ਚੰਡੀਗੜ੍ਹ: ਹਰਿਆਣਾ ਕੇਡਰ ਦੇ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦਾ ਪੋਸਟਮਾਰਟਮ ਉਨ੍ਹਾਂ ਦੀ ਖੁਦਕੁਸ਼ੀ ਤੋਂ ਨੌਵੇਂ ਦਿਨ ਕੀਤਾ ਗਿਆ। ਪੋਸਟਮਾਰਟਮ ਤੋਂ ਬਾਅਦ ਚੰਡੀਗੜ੍ਹ ਵਿੱਚ ਉਨ੍ਹਾਂ ਦਾ ਬੰਦੂਕ ਸਲਾਮੀ ਨਾਲ ਅੰਤਿਮ ਸੰਸਕਾਰ ਕੀਤਾ ਗਿਆ, ਜਿੱਥੇ ਪਰਿਵਾਰਕ ਮੈਂਬਰਾਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।
ਦੂਜੇ ਪਾਸੇ, ਇਸ ਮਾਮਲੇ ਵਿੱਚ ਏਐਸਆਈ ਸੰਦੀਪ ਲਾਠਰ ਦੀ ਖੁਦਕੁਸ਼ੀ ਨੇ ਨਵਾਂ ਮੋੜ ਲੈ ਲਿਆ ਹੈ। ਲਾਠਰ ਨੇ ਆਪਣੇ ਮਾਮੇ ਦੇ ਖੇਤ ਵਿੱਚ ਸਰਵਿਸ ਰਿਵਾਲਵਰ ਨਾਲ ਜਾਨ ਦੇ ਦਿੱਤੀ ਸੀ ਅਤੇ ਇੱਕ ਵੀਡੀਓ ਸੁਨੇਹਾ ਤੇ ਚਾਰ ਪੰਨਿਆਂ ਦਾ ਸੁਸਾਈਡ ਨੋਟ ਛੱਡਿਆ ਸੀ। ਇਸ ਨੋਟ ਵਿੱਚ ਉਸਨੇ ਆਈਪੀਐਸ ਪੂਰਨ ਕੁਮਾਰ ਅਤੇ ਉਨ੍ਹਾਂ ਦੀ ਆਈਏਐਸ ਪਤਨੀ ਅਮਨੀਤ ਕੁਮਾਰ 'ਤੇ ਭ੍ਰਿਸ਼ਟਾਚਾਰ ਅਤੇ ਦਬਾਅ ਦੇ ਗੰਭੀਰ ਦੋਸ਼ ਲਗਾਏ ਸਨ।
ਲਾਠਰ ਦੀ ਮੌਤ ਤੋਂ ਬਾਅਦ, ਹਰਿਆਣਾ ਪੁਲਿਸ ਨੇ ਅਮਨੀਤ ਕੁਮਾਰ ਸਮੇਤ ਤਿੰਨ ਹੋਰਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ।
ਪੂਰਨ ਕੁਮਾਰ ਨੇ ਆਪਣੇ ਆਖ਼ਰੀ ਪੱਤਰ ਵਿੱਚ ਜਾਤੀ ਭੇਦਭਾਵ ਅਤੇ ਪ੍ਰਸ਼ਾਸ਼ਨੀ ਦਬਾਅ ਤੋਂ ਤੰਗ ਆ ਕੇ ਜਾਨ ਦੇਣ ਦੀ ਗੱਲ ਕਹੀ ਸੀ। ਉਨ੍ਹਾਂ ਦੀ ਪਤਨੀ, ਅਮਨੀਤ, ਲਗਾਤਾਰ ਡੀਜੀਪੀ ਸ਼ਤਰੂਘਨ ਕਪੂਰ ਨੂੰ ਹਟਾਉਣ ਦੀ ਮੰਗ ਕਰ ਰਹੀ ਹੈ ਅਤੇ ਕਹਿੰਦੀ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਵੇਗੀ।
ਕਪੂਰ ਦੇ ਛੁੱਟੀ 'ਤੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਪੂਰਨ ਕੁਮਾਰ ਦਾ ਪੋਸਟਮਾਰਟਮ ਪੀਜੀਆਈ (ਚੰਡੀਗੜ੍ਹ) ਵਿਖੇ ਕੀਤਾ ਗਿਆ। ਪੂਰਨ ਕੁਮਾਰ ਦੀਆਂ ਧੀਆਂ ਨੇ ਆਪਣੇ ਪਿਤਾ ਦੀ ਚਿਤਾ ਨੂੰ ਅਗਨੀ ਦਿੱਤੀ, ਜਿਸ ਸਮੇਂ ਮਾਹੌਲ ਗ਼ਮਗੀਨ ਹੋ ਗਿਆ।