Tuesday, May 07, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਸ. ਤੀਰਥ ਸਿੰਘ ਅਟਵਾਲ ‘ਨਿਊਜ਼ੀਲੈਂਡ ਐਮਚੁਰ ਸਪੋਰਟਸ ਐਸੋਸੀਏਸ਼ਨ’ ਦੇ ਬੋਰਡ ਮੈਂਬਰ ਬਣੇ

May 19, 2023 11:48 PM

ਐਮਚੁਰ: ਖੇਡਾਂ ਲਈ ਸਟੈਂਡ-ਚਾਹੇ ਪੰਜਾਬ ਚਾਹੇ ਨਿਊਜ਼ੀਲੈਂਡ
ਸ. ਤੀਰਥ ਸਿੰਘ ਅਟਵਾਲ ‘ਨਿਊਜ਼ੀਲੈਂਡ ਐਮਚੁਰ ਸਪੋਰਟਸ ਐਸੋਸੀਏਸ਼ਨ’ ਦੇ ਬੋਰਡ ਮੈਂਬਰ ਬਣੇ
-ਸ਼ਾਇਦ ਪਹਿਲੀ ਵਾਰ ਕਿਸੇ ਭਾਰਤੀ ਨੂੰ ਬਣਾਇਆ ਗਿਆ ਬੋਰਡ ਮੈਂਬਰ
-ਹਰਜਿੰਦਰ ਸਿੰਘ ਬਸਿਆਲਾ-
ਆਕਲੈਂਡ, 19 ਮਈ, 2023:-ਖੇਡ ਦੇ ਮੈਦਾਨ ਦੇ ਵਿਚ ਜਿੱਥੇ ਦੋ ਤਰ੍ਹਾਂ ਦੇ ਖਿਡਾਰੀ ਜਿਵੇਂ ਸ਼ੌਂਕੀਆਂ ਅਤੇ ਪ੍ਰੋਫੈਸ਼ਨਲ (ਪੈਸੇ ਲਈ) ਖੇਡਦੇ ਹਨ, ਉਸੇ ਤਰ੍ਹਾਂ ਉਥੇ ਖੇਡ ਦੇ ਮੈਦਾਨ ਦੇ ਬਾਹਰ ਵੀ ਦਰਸ਼ਕਾਂ ਤੋਂ ਇਲਾਵਾ ਦੋ ਤਰ੍ਹਾਂ ਦੇ ਹੋਰ ਲੋਕ ਹੁੰਦੇ ਹਨ ਜੋ ਖੇਡ ਮੈਦਾਨ ਦੇ ਕੰਮਾਂ, ਸਾਂਭ-ਸੰਭਾਲ, ਖਿਡਾਰੀਆਂ ਅਤੇ ਖੇਡ ਕਲੱਬਾਂ ਦੀ ਦੇਖ-ਭਾਲ ਕਰਦੇ ਹਨ। ਬਿਨਾਂ ਪੈਸਾ ਲਏ ਖੇਡਾਂ ਅਤੇ ਖਿਡਾਰੀਆਂ ਦੀ ਸੰਭਾਲ ਏਥੋਂ ਤੱਕ ਆਪਣੇ ਕੋਲੋਂ ਪੈਸਾ ਖਰਚ ਕੇ ਇਨ੍ਹਾਂ ਖਿਡਾਰੀਆਂ ਦੀ ਪਿੱਠ ਥਪਾਉਣ ਵਾਲਿਆਂ ਦੀ ਨਿਊਜ਼ੀਲੈਂਡ ਦੇ ਵਿਚ ਗੋਰਿਆਂ ਦੀ ਇਕ ਸੰਸਥ ਹੈ ‘ਨਿਊਜ਼ੀਲੈਂਡ ਐਮਚੁਰ ਸਪੋਰਟਸ ਐਸੋਸੀਏਸ਼ਨ’। ‘ਐਮਚੁਰ’ ਅੰਗਰੇਜ਼ੀ ਦਾ ਸ਼ਬਦ ਹੈ ਅਤੇ ਇਸਦੇ ਅੱਖਰੀ ਅਰਥ ਹਨ ‘ਸ਼ੌਕੀਨ ਜਾਂ ਉਹ ਲੋਕ ਜੋ ਖੇਡਾਂ ਦੀ ਪ੍ਰਫੁਲਤਾ ਲਈ ਨਿਰਸਵਾਰਥ ਆਪਣਾ ਯੋਗਦਾਨ ਪਾਉਂਦੇ ਹਨ ਜਾਂ ਉਹ ਅਥਲੀਟ ਜੋ ਪੈਸੇ ਲਈ ਨਹੀਂ ਖੇਡਦਾ ਜਾਂ ਫਿਰ ਪੰਜਾਬੀ ਵਿਚ ਸਪਸ਼ਟ ਕਰਨਾ ਹੋਵੇ ਤਾਂ ਕਿਹਾ ਜਾਂ ਸਕਦਾ ਹੈ ਕਿ ਖੇਡ ਦੇ ਮੈਦਾਨ ਦੇ ਬਾਹਰ ਜੋ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਦੀ ਸੰਭਾਲ ਕਰਦਾ ਹੈ।
ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ਸ. ਤੀਰਥ ਸਿੰਘ ਅਟਵਾਲ ਨੂੰ ‘ਨਿਊਜ਼ੀਲੈਂਡ ਐਮਚੁਰ ਸਪੋਰਟਸ ਐਸੋਸੀਏਸ਼ਨ’ ਵੱਲੋਂ ਬੋਰਡ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ‘ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਦੀ ਐਸੋਸੀਏਸ਼ਨ ਦੀ ਨੈਸ਼ਨਲ ਬਾਡੀ ਦੀ ਮਾਨਤਾ ਪ੍ਰਾਪਤੀ ਵਜੋਂ ਦਿੱਤੀ ਗਈ ਹੈ, ਜਿਸ ਦੇ ਨਾਲ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦਾ ਕੱਦ ਹੋਰ ਉਚਾ ਹੋ ਜਾਂਦਾ ਹੈ। ਬੀਤੇ ਦਿਨੀਂ ਵਲਿੰਗਟਨ ਵਿਖੇ ਇਹ ਨਿਯੁਕਤੀ ਕੀਤੀ ਗਈ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਨੂੰ ਬੋਰਡ ਮੈਂਬਰ ਬਣਾਇਆ ਗਿਆ ਹੋਵੇ। ਪਿੰਡ ਕੰਗਾਂ (ਸ਼ਹੀਦ ਭਗਤ ਸਿੰਘ ਨਗਰ) ਵਾਲੇ ਅਟਵਾਲ ਭਰਾਵਾਂ ਦੀ ਕੋਈ ਰਸਮੀ ਪਹਿਚਾਣ ਕਰਾਉਣ ਦੀ ਭਾਈਚਾਰੇ ਵਿਚ ਲੋੜ ਨਹੀਂ ਹੈ ਪਰ ਫਿਰ ਵੀ ਥੋੜ੍ਹੀ ਪੰਛੀ ਝਾਤ ਮੁਤਾਬਿਕ ਸ. ਤੀਰਥ ਸਿੰਘ ਅਟਵਾਲ ਇਸ ਵੇਲੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸਕੱਤਰ ਹਨ। ਬਹੁਕ ਸਾਰੇ ਖੇਡ ਕਲੱਬ ਅਤੇ ਖੇਡ ਮੇਲੇ ਇਸੇ ਫੈਡਰੇਸ਼ਨ ਦੀ ਨਿਯਮਾਂਵਾਲੀ ਅਨੁਸਾਰ ਹੁੰਦੇ ਹਨ। ਪੰਜਾਬ ਹੋਵੇ ਚਾਹੇ ਨਿਊਜ਼ੀਲੈਂਡ ਹੋਵੇ, ਮਾਂ ਖੇਡ ਕਬੱਡੀ ਹੋਵੇ, ਕਿਤੇ ਵੀ ਦੇਸੀ ਖੇਡਾਂ ਹੋਣ, ਨਿਊਜ਼ੀਲੈਂਡ ਸਿੱਖ ਖੇਡਾਂ ਹੋਣ, ਸਭਿਆਚਾਰਕ ਮੇਲੇ ਹੋਣ, ਅਟਵਾਲ ਭਰਾਵਾਂ ਦੀ ਸੁਪਰੋਟ ਅਤੇ ਸਹਿਯੋਗ ਕਦੇ ਵੀ ਆਪਣੇ ਬੂਹੇ ਬੰਦ ਨਹੀਂ ਕਰਦੀ। ਪੰਜਾਬ ਦੇ ਖੇਡ ਮੇਲਿਆਂ ਦੇ ਵਿਚ ਜਿੱਥੇ ਖੇਡ ਸਿਤਾਰਿਆਂ ਦੀਆਂ ਤਸਵੀਰਾਂ, ਪੁਲਿਸ ਅਫਸਰਾਂ ਦੀਆਂ ਤਸਵੀਰਾਂ ਛਪੀਆਂ ਹੁੰਦੀਆਂ, ਉਥੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਸ਼ਹਿਰਾਂ ਦੇ ਦਰਸ਼ਨੀ ਗੇਟਾਂ ਉਤੇ ਲੱਗੇ ਪੋਸਟਰਾਂ ਵਿਚ ਅਟਵਾਲ ਭਰਾਵਾਂ ਦੀ ਤਸਵੀਰ ਵੀ ਤੁਹਾਨੂੰ ਨਜ਼ਰ ਆਉਂਦੀ ਹੈ। ਸੌਦੇ-ਪੱਤਿਆਂ ਮਤਲਬ ਕਿ ਗਰੋਸਰੀ ਦੇ ਲੈਣ-ਦੇਣ ਦੇ ਵਿਚ ਇਨ੍ਹਾਂ ਨੇ ਭਾਰਤੀ ਭਾਈਚਾਰੇ ਦੀ ਬਹੁਤਾਤ ਜਨਸੰਖਿਆ ਵਾਲੇ ਇਲਾਕਿਆਂ ਵਿਚ ਜਿੱਥੇ ਵਧੀਆ ਹੱਟੀਆਂ ਖੋਲ੍ਹੀਆਂ ਹੋਈਆਂ ਹਨ ਉਥੇ ਮਨੀਗ੍ਰਾਮ ਰਾਹੀਂ ਮਾਇਆ ਵੀ ਕਿਤੇ ਦੀ ਕਿਤੇ ਪਹੁੰਚਾ ਦਿੰਦੇ ਹਨ।
ਇਕ ਵਕਾਰੀ ਸੰਸਥਾ ‘ਨਿਊਜ਼ੀਲੈਂਡ ਐਮਚੁਰ ਸਪੋਰਟਸ ਐਸੋਸੀਏਸ਼ਨ’ ਦੇ ਬੋਰਡ ਮੈਂਬਰ ਨਿਯੁਕਤ ਹੋਣ ’ਤੇ ਸ. ਤੀਰਥ ਸਿੰਘ ਅਟਵਾਲ ਨੂੰ ਪੰਜਾਬੀ ਮੀਡੀਆ ਕਰਮੀਆਂ ਅਤੇ ਭਾਰਤੀਆਂ ਵੱਲੋਂ ਵਧਾਈ ਹੋਵੇ! ਅਖੀਰ ਵਿਚ ਇਹ ਕਹਿ ਸਕਦੇ ‘‘ਸ. ਤੀਰਥ ਸਿੰਘ ਅਟਵਾਲ ਦਾ ਪੱਕਾ ਹੈ ਸਟੈਂਡ ਚਾਹੇ ਹੋਵੇ ਪੰਜਾਬ ਚਾਹੇ ਨਿਊਜ਼ੀਲੈਂਡ।’’

Have something to say? Post your comment