Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਇੱਕ ਮਈ - ਮਜ਼ਦੂਰ ਦਿਵਸ - ਬਲਵਿੰਦਰ 'ਬਾਲਮ'

April 16, 2022 12:31 PM

ਇੱਕ ਮਈ  - ਮਜ਼ਦੂਰ ਦਿਵਸ


ਉਦੱਮੀ ਮਜ਼ਦੂਰਾ ਸਿਰਜਕ ਕਿਰਸਾਨਾਂ ਸੁਣ
ਉੱਦਮੀ ਮਜ਼ਦੂਰਾ ਸਿਰਜਕ ਕਿਰਸਾਨਾ ਸੁਣ |
ਹਾਸੇ ਖੁਸ਼ੀਆਂ ਤੇਰੇ ਨਾਲ ਜਵਾਨਾਂ ਸੁਣ |
ਤੇਰੇ ਖ਼ੂਨ ਪਸੀਨੇ ਦੇ ਵਿੱਚ ਸੂਰਜ ਹੈ |
ਸੁੰਦਰ ਕਾਏਨਾਤ ਤਿਰੀ ਹੀ ਮੂਰਤ ਹੈ |
ਰੀਸ ਤੇਰੀ ਕਰ ਸਕਦਾ ਵੀ ਭਗਵਾਨ ਨਹੀਂ |
ਤੇਰੇ ਵਰਗਾ ਦੁਨੀਆਂ 'ਤੇ ਇਨਸਾਨ ਨਹੀਂ |
ਦੇਸ਼ ਦੀਆਂ ਨੀਹਾਂ ਵਿਚ ਮੁੜਕਾ ਤੇਰਾ ਹੈ |
ਅੰਬਰ ਤੀਕਰ ਤੇਰੇ ਨਾਲ ਸਵੇਰਾ ਹੈ |
ਤੇਰੇ ਨੈਣਾਂ ਕਰਕੇ ਚੰਨ ਸਿਤਾਰੇ ਨੇ |
ਤੇਰੇ ਕਰਕੇ ਧਰਤੀ ਕੋਲ ਨਜ਼ਾਰੇ ਨੇ |
ਤੈਥੋਂ ਉਚੀ ਸੁੱਚੀ ਕੋਈ ਸ਼ਾਨ ਨਹੀਂ |
ਤੇਰੇ ਵਰਗਾ ਦੁਨੀਆਂ 'ਤੇ ਇਨਸਾਨ ਨਹੀਂ |
ਧਰਮ ਤਿਰਾ ਹੈ ਧਰਤੀ, ਧਰਤੀ ਜਾਤ ਤਿਰੀ |
ਸਭਨਾਂ ਦੇ ਲਈ ਚੜ੍ਹਦੀ ਹੈ ਪ੍ਰਭਾਤ ਤਿਰੀ |
ਕਣ-ਕਣ ਤੇਰਾ ਅਪਣਾ ਕੋਈ ਨਾ ਦੂਜਾ ਹੈ |
ਕਿਰਤ ਤਿਰੀ ਵਿਚ ਮੰਦਿਰ ਵਰਗੀ ਪੂਜਾ ਹੈ |
ਕਿਹੜਾ ਤੇਰੀ ਹਿੰਮਤ ਤੋਂ ਕੁਰਬਾਨ ਨਹੀਂ |
ਤੇਰੇ ਵਰਗਾ ਦੁਨੀਆਂ 'ਤੇ ਇਨਸਾਨ ਨਹੀਂ |
ਤੇਰੇ ਕਰਕੇ ਔੜਾਂ ਵਿਚ ਖੁਸ਼ਹਾਲੀ ਹੈ |
ਮਹਿਕ ਰਹੀ ਗੁਲਸ਼ਨ ਦੀ ਡਾਲੀ ਡਾਲੀ ਹੈ |
ਪਰਬਤ ਚੀਰ ਵਿਖਾਵੇਂ ਨਹਿਰਾਂ ਕੱਢ ਦੇਵੇ |
ਧਰਤੀ ਦੀ ਹਿੱਕ ਚੀਰ ਸੁਨਹਿਰਾ ਕੱਢ ਦੇਵੇ |
ਹੋਰ ਕਿਸੇ ਦਾ ਏਦਾਂ ਦਾ ਈਮਾਨ ਨਹੀਂ |
