਾਂ ਖੋਜਾਂ ਦੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਜਾਂਦੀ ਹੈ। ਕਾਫੀ ਟੇਬਲ ਬੁੱਕ ਵਿਚ ਕਿਸੇ ਵਿਅਕਤੀ ਵਿਸ਼ੇਸ਼, ਸਥਾਨ, ਸੰਸਥਾਂ ਆਦਿ ਸੰਬੰਧੀ ਮੁਢਲੀ ਜਾਣਕਾਰੀ ਸੰਖੇਪ ਵਿਚ ਹੀ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਇਹ ਸਚਿੱਤਰ ਹੁੰਦੀ ਹੈ ਭਾਵ ਯੋਗ ਤਸਵੀਰਾਂ ਸਮੇਤ। ਇਸ ਦਾ ਮਕਸਦ ਪਾਠਕ ਨੂੰ ਉਸ ਵਿਸ਼ੇ ਸੰਬੰਧੀ ਹੋਰ ਵਿਸਥਾਰ ਵਿਚ ਜਾਣਕਾਰੀ ਪ੍ਰਾਪਤ ਕਰਨ ਲਈ ਉਤਸਾਹਿਤ ਕਰਨਾ ਹੁੰਦਾ ਹੈ। ਇਹਨਾਂ ਵਿਚ ਕਈ ਬਾਰ ਪੜ੍ਹਨ ਸਮੱਗਰੀ ਘੱਟ ਹੁੰਦੀ ਹੈ ਪਰ ਤਸਵੀਰਾਂ ਰਾਹੀਂ ਜਿਆਦਾ ਗੱਲ ਕੀਤੀ ਜਾਂਦੀ ਹੈ ਅਤੇ ਇਹਨਾਂ ਦੀ ਛਪਾਈ ਵੀ ਦੂਜੀਆਂ ਕਿਤਾਬਾਂ ਦੇ ਮੁਕਾਬਲੇ ਉੱਤਮ ਦਰਜੇ ਦੀ ਹੁੰਦੀ ਹੈ।
ਕਾਫੀ ਟੇਬਲ ਬੁੱਕ ਕਿਸੇ ਦੇ ਵੀ ਘਰ ਦੇ ਡਰਾਇੰਗ ਰੂਮ(ਬੈਠਕ) ਦਾ ਸ਼ਿੰਗਾਰ ਇਸ ਲਈ ਬਣਦੀ ਹੈ ਤਾਂ ਜੋ ਘਰ ਆਏ ਮਹਿਮਾਨ ਨੂੰ ਜੇ ਕੁਝ ਦੇਰ ਲਈ ਮੇਜ਼ਬਾਨ ਦਾ ਇੰਤਜ਼ਾਰ ਕਰਨਾ ਪਵੇ ਤਾਂ ਉਹ ਕਾਫੀ ਟੇਬਲ ਬੁੱਕ ਦੀਆਂ ਤਸਵੀਰਾਂ ਜਾਂ ਇਕ ਅੱਧਾ ਅਧਿਆਇ ਪੜ੍ਹ ਕੇ ਸਮਾਂ ਬਤੀਤ ਕਰ ਸਕਦਾ ਹੈ ਅਤੇ ਆਪਣੀ ਜਾਣਕਾਰੀ ਵਿਚ ਵਾਧਾ ਕਰ ਸਕਦਾ ਹੈ। ਅਖਬਾਰ ਤਾਂ ਸਾਰਿਆਂ ਦੇ ਹੀ ਘਰ ਆਉਂਦੇ ਹਨ ਅਤੇ ਦੂਜਾ ਟੀ ਵੀ ਚੈਨਲਾਂ ਦੀ ਭਰਮਾਰ ਕਰਕੇ ਖਬਰਾਂ ਦਾ ਸਭ ਨੂੰ ਹੀ ਪਤਾ ਹੁੰਦਾ ਹੈ, ਇਸ ਲਈ ਅਜਿਹੀ ਪੁਸਤਕ ਸਮਾਂ ਲੰਘਾਉਣ ਲਈ ਵਧੀਆ ਹੁੰਦੀ ਹੈ।
'ਜਦੋਂ ਤੁਰੇ ਸੀ', 130 ਪੰਨਿਆਂ ਦੀ ਕਿਤਾਬ ਹੈ ਅਤੇ ਇਸ ਵਿਚ ਆਸਟ੍ਰੇਲੀਆ ਸੰਬੰਧਤ 58 ਅਧਿਆਇ ਹਨ। ਵਿਦਵਾਨ ਲੇਖਕ ਨੇ ਬੜੀ ਮਿਹਨਤ ਕਰਕੇ ਕੁਝ ਦੁਰਲੱਭ ਜਾਣਕਾਰੀ ਅਤੇ ਤਸਵੀਰਾਂ ਇਸ ਵਿਚ ਸ਼ਾਮਲ ਕੀਤੀਆਂ ਹਨ।
ਕੁਝ ਚੈਪਟਰਾਂ ਦੇ ਸਿਰਲੇਖ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਲੇਖਕ ਨੇ ਬੜੀ ਸੂਝਬੂਝ ਨਾਲ ਪਾਠਕਾਂ ਦੇ ਸਾਹਮਣੇ ਆਪਣੇ ਵੱਲੋਂ ਇਕੱਠੀ ਕੀਤੀ ਜਾਣਕਾਰੀ ਨੂੰ ਸਾਂਝਾ ਕੀਤਾ ਹੈ:-ਆਸਟ੍ਰੇਲੀਆ ਵਿਚ ਆਪਣੇ, ਭਾਰਤ ਆਸਟ੍ਰੇਲੀਆ ਸਫਰ, ਐਬੋਰਿਜੀਨਲ ਪਰਿਵਾਰ ਬਨਾਮ ਸਿੱਖ ਪਰਿਵਾਰ, ਆਸਟ੍ਰੇਲੀਆ ਅੰਦਰ ਵਸਿਆ ਪੰਜਾਬ, ਕਲਕੱਤੇ(ਹੁਣ ਕੋਲਕਤਾ) ਤੋਂ ਆਇਆ ਸਮੁੰਦਰੀ ਬੇੜਾ, ਭਾਰਤੀਆਂ ਦੀ ਦਸਤਕ, ਬੈਂਕ ਵਿਚ ਪਹਿਲਾ ਖਾਤਾ ਖੁਲ੍ਹਵਾਉਣ ਵਾਲਾ ਸਿੱਖ ਕਰੋਪੀ ਸਿੰਘ, ਆਸਟ੍ਰੇਲੀਆ ਵਿਚ ਭਾਰਤੀ ਭਾਸ਼ਾਵਾਂ, ਆਸਟ੍ਰੇਲੀਆ ਵਿਚ ਪੰਜਾਬੀ ਭਾਸ਼ਾ, ਆਸਟ੍ਰੇਲੀਆ ਵਿਚ ਗੁਰਦਵਾਰੇ, ਆਸਟ੍ਰੇਲੀਆ ਵਿਚ ਮੰਦਰ, ਆਸਟ੍ਰੇਲੀਆ ਵਿਚ ਪਹਿਲਾ ਅਖੰਡ ਪਾਠ, ਰੇਸ਼ਮ ਸਿੰਘ ਪਹਿਲੇ ਪਗੜੀਧਾਰੀ ਐਂਬੂਲੈਸ ਵਿਚ, ਪਹਿਲਾ ਸਿੱਖ ਐਲਡਰਮੈਨ ਕੌਂਸਲਰ, ਪਹਿਲਾ ਸਿੱਖ ਪਾਰਲੀਮੈਂਟ ਮੈਂਬਰ, ਆਸਟ੍ਰੇਲੀਆ ਵਿਚ ਊਠ ਅਤੇ ਭਾਰਤੀ, ਵਿਦਿਆਰਥੀ, ਆਸਟ੍ਰੇਲੀਆ ਵਿਚ ਪਹਿਲੀਆਂ ਪੰਜਾਬੀ ਔਰਤਾਂ, ਆਸਟ੍ਰੇਲੀਆ ਵਿਚ ਭਾਰਤੀ ਸੰਸਥਾਵਾਂ ਤੇ ਸਤਿਕਾਰਤ ਲੋਕ, ਆਸਟ੍ਰੇਲੀਆ ਵਿਚ ਪੰਜਾਬੀ ਅਖਬਾਰਾਂ, ਵੈਸਟਰਨ ਆਸਟ੍ਰੇਲੀਆ ਆਦਿ।
