Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਖੈ਼ਰਾਂ.. - ਬਲਬੀਰ ਕੌਰ ਬੱਬੂ

July 22, 2021 12:34 AM
ਖੈ਼ਰਾਂ..
 
ਸਭ ਦੀ ਖ਼ੈਰ ਸਦਾ ਹੀ ਮੰਗਾਂ ਰੱਬ ਤੋਂ ਮੰਗੀਆਂ ਖੈਰਾਂ ਵਿੱਚ ,
ਕੋਈ  ਫਰਕ ਨਾ ਜਾਪੇ  ਮੈਨੂੰ ਆਪਣਿਆਂ  ਤੇ ਗੈਰਾਂ ਵਿੱਚ ।
 
ਕੀ ਹਸਤੀ  ਹੈ  ਮੇਰੀ ਮੌਲਾ  ਤੇਰੀ ਵਸਦੀ ਖ਼ਲਕਤ ਅੰਦਰ ,
ਸੋਚੀਂ ਪੈ ਗਈ ਜਦ ਮੈਂ ਵੇਖੀ ਇੱਕ ਬੂੰਦ ਗਵਾਚੀ ਲਹਿਰਾਂ ਵਿੱਚ। 
 
ਕਿਉਂ ਨਾ ਸਮਝੇ ਬੰਦਾ ਖੁਦ ਨੂੰ ਉਸ ਅੱਲਾ ਦਾ ਬੇਲੀ ਫਿਰ ,
ਲੱਖਾਂ ਅੰਬਰ ਸਿਰ ਤੇ ਜਿਸਦੇ ਤੇ ਸੱਤ ਸਮੁੰਦਰ ਪੈਰਾਂ ਵਿੱਚ ।
ਕੇਹੀ ਭੁੱਖ ਹੈ ਪੇਟ ਦੀ ਸਾਈਂ ਜੋ ਜੀਵਨ ਭਰ ਮਿਟਦੀ ਨਾ ,
ਕੋਈ ਮਿਟਾਵੇ ਰੋਟੀ ਦੇ ਨਾਲ , ਕੋਈ ਭਾਲੇ ਇਹਨੂੰ ਜ਼ਹਿਰਾਂ ਵਿੱਚ  ।
 
ਨਸਲਾਂ ਕਦੇ ਮਿਟਾ ਨਹੀਂ ਸਕਿਆ ਜ਼ਬਰ ਤੇ ਅੱਤਿਆਚਾਰ ਕੋਈ ,
ਐਪਰ ਕੁਝ ਨਾ ਬਚਦਾ ਪਿੱਛੇ ਕਾਦਰ ਦੇ ਵਰਤਾਏ ਕਹਿਰਾਂ ਵਿੱਚ ।
 
ਇੰਨਾ ਸੌਖਾ ਨਹੀਂ ਏ ਕਿੱਤਾ ਇਹ ਕਿਰਸਾਨੀ ਵਾਲਾ ਲੋਕੋ ,
ਪਾਲੇ ਦੇ ਵਿੱਚ ਠਰਨਾ ਪੈਂਦਾ,ਤਪਣਾ ਸਿਖਰ ਦੁਪਹਿਰਾਂ ਵਿੱਚ ।
 
ਚਾਹੇ ਛਾਣ ਲੈ ਖ਼ਾਕ ਜਗਤ ਦੀ ਚਾਹੇ ਘੁੰਮ ਤੂੰ ਜੰਗਲ ਬੇਲੇ ,
ਲੱਭੇ ਨਾ ਸੁਕੂਨ ਉਹ ਕਿਧਰੇ ਜੋ ਹੈ ਮਨ ਦੀਆਂ ਠਹਿਰਾਂ ਵਿੱਚ ।
 
ਜੇ ਹੱਥ ਕਲਮ ਫੜੀ ਏ ਬੱਬੂ ਲਿਖ ਦੇ ਸੁਹਜ ਵਿਚਾਰ ਕੋਈ ,
ਜਾਂ ਲਿਖ ਦੇ ਕੋਈ ਸੁੰਦਰ ਨਗਮਾਂ ਜਾਂ ਲਿਖ ਦੇ ਗ਼ਜ਼ਲ ਤੂੰ ਬਹਿਰਾਂ ਵਿੱਚ ।
 
                 ਬਲਬੀਰ ਕੌਰ ਬੱਬੂ ਸੈਣੀ 
 
 
 

Have something to say? Post your comment