ਥਾਣਾ ਸੁਧਾਰ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਨਜਾਇਜ਼ ਹਥਿਆਰ (ਦੇਸੀ ਕੱਟੇ) ਸਮੇਤ ਕਾਬੂ ਕਰਕੇ ਗਿਰਫ਼ਤਾਰ ਕੀਤਾ ਹੈ। ਪੁਲਿਸ ਨੂੰ ਮੁਖ਼ਬਰ ਖਾਸ ਤੋਂ ਸੂਚਨਾ ਮਿਲੀ ਸੀ ਕਿ ਸੁਖਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਗੋਂਦਵਾਲ ਆਪਣੇ ਪਾਸ ਨਜਾਇਜ਼ ਅਸਲਾ ਲੈ ਕੇ ਸੁਧਾਰ ਬਜ਼ਾਰ ਦੇ ਨੇੜੇ ਘੁੰਮ ਰਿਹਾ ਹੈ। ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਉਸਨੂੰ ਅਨਾਜ ਮੰਡੀ ਸੁਧਾਰ ਬਜ਼ਾਰ ਦੇ ਨੇੜੇ ਕਾਬੂ ਕਰਕੇ ਉਸਦੇ ਕਬਜ਼ੇ ਤੋਂ 315 ਬੋਰ ਦਾ ਦੇਸੀ ਕੱਟਾ, ਇੱਕ ਕਾਰਤੂਸ ਅਤੇ ਵਰਨਾ ਕਾਰ (PB-13-AW-1571) ਬਰਾਮਦ ਕੀਤੀ। ਉਸਦੇ ਖ਼ਿਲਾਫ਼ ਮੁਕੱਦਮਾ ਨੰਬਰ 122 ਦਰਜ ਕਰ ਲਿਆ ਗਿਆ ਹੈ।
ਇਹ ਕਾਰਵਾਈ ਐਸਐਸਪੀ ਡਾ. ਅੰਕੁਰ ਗੁਪਤਾ ਅਤੇ ਐਸਪੀ (ਡੀ) ਹਰਕਮਲ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਡੀਐਸਪੀ ਵਰਿੰਦਰ ਸਿੰਘ ਖੋਸਾ ਦੀ ਸੁਪਰਵੀਜ਼ਨ ਅਤੇ ਐਸਆਈ ਗੁਰਦੀਪ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਡੀਐਸਪੀ ਖੋਸਾ ਨੇ ਦੱਸਿਆ ਕਿ ਦੋਸ਼ੀ ਪਹਿਲਾਂ ਵੀ ਤੇਲ ਭਰਵਾ ਕੇ ਬਿਨਾਂ ਪੈਸੇ ਦਿੱਤੇ ਭੱਜ ਜਾਣ ਦੇ ਮਾਮਲੇ ਵਿੱਚ ਫ਼ਸ ਚੁੱਕਾ ਹੈ।
ਉਹਨਾਂ ਕਿਹਾ ਕਿ ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਨੇ ਪੈਟਰੋਲਿੰਗ ਤੇ ਨਾਕਾਬੰਦੀ ਵਧਾ ਦਿੱਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਮਾੜੇ ਅਨਸਰ ਗੜਬੜ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ।