ਧਨੌਲਾ, 24 ਅਪ੍ਰੈਲ (ਚਮਕੌਰ ਸਿੰਘ ਗੱਗੀ)-ਪਿਛਲੇ ਦਿਨੀ ਬਠਿੰਡਾ ਚੰਡੀਗੜ੍ਹ ਮਾਰਗ ਤੇ ਸਥਿਤ ਧਨੌਲਾ ਵਿਖ਼ੇ ਹੋਏ ਸਕੂਲ ਬੱਸ ਅਤੇ ਟਰੱਕ ਦੀ ਟੱਕਰ ਨਾਲ ਗੰਭੀਰ ਜਖਮੀ ਹੋਏ ਬੱਚਿਆਂ ਦੇ ਮਾਮਲੇ ਵਿੱਚ ਚਾਈਲਡ ਕਮਿਸ਼ਨ ਪੰਜਾਬ ਨੇ ਸਖ਼ਤ ਨੋਟਿਸ ਲੈਂਦਿਆਂ ਬਰਨਾਲਾ ਪੁਲਿਸ ਤੋਂ ਹਾਦਸੇ ਦੀ ਪੂਰੀ ਰਿਪੋਰਟ ਮੰਗ ਲਈ ਹੈ ਅਤੇ ਹਾਦਸੇ ਲਈ ਜਿੰਮੇਵਾਰ ਗ੍ਰੀਨ ਫੀਲਡ ਕਾਨਵੈਂਟ ਸਕੂਲ ਖਿਲਾਫ ਸਖ਼ਤ ਐਕਸਨ ਲੈਣ ਲਈ ਸਕੂਲ ਦੀ ਤੜਾਮ ਕਸ ਦਿੱਤੀ ਹੈ ਅਤੇ ਜਖਮੀ ਹੋਏ ਬੱਚਿਆਂ ਦਾ ਇਲਾਜ ਸਕੂਲ ਵੱਲੋਂ ਕਰਵਾਏ ਜਾਣ ਦੇ ਸਖ਼ਤ ਹੁਕਮ ਦੇ ਦਿੱਤੇ ਹਨ | ਚਾਈਲਡ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਅਤੇ ਡਿਪਟੀ ਡਾਇਰੈਕਟਰ ਰਾਜਵਿੰਦਰ ਸਿੰਘ ਗਿੱਲ ਨੇ ਚੜ੍ਹਦੀਕਲਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਹਰਿਆਣਾ ਵਿੱਚ ਹੋਏ ਹਾਦਸੇ ਤੋਂ ਬਾਅਦ ਪੰਜਾਬ ਦੇ ਸਾਰੇ ਸਕੂਲਾਂ ਦੀਆਂ ਬੱਸਾਂ ਦੇ ਕਾਗਜਾਤ ਫਿੱਟਨੈੱਸ ਸਰਟੀਫਿਕੇਟ, ਬੀਮਾ ਪਾਲਿਸੀ, ਡਰਾਈਵਰਾਂ ਦੇ ਲਾਇਸੰਸ, ਡਰਾਈਵਰ ਦੀ ਵਰਦੀ ਸਮੇਤ ਬੱਸ ਅੰਦਰ ਮੁੱਢਲੀ ਸਹਾਇਤਾ ਦੀ ਕਿੱਟ ਆਦਿ ਦੀ ਚੈਕਿੰਗ ਸਬੰਧੀ ਹੁਕਮ ਦੇ ਦਿੱਤੇ ਸਨ ਅਤੇ ਸਕੂਲਾਂ ਵਿੱਚ ਚੈਕਿੰਗ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਗਰੀਨ ਫੀਲਡ ਕਾਨਵੈਂਟ ਸਕੂਲ ਦੀ ਬੱਸ ਦੇ ਹੋਏ ਹਾਦਸੇ ਵਿੱਚ 14 ਦੇ ਕਰੀਬ ਬੱਚੇ ਜਖਮੀ ਹੋਏ ਸਨ, ਜਿੰਨਾਂ ਵਿੱਚੋਂ ਚਾਰ ਬੱਚੇ ਗੰਭੀਰ ਜਖਮੀ ਹੋਏ ਸਨ, ਜਿਨ੍ਹਾਂ ਦਾ ਵੱਖ ਵੱਖ ਹਸਪਤਾਲਾਂ ਵਿਚ ਇਲਾਜ ਹੋ ਰਿਹਾ | ਇਸ ਸਬੰਧੀ ਉਸ ਦਿਨ ਹੀ ਪੂਰੀ ਜਾਣਕਾਰੀ ਫੋਨ ਕਾਲ ਤੇ ਲਈ ਗਈ ਸੀ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪੜਤਾਲ ਕਰਕੇ ਬਣਦੀ ਕਾਰਵਾਈ ਦੇ ਹੁਕਮ ਦੇ ਦਿਤੇ ਸਨ, ਪੜਤਾਲ ਦੌਰਾਨ ਹਾਦਸੇ ਵਿਚ ਸਕੂਲ ਦੇ ਡਰਾਈਵਰ ਦੀ ਅਣਗਹਿਲੀ ਸਾਹਮਣੇ ਆਈ ਸੀ, ਜਿਸ ਖਿਲਾਫ ਪੁਲਿਸ ਵੱਲੋਂ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਅਤੇ ਸਕੂਲ ਮੈਨੇਜਮੈਂਟ ਨੂੰ ਬੱਚਿਆਂ ਦਾ ਇਲਾਜ ਕਰਵਾਉਣ ਦਾ ਸਖ਼ਤ ਹੁਕਮ ਦਿੱਤਾ ਗਿਆ ਹੈ | ਪ੍ਰਾਈਵੇਟ ਸਕੂਲਾਂ ਦੁਆਰਾ ਅਪਣਾ ਬਚਾਅ ਪੱਖ ਰੱਖਦੇ ਹੋਏ ਟਰਾਂਸਪੋਰਟ ਨੂੰ ਵੱਖ ਕੀਤਾ ਜਾਂਦਾ ਜਾਂ ਠੇਕੇ ਤੇ ਦਿੱਤਾ ਜਾਂਦਾ, ਤਾਂ ਇਸ ਸਵਾਲ ਬਾਰੇ ਕਮਿਸ਼ਨ ਵੱਲੋਂ ਇਹ ਗੱਲ ਨੂੰ ਅਦਾਲਤੀ ਹੁਕਮ 506/22 ਦਾ ਹਵਾਲਾ ਦਿੰਦੇ ਹੋਏ ਸਾਫ ਕੀਤਾ ਗਿਆ ਕਿ ਕਬੂਤਰ ਦੇ ਅੱਖਾਂ ਬੰਦ ਕਰਨ ਨਾਲ ਬਿੱਲੀ ਨਹੀਂ ਜਾਂਦੀ, ਉਨ੍ਹਾਂ ਕਿਹਾ ਕਿ ਜੇਕਰ ਮਾਪਿਆਂ ਵੱਲੋਂ ਆਪਣੇ ਤੌਰ ਤੇ ਬੱਸ ਦਾ ਪ੍ਰਬੰਧ ਕੀਤਾ ਜਾਵੇ ਤਾਂ ਵੀ ਸਬੰਧਤ ਸਕੂਲ ਦੀ ਜੁੰਮੇਵਾਰੀ ਬਣਦੀ ਹੈ |