ਤੇਰੇ ਵਰਗਾ ਦੁਨੀਆਂ 'ਤੇ ਇਨਸਾਨ ਨਹੀਂ |
ਖੋਜਾਂ ਦੇ ਸਿਰ ਉਤੇ ਤਾਜ ਰਖਾਏ ਤੂੰ |
ਚੰਨ ਦੇ ਉਤੇ ਚੜ੍ਹਕੇ ਚੰਨ ਸਜਾਏ ਤੂੰ |
ਯਾਰ ਤਰੱਕੀ ਦਾ ਤੂੰ ਸੂਤਰਧਾਰ ਰਿਹਾ|
ਤੇਰੇ ਵਿਚ ਅਲੌਕਿਕ ਇੱਕ ਭੰਡਾਰ ਰਿਹਾ|
ਤੂੰ ਅੰਨਦਾਤਾ ਏਾ ਤੇਰੀ ਪਹਿਚਾਣ ਨਹੀਂ |
ਤੇਰੇ ਵਰਗਾ ਦੁਨੀਆ 'ਤੇ ਇਨਸਾਨ ਨਹੀਂ |
ਕਦਰ ਤਿਰੀ ਨਾ ਜਾਣਨ ਨੇਤਾ ਰਿਸ਼ਵਤ ਖੋਰ |
ਕਦਰ ਤੇਰੀ ਪੈਣੀਂ ਸੀ ਜੇਕਰ ਹੁੰਦੇ ਹੋਰ |
ਤੇਰਾ ਖ਼ੂਨ ਪਸੀਨਾ ਲੁੱਟ ਲਿਆ ਚੋਰਾਂ ਨੇ |
ਬਾਗ਼ 'ਚ ਸੁੰਦਰ ਪੈਲਾ ਪਾਂਦੇ ਮੋਰਾਂ ਨੇ |
ਤੂੰ ਨਈ ਕੋਈ ਭੋਲਾ ਤੂੰ ਨਾਦਾਨ ਨਹੀਂ |
ਤੇਰੇ ਵਰਗਾ ਦੁਨੀਆਂ 'ਤੇ ਇਨਸਾਨ ਨਹੀਂ |
ਵੇਖ ਕਰਾਂਤੀ ਆਉਣੀ ਹਿੰਮਤ ਰੱਖ ਜਰਾ |
ਜ਼ਹਿਰ ਖੜੱਪੇ, ਬੀਸੀਅਰ ਦਾ ਵੀ ਚੱਖ ਜਰਾ |
ਸੱਪਾਂ ਦਾ ਕਬਜ਼ਾ ਹੈ ਵਰਮੀ ਉਤੇ ਅੱਜ |
ਕੱਢ ਕੱਢ ਮਾਰ ਮੁਕਾਣੇਂ, ਕਰ ਕਰ ਪੁੱਠੇ ਅੱਜ |
ਹੁਣ ਸੱਪਾਂ ਦਾ ਵਰਮੀ ਵਿੱਚ ਸਥਾਨ ਨਹੀਂ |
ਤੇਰੇ ਵਰਗਾ ਦੁਨੀਆਂ 'ਤੇ ਇਨਸਾਨ ਨਹੀਂ |
'ਲਾਲੋ' ਬਣਕੇ ਹੱਕ ਹਲਾਲ ਕਮਾਵੇਂ ਤੂੰ |
'ਬਾਲਮ' ਨਾਨਕ ਦਾ ਸੇਵਕ ਕਹਿਲਾਵੇ ਤੂੰ |
ਮਿੱਟੀ ਤੇਰੀ ਪੂਜਾ ਮਿੱਟੀ ਭਗਤੀ ਹੈ |
ਤੇਰੇ ਸਿਰ 'ਤੇ ਮਾਨਵਤਾ ਦੀ ਸ਼ਕਤੀ ਹੈ |
'ਸੱਜਣ' ਠੱਗਾਂ ਵਰਗਾ ਤੂੰ ਧਨਵਾਨ ਨਹੀਂ |
ਤੇਰੇ ਵਰਗਾ ਦੁਨੀਆਂ 'ਤੇ ਇਨਸਾਨ ਨਹੀਂ |

ਬਲਵਿੰਦਰ 'ਬਾਲਮ' ਗੁਰਦਾਸਪੁਰ

Have something to say? Post your comment