ਇਸ ਪੁਸਤਕ ਦੀ ਖਾਸੀਅਤ ਇਹ ਹੈ ਕਿ ਲੇਖਕ ਨੇ ਬੜੀ ਮਿਹਨਤ ਨਾਲ ਪੁਰਾਣੀਆਂ ਦੁਰਲੱਭ ਤਸਵੀਰਾਂ ਇੱਕਠੀਆਂ ਕੀਤੀਆਂ ਹਨ ਜਿਸ ਨਾਲ ਪੇਸ਼ ਕੀਤੀ ਜਾ ਰਹੀ ਜਾਣਕਾਰੀ ਦੀ ਭਰੋਸੇਯੋਗਤਾ ਹੋਰ ਵੀ ਵਧਦੀ ਹੈ। ਪਾਠਕ ਪੁਰਾਣੀਆਂ ਤਸਵੀਰਾਂ ਸੰਬੰਧੀ ਜਾਣਕਾਰੀ ਪੜ੍ਹਨ ਨੂੰ ਪ੍ਰੇਰਿਤ ਹੁੰਦਾ ਹੈ। ਲੇਖਕ ਨੇ ਆਮ ਪਾਠਕ ਨੂੰ ਸਮਝ ਆ ਜਾਣ ਵਾਲੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਆਰਟ ਪੇਪਰ ਅਤੇ ਚਾਰ ਰੰਗੀ ਛਪਾਈ ਨੇ ਇਸ ਪੁਸਤਕ ਨੂੰ ਅੰਤਰ-ਰਾਸ਼ਟਰੀ ਪੱਧਰ ਦੀਆਂ ਪੁਸਤਕਾਂ ਦੀ ਸ਼੍ਰੇਣੀ ਵਿਚ ਲੈ ਆਉਂਦਾ ਹੈ।
ਲੇਖਕ ਨੇ ਆਮ ਪੰਜਾਬੀਆਂ ਵੱਲੋਂ ਕੁਝ ਵਿਦੇਸ਼ੀ ਸ਼ਬਦਾਂ ਦੇ ਉਚਾਰਣ ਨੂੰ ਪੰਜਾਬੀ ਛੋਹ ਜਾਂ ਰੰਗਤ ਪ੍ਰਦਾਨ ਕਰਨ ਦੀ ਆਦਤ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਰੂਟੀ ਹਿੱਲ ਨੂੰ ਰੋਟੀ ਹਿੱਲ ਕਹਿਣਾ। ਪਹਿਲੇ ਪੂਰ ਵਿਚ ਆਸਟ੍ਰੇਲੀਆ ਪਹੁੰਚੇ ਅਣਪੜ੍ਹ ਪੰਜਾਬੀ ਆਸਟ੍ਰੇਲੀਆ ਨੂੰ ਤੇਲੀਆ ਹੀ ਕਹਿੰਦੇ ਸਨ। ਜਦੋਂ ਤੋਂ ਇਸ ਦੇਸ਼ ਦੇ ਇਕ ਇਲਾਕੇ ਨੂੰ ਨਵਾਂ ਆਸਟ੍ਰੇਲੀਆ ਕਰਕੇ ਜਾਣਿਆ ਜਾਣ ਲੱਗਿਆ ਹੈ ਤਾਂ ਪੰਜਾਬੀਆਂ ਲਈ ਨਵਾਂ ਤੇਲੀਆ ਅਤੇ ਪੁਰਾਣਾ ਤੇਲੀਆ, ਦੋ ਹਿੱਸੇ ਬਣ ਗਏ ਹਨ। ਇਸ ਤੋਂ ਇਲਾਵਾ ਕੁਝ ਇਲਾਕਿਆਂ ਦੇ ਭਾਰਤੀ ਨਾਂ, ਕੁਝ ਸ਼ਹਿਰਾਂ ਦੀਆਂ ਗਲੀਆਂ ਦੇ ਨਾਂ ਵੀ ਭਾਰਤੀ ਜਾਂ ਪੰਜਾਬੀ ਹਨ। ਆਸਟ੍ਰੇਲੀਆ ਦੇ ਇਕ ਹਿੱਸੇ ਵਿਚ ਵਗਦੇ ਪੰਜ ਦਰਿਆਵਾਂ ਕਰਕੇ ਉਸ ਇਲਾਕੇ ਜਾ ਨਾਂ ਪੰਜਾਬ ਰੱਖ ਦਿੱਤਾ ਗਿਆ। ਉਹ ਇਲਾਕੇ ਵਿਚ ਰਾਵੀ, ਚਨਾਬ ਵੀ ਹਨ,ਮਾਲਵਾ ਖੇਤਰ ਵੀ ਹੈ। ਅਜਿਹੀ ਵਧੀਆ ਅਤੇ ਨਿਵੇਕਲੀ ਪੁਸਤਕ ਦੇ ਲੇਖਕ ਦੀ ਜਾਣਕਾਰੀ ਵੀ ਪਾਠਕਾਂ ਲਈ ਲਾਹੇਵੰਦ ਹੋਵੇ ਗੀ।
ਧੰਨ ਹੈ ਪਿੰਡ ਭਾਨਾ(ਜਿਲ੍ਹਾ ਹੁਸ਼ਿਆਰਪੁਰ)ਦਾ ਜੰਮਪਲ, ਸੋਹਣਾ ਸੁੱਣਖਾ ਨੌਜਵਾਨ ਹਰਕੀਰਤ ਸਿੰਘ ਸੰਧਰ ਜੋ ਸੰਨ 2006 ਵਿਚ ਚੰਗੇ ਭਵਿੱਖ ਦੀ ਆਸ ਵਿਚ ਸਿਡਨੀ(ਆਸਟ੍ਰੇਲੀਆ) ਆਇਆ। ਅਜੇ ਉਸ ਦਾ ਨਵੇਂ ਦੇਸ਼ ਵਿਚ ਪੂਰੀ ਤਰਾਂ ਦਿਲ ਵੀ ਨਹੀਂ ਸੀ ਲੱਗਿਆ ਕਿ ਪਤਾ ਨਹੀਂ ਉਸ ਨੂੰ ਕਿਥੋਂ ਪਤਾ ਲੱਗ ਗਿਆ ਕਿ ਆਸਟ੍ਰੇਲੀਆ ਅਤੇ ਭਾਰਤ ਦੇ ਆਪਸੀ ਰਿਸ਼ਤੇ ਤਾਂ 42 ਸਦੀਆਂ ਤੋਂ ਵੀ ਵਧ ਪੁਰਾਣੇ ਹਨ। ਭਾਰਤ ਦੇ ਕਈ ਜਾਨਵਰ, ਪੰਛੀ ਆਦਿ ਵੀ ਇਸ ਧਰਤੀ ਤੇ ਮਿਲਦੇ ਹਨ। ਕਿਤਾਬਾਂ ਪੜ੍ਹਨ ਦਾ ਸ਼ੌਕ ਤਾਂ ਉਸ ਨੂੰ ਬਚਪਨ ਤੋਂ ਹੀ ਸੀ। ਮੁਢਲੀ ਪੜ੍ਹਾਈ ਅਤੇ ਕਾਲਜ ਦੀ ਪੜ੍ਹਾਈ ਉਸ ਨੇ ਗੜ੍ਹਦੀਵਾਲ ਤੋਂ ਕਰਕੇ ਫਾਰਮੇਸੀ ਦੀ ਪੜ੍ਹਾਈ ਵੀ ਕੀਤੀ। ਸਾਹਿਤਕ ਮੱਸ ਪੂਰੀ ਕਰਨ ਲਈ ਐਮ ਏ ਪੰਜਾਬੀ ਕੀਤੀ। ਦਿਲ ਵਿਚ ਤਾਂਘ ਤਾਂ ਪੀ ਐਚ ਡੀ ਕਰਨ ਦੀ ਵੀ ਸੀ ਪਰ ਕਿਸਮਤ ਆਸਟ੍ਰੇਲੀਆ ਲੈ ਆਈ। ਸਾਹਿਤਕ ਰੁਝਾਨ ਕਾਰਨ ਉਹ ਪੱਤਰਕਾਰੀ ਦੇ ਖੇਤਰ ਵਿਚ ਆ ਗਿਆ। ਚਲੰਤ ਅਤੇ ਭਖਵੇਂ ਮਸਲਿਆਂ ਤੇ ਲੇਖ ਲਿਖਣਾ ਉਸ ਦਾ ਸ਼ੌਕ ਹੈ। ਸਥਾਨਕ ਅਤੇ ਪੰਜਾਬ ਦੇ ਅਖਬਾਰ ਉਸ ਦੇ ਲੇਖ ਖੁਸ਼ੀ ਖੁਸ਼ੀ ਛਾਪਦੇ ਹਨ, ਪਾਠਕ ਉਹਨਾਂ ਨੂੰ ਨੀਝ ਨਾਲ ਪੜ੍ਹਦੇ ਹਨ।
