ਬਿਲਾਸਪੁਰ (ਛੱਤੀਸਗੜ੍ਹ), 4 ਨਵੰਬਰ :ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਮੰਗਲਵਾਰ ਸ਼ਾਮ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇੱਕ ਯਾਤਰੀ ਰੇਲਗੱਡੀ ਅਤੇ ਇੱਕ ਮਾਲ ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਹਾਦਸਾ ਅੱਜ ਸ਼ਾਮ ਲਗਭਗ 4 ਵਜੇ ਦੇ ਕਰੀਬ ਵਾਪਰਿਆ।
ਗਵਾਹਾਂ ਦੇ ਮੁਤਾਬਕ, ਯਾਤਰੀ ਰੇਲਗੱਡੀ ਜਦੋਂ ਆਪਣੇ ਰੂਟ ‘ਤੇ ਚੱਲ ਰਹੀ ਸੀ, ਉਦੋਂ ਹੀ ਉਲਟ ਦਿਸ਼ਾ ਤੋਂ ਆ ਰਹੀ ਮਾਲ ਗੱਡੀ ਨਾਲ ਇਸ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਯਾਤਰੀ ਗੱਡੀ ਦੇ ਕਈ ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਕੁਝ ਡੱਬੇ ਮਾਲ ਗੱਡੀ ਦੇ ਉੱਪਰ ਚੜ੍ਹ ਗਏ।
ਇਸ ਹਾਦਸੇ ਨਾਲ ਮਾਲ ਗੱਡੀ ਦੇ ਵੀ ਕਈ ਡੱਬੇ ਪਟੜੀ ਤੋਂ ਉਤਰ ਗਏ ਹਨ। ਧਮਾਕੇਦਾਰ ਟੱਕਰ ਤੋਂ ਬਾਅਦ ਮੌਕੇ ‘ਤੇ ਚੀਖ ਪੁਕਾਰ ਮਚ ਗਈ।
ਰਾਹਤ ਤੇ ਬਚਾਅ ਕਾਰਜ ਜਾਰੀ
ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ, ਪੁਲਿਸ ਅਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਬਚਾਅ ਕਰਮਚਾਰੀ ਜ਼ਖਮੀਆਂ ਨੂੰ ਰੇਲ ਦੇ ਡੱਬਿਆਂ ਵਿਚੋਂ ਬਾਹਰ ਕੱਢਣ ਦਾ ਕੰਮ ਕਰ ਰਹੇ ਹਨ। ਕਈ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ।
ਅਧਿਕਾਰਕ ਤੌਰ ‘ਤੇ ਹਾਲਾਂਕਿ ਮੌਤਾਂ ਦੀ ਪੁਸ਼ਟੀ ਨਹੀਂ ਹੋਈ, ਪਰ ਸੂਤਰਾਂ ਅਨੁਸਾਰ ਕਈ ਯਾਤਰੀਆਂ ਨੂੰ ਗੰਭੀਰ ਚੋਟਾਂ ਲੱਗੀਆਂ ਹਨ। ਹਾਦਸੇ ਕਾਰਨ ਬਿਲਾਸਪੁਰ ਰੇਲਵੇ ਡਿਵੀਜ਼ਨ ਦੀਆਂ ਕਈ ਟ੍ਰੇਨਾਂ ਦੇ ਰੂਟ ਪ੍ਰਭਾਵਿਤ ਹੋਏ ਹਨ।
ਜਾਂਚ ਦੇ ਆਦੇਸ਼ ਜਾਰੀ
ਰੇਲਵੇ ਮੰਤਰਾਲੇ ਵੱਲੋਂ ਹਾਦਸੇ ਦੀ ਉੱਚ-ਸਤ੍ਹਾ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਸ਼ੁਰੂਆਤੀ ਜਾਂਚ ਵਿੱਚ ਇਹ ਅਨੁਮਾਨ ਜਤਾਇਆ ਜਾ ਰਿਹਾ ਹੈ ਕਿ ਸਿਗਨਲ ਫੇਲ ਹੋਣ ਜਾਂ ਗਲਤ ਰੂਟਿੰਗ ਕਾਰਨ ਦੋਨਾਂ ਗੱਡੀਆਂ ਇੱਕੋ ਪਟੜੀ ‘ਤੇ ਆ ਗਈਆਂ।
ਇਸ ਭਿਆਨਕ ਰੇਲ ਹਾਦਸੇ ਨੇ ਇੱਕ ਵਾਰ ਫਿਰ ਰੇਲ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।