ਰੋਹਤਕ/ਜੀਂਦ: ਹਰਿਆਣਾ ਪੁਲਿਸ ਦੇ ਏਐਸਆਈ ਸੰਦੀਪ ਲਾਠਰ, ਜਿਸਨੇ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ 'ਤੇ ਭ੍ਰਿਸ਼ਟਾਚਾਰ ਅਤੇ ਦਬਾਅ ਦੇ ਗੰਭੀਰ ਦੋਸ਼ ਲਗਾਉਣ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ, ਦਾ ਪੋਸਟਮਾਰਟਮ ਰੋਹਤਕ ਪੀਜੀਆਈ ਵਿਖੇ ਜਾਰੀ ਹੈ। ਬੁੱਧਵਾਰ ਦੇਰ ਰਾਤ ਪਰਿਵਾਰ ਪੋਸਟਮਾਰਟਮ ਲਈ ਸਹਿਮਤ ਹੋ ਗਿਆ ਸੀ, ਜਿਸ ਤੋਂ ਬਾਅਦ ਲਾਠਰ ਦੀ ਲਾਸ਼ ਉਨ੍ਹਾਂ ਦੇ ਮਾਮੇ ਦੇ ਪਿੰਡ ਲਾਠੌਤ ਤੋਂ ਪੀਜੀਆਈ ਮੁਰਦਾਘਰ ਭੇਜੀ ਗਈ। ਪੋਸਟਮਾਰਟਮ ਦੌਰਾਨ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੀ ਮੌਜੂਦ ਰਹੇ। ਖੱਟਰ ਨੇ ਪਰਿਵਾਰ ਨਾਲ ਮੁਲਾਕਾਤ ਕਰਕੇ ਐਲਾਨ ਕੀਤਾ ਕਿ — “ਸਰਕਾਰ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇਗੀ ਅਤੇ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕੇਗੀ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਇਸ ਸਬੰਧ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਗੱਲਬਾਤ ਕਰਨਗੇ ਤਾਂ ਜੋ ਸਹਾਇਤਾ ਤੁਰੰਤ ਦਿੱਤੀ ਜਾ ਸਕੇ। ਅੰਤਿਮ ਸੰਸਕਾਰ ਜੁਲਾਨਾ (ਜੀਂਦ) ਵਿੱਚ: ਸੰਦੀਪ ਲਾਠਰ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਜੁਲਾਨਾ (ਜੀਂਦ) ਵਿੱਚ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਸਹਿਯੋਗੀਆਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਦੀ ਉਮੀਦ ਹੈ। ਐਫਆਈਆਰ ਦਰਜ ਪਰ ਅਜੇ ਤੱਕ ਜਨਤਕ ਨਹੀਂ ਕੀਤੀ ਗਈ: ਲਾਠਰ ਦੀ ਖੁਦਕੁਸ਼ੀ ਮਾਮਲੇ ਵਿੱਚ ਆਈਏਐਸ ਅਮਨੀਤ ਪੀ. ਕੁਮਾਰ (ਆਈਪੀਐਸ ਪੂਰਨ ਕੁਮਾਰ ਦੀ ਪਤਨੀ) ਸਮੇਤ ਤਿੰਨ ਹੋਰਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਦੋਸ਼ੀਆਂ ਵਿੱਚ — ਅਮਨੀਤ ਪੀ. ਕੁਮਾਰ (ਆਈਏਐਸ ਅਧਿਕਾਰੀ, ਪੂਰਨ ਕੁਮਾਰ ਦੀ ਪਤਨੀ) ਅਮਿਤ ਰਤਨ (ਆਮ ਆਦਮੀ ਪਾਰਟੀ ਵਿਧਾਇਕ, ਬਠਿੰਡਾ ਦਿਹਾਤੀ) ਸੁਸ਼ੀਲ ਕੁਮਾਰ (ਗੰਨਮੈਨ) ਸੁਨੀਲ ਕੁਮਾਰ (ਏਐਸਆਈ) ਇਹ ਕੇਸ ਲਾਠਰ ਦੀ ਪਤਨੀ ਸੰਤੋਸ਼ ਦੇ ਬਿਆਨਾਂ, ਸੁਸਾਈਡ ਨੋਟ ਅਤੇ ਵੀਡੀਓ ਸੁਨੇਹੇ 'ਤੇ ਅਧਾਰਿਤ ਹੈ। ਹਾਲਾਂਕਿ, ਐਫਆਈਆਰ ਨੂੰ ਅਜੇ ਤੱਕ ਜਨਤਕ ਨਹੀਂ ਕੀਤਾ ਗਿਆ ਹੈ।