ਉਹ ਪਿਛਲੇ ਇਕ ਦਹਾਕੇ ਤੋਂ ਆਪਣੇ ਦੇਸ਼ ਵਾਸੀਆਂ, ਖਾਸਕਰ ਪੰਜਾਬੀਆਂ ਦੀ ਦਬ ਚੁੱਕੀਆਂ ਪੈੜਾਂ ਨੂੰ ਲੱਭਣ ਦੇ ਦੁਰਗਮ ਰਾਹ ਤੇ ਤੁਰਿਆ ਹੋਇਆ ਹੈ। ਉਸ ਦਾ ਇਹ ਵਿਚਾਰ ਹੈ ਕਿ ਜੇ ਅਸੀਂ ਆਪਣੇ ਪੂਰਵਜਾਂ ਦੀਆਂ ਪੈੜਾਂ ਨੂੰ ਨਾ ਭਾਲਿਆ ਅਤੇ ਧੁੰਧਲੀਆਂ ਪੈ ਚੁੱਕੀਆਂ ਪੈੜਾਂ ਸਮੇਂ ਦੀ ਗਰਦ ਵਿਚ ਗੁਆਚ ਗਈਆਂ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਵੀ ਮੁਆਫ ਨਹੀਂ ਕਰਕ ਗੀਆਂ।
ਆਪਣੀ ਰੋਜੀ-ਰੋਟੀ ਲਈ ਕੰਮ ਧੰਦੇ ਕਰਦਾ, ਹਰਕੀਰਤ ਜਦੋਂ ਵੀ ਸਮਾਂ ਮਿਲਦਾ ਆਸਟ੍ਰੇਲੀਆ ਦੀ ਧਰਤੀ 'ਚ ਲੁਕੇ ਤੱਥਾਂ ਦੀ ਖੋਜ ਵਿਚ ਨਿਕਲ ਜਾਂਦਾ ਹੈ। ਕਈ ਉਸ ਨੂੰ ਖਬਤੀ, ਸਿਰੜੀ ਆਦਿ ਵਿਸ਼ੇਸ਼ਣਾ ਨਾਲ ਬੁਲਾਉਂਦੇ ਪਰ ਆਪਣੀ ਧੁਨ ਦਾ ਪੱਕਾ ਇਹ ਸੁਹਿਰਦ ਖੋਜਾਰਥੀ ਆਪਣੇ ਰਾਹ ਤੁਰਿਆ ਰਿਹਾ। ਸਖਤ ਘਾਲਣਾ ਘਾਲ ਕੇ ਲਿਖੀ ਕੌਫੀ ਟੇਬਲ ਬੁੱਕ 'ਜਦੋਂ ਤੁਰੇ ਸੀ', ਸਿਡਨੀ ਪਾਰਲੀਮੈਂਟ ਵਿਚ ਮੰਤਰੀ ਵੱਲੋਂ ਲੋਕ ਅਰਪਣ ਕੀਤੀ ਗਈ ਤਾਂ ਪੰਜਾਬੀਆਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਵਤਨੀ ਤਾਂ ਕੋਈ ਖਾਸ ਬੰਦਾ ਹੈ।
ਮੇਰਾ ਨਿਜੀ ਵਿਚਾਰ ਹੈ ਕਿ 'ਜਦੋਂ ਤੁਰੇ ਸੀ' ਕਾਫੀ ਟੇਬਲ ਬੁੱਕ ਆਸਟ੍ਰੇਲੀਆ ਵਿਚ ਰਹਿੰਦੇ ਹਰ ਪੰਜਾਬੀ ਦੇ ਘਰ ਦਾ ਸ਼ਿੰਗਾਰ ਹੋਣੀ ਚਾਹੀਦੀ ਹੈ।

ਹਰਕੀਰਤ ਸਿੰਘ ਸੰਧਰ ਦੀ ਮਿਹਨਤ ਦਾ ਨਤੀਜਾ
ਰਵਿੰਦਰ ਸਿੰਘ ਸੋਢੀ

Have something to say? Post